18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ, PM ਮੋਦੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
Monday, Jun 24, 2024 - 11:39 AM (IST)
ਨਵੀਂ ਦਿੱਲੀ- ਦੇਸ਼ ਦੀ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ ਸੈਸ਼ਨ ਕਈ ਮਾਇਨਿਆਂ ਵਿਚ ਖ਼ਾਸ ਹੋਣ ਵਾਲਾ ਹੈ। ਸੈਸ਼ਨ ਦੀ ਸ਼ੁਰੂਆਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਪ੍ਰੋਟੇਮ ਸਪੀਕਰ ਭਰਤਹਰਿ ਮਹਿਤਾਬ ਨੇ ਸੰਸਦ ਦੀ ਕਾਰਵਾਈ ਸ਼ੁਰੂ ਕਰਵਾਈ ਅਤੇ ਪ੍ਰਧਾਨ ਮੰਤਰੀ ਮੋਦੀ ਸੰਸਦ ਮੈਂਬਰ ਵਜੋਂ ਸਹੁੰ ਚੁਕਾਈ। ਪ੍ਰਧਾਨ ਮੰਤਰੀ ਮੋਦੀ ਹਾਲ ਹੀ ਵਿਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਮਗਰੋਂ ਲਗਾਤਾਰ ਤੀਜੀ ਵਾਰ ਸੱਤਾ ਵਿਚ ਪਰਤੇ ਹਨ। ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਕੈਬਨਿਟ ਨੇ 9 ਜੂਨ ਨੂੰ ਸਹੁੰ ਚੁੱਕੀ ਸੀ।
ਪ੍ਰਧਾਨ ਮੰਤਰੀ ਮੋਦੀ ਤੀਜੀ ਵਾਰ ਵਾਰਾਣਸੀ ਲੋਕ ਸਭਾ ਹਲਕੇ ਦੇ ਮੈਂਬਰ ਚੁਣੇ ਗਏ ਹਨ। ਸੰਸਦ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਦਨ ਦੇ ਨੇਤਾ ਹੋਣ ਦੇ ਨਾਅਤੇ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਇਸ ਤੋਂ ਪਹਿਲਾਂ ਮਹਿਤਾਬ ਨੇ ਰਾਸ਼ਟਰਪਤੀ ਭਵਨ ਵਿਚ ਸਦਨ ਦੇ ਮੈਂਬਰ ਅਤੇ ਪ੍ਰੋਟੇਮ ਸਪੀਕਰ ਦੇ ਰੂਪ ਵਿਚ ਸਹੁੰ ਚੁੱਕੀ ਸੀ। ਪ੍ਰਧਾਨ ਮੰਤਰੀ ਮੋਦੀ ਮਗਰੋਂ ਬਾਅਦ ਸਪੀਕਰ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ। ਇਸ ਤੋਂ ਬਾਅਦ ਬਾਕੀ ਸੰਸਦ ਮੈਂਬਰਾਂ ਨੂੰ ਵੀ ਪ੍ਰੋਟੇਮ ਸਪੀਕਰ ਮਹਿਤਾਬ ਨੇ ਸਹੁੰ ਚੁਕਾਈ। ਅੱਜ ਹੀ ਸਪੀਕਰ ਅਹੁਦੇ 'ਤੇ ਚੋਣ ਵੀ ਹੋਣੀ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਸਰਕਾਰ ਤੀਜੀ ਵਾਰ ਸੱਤਾ 'ਤੇ ਕਾਬਜ਼ ਹੋਈ ਹੈ। ਸੰਸਦ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਆਪਣੇ ਤੀਜੇ ਕਾਰਜਕਾਲ 'ਚ ਤਿੰਨ ਗੁਣਾ ਜ਼ਿਆਦਾ ਕੰਮ ਕਰੇਗੀ। ਦੇਸ਼ ਵਿਰੋਧੀ ਧਿਰ ਤੋਂ ਸਾਡੇ ਲੋਕਤੰਤਰ ਦੀ ਮਾਣ-ਮਰਿਆਦਾ ਨੂੰ ਕਾਇਮ ਰੱਖਣ ਦੀ ਆਸ ਰੱਖਦਾ ਹੈ। ਲੋਕ ਆਪਣੇ ਨੁਮਾਇੰਦਿਆਂ ਤੋਂ ਦੇਸ਼ ਲਈ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕਰਨ ਦੀ ਉਮੀਦ ਕਰਦੇ ਹਨ। ਦੇਸ਼ ਨੂੰ ਇਕ ਮਜ਼ਬੂਤ ਅਤੇ ਜ਼ਿੰਮੇਵਾਰ ਵਿਰੋਧੀ ਧਿਰ ਦੀ ਲੋੜ ਹੈ। ਮੈਨੂੰ ਯਕੀਨ ਹੈ ਕਿ 18ਵੀਂ ਲੋਕ ਸਭਾ 'ਚ ਅਸੀਂ ਮਿਲ ਕੇ ਆਪਣੇ ਦੇਸ਼ ਦੀਆਂ ਉਮੀਦਾਂ 'ਤੇ ਖਰਾ ਉਤਰਾਂਗੇ।
ਦੱਸ ਦੇਈਏ ਕਿ ਰਾਸ਼ਟਰਪਤੀ ਮੁਰਮੂ 27 ਜੂਨ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਿਤ ਕਰਨਗੇ। ਨਾਲ ਹੀ 5 ਸਾਲ ਲਈ ਨਵੀਂ ਸਰਕਾਰ ਦੇ ਕੰਮਕਾਜ ਦੀ ਰੂਪਰੇਖਾ ਪੇਸ਼ ਕਰੇਗੀ। ਪ੍ਰਧਾਨ ਮੰਤਰੀ ਮੋਦੀ 27 ਜੂਨ ਨੂੰ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਸੰਸਦ ਵਿਚ ਆਪਣੇ ਮੰਤਰੀ ਮੰਡਲ ਦੇ ਮੈਂਬਰਾਂ ਦਾ ਪਰਿਚੈ ਦੇਣਗੇ। ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ ਚਰਚਾ ਦੌਰਾਨ ਹਮਲਾਵਰ ਵਿਰੋਧੀ ਧਿਰ ਵਲੋਂ NDA ਸਰਕਾਰ ਨੂੰ ਕਈ ਮੁੱਦਿਆਂ 'ਤੇ ਘੇਰਨ ਦੀ ਕੋਸ਼ਿਸ਼ ਕਰ ਸਕਦੀ ਹੈ। ਪ੍ਰਧਾਨ ਮੰਤਰੀ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਸੰਸਦ ਦੇ ਦੋਵਾਂ ਸਦਨਾਂ 'ਚ ਚਰਚਾ ਦਾ ਜਵਾਬ ਦੇਣਗੇ।