ਛੱਤੀਸਗੜ੍ਹ ''ਚ 19 ਨਕਸਲੀ ਗ੍ਰਿਫਤਾਰ
Thursday, Jun 14, 2018 - 02:38 AM (IST)

ਰਾਏਪੁਰ— ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬਸਤਰ ਇਲਾਕੇ 'ਚ ਪੁਲਸ ਦਲ ਨੇ ਦੋ ਇਨਾਮੀ ਨਕਸਲੀਆਂ ਸਣੇ 19 ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਹੈ। ਬਸਤਰ ਇਲਾਕੇ ਦੇ ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਫੋਨ 'ਤੇ ਦੱਸਿਆ ਕਿ ਪੁਲਸ ਪਾਰਟੀ ਨੇ ਨਾਰਾਇਣਪੁਰ ਜ਼ਿਲੇ 'ਚ ਇਕ ਔਰਤ ਸਣੇ 16 ਨਕਸਲੀਆਂ ਨੂੰ ਤੇ ਬੀਜਾਪੁਰ ਜ਼ਿਲੇ 'ਚ ਤਿੰਨ ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਨਾਰਾਇਣਪੁਰ ਜ਼ਿਲੇ ਦੇ ਛੋਟੇਡੋਂਗਰ ਥਾਣਾ ਇਲਾਕੇ 'ਚ ਛੱਤੀਸਗੜ੍ਹ ਹਥਿਆਰਬੰਦ ਬਲ ਤੇ ਜ਼ਿਲਾ ਬਲ ਦੇ ਸੰਯੁਕਤ ਦਲ ਨੂੰ ਗਸ਼ਤ 'ਤੇ ਰਵਾਨਾ ਕੀਤਾ ਗਿਆ ਸੀ। ਦਲ ਜਦੋਂ ਮੁਸਨਾਰ, ਤੋਆਮੇਟਾ, ਪੁਗਾਰਪਾਲ ਤੇ ਇਰਪਾਨਾਰ ਪਿੰਡ ਦੇ ਜੰਗਲ 'ਚ ਸੀ ਤਾਂ ਪੁਲਸ ਨੇ ਘੇਰਾਬੰਦੀ ਕਰਕੇ 16 ਨਕਸਲੀਆਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਨਕਸਲੀਆਂ 'ਚ ਸੁਖਰਾਮ ਉਸੇਂਡੀ ਆਮਾਬੇੜਾ ਜਨਤਾਨਾ ਸਰਕਾਰ ਦਾ ਪ੍ਰਧਾਨ ਹੈ। ਸੁਖਰਾਮ 'ਤੇ ਇਕ ਲੱਖ ਰੁਪਏ ਦਾ ਇਨਾਮ ਹੈ। ਉਥੇ ਹੀ ਮਹਿਲਾ ਨਕਸਲੀ ਜਲਿਨਾ ਮੰਡਾਵੀ 'ਤੇ ਵੀ ਇਕ ਲੱਖ ਦਾ ਇਨਾਮ ਐਲਾਨ ਕੀਤਾ ਗਿਆ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਘਟਨਾ 'ਚ ਪੁਲਸ ਦਲ ਨੇ ਬਸਤਰ ਇਲਾਕੇ ਦੇ ਬੀਜਾਪੁਰ ਜ਼ਿਲੇ ਦੇ ਭੈਰਮਗੜ੍ਹ ਥਾਣਾ ਇਲਾਕੇ ਤੋਂ ਤਿੰਨ ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਨਕਸਲੀਆਂ ਦੇ ਖਿਲਾਫ ਕਤਲ ਦੀ ਕੋਸ਼ਿਸ਼, ਪੁਲਸ ਦਲ 'ਤੇ ਹਮਲਾ ਤੇ ਲੁੱਟ ਸਣੇ ਹੋਰ ਕਈ ਮਾਮਲੇ ਦਰਜ ਹਨ।