ਜੰਮੂ-ਕਸ਼ਮੀਰ ''ਚ ਕੋਰੋਨਾ ਦੇ 182 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 5,223 ਹੋਈ
Monday, Jun 15, 2020 - 07:55 PM (IST)
ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਸੋਮਵਾਰ ਨੂੰ ਕੋਵਿਡ-19 ਦੇ 182 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ 'ਚ ਕੁੱਲ ਪੀੜਤਾਂ ਦੀ ਗਿਣਤੀ 5,223 ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 182 ਨਵੇਂ ਮਾਮਲਿਆਂ 'ਚ 79 ਮਾਮਲੇ ਕਸ਼ਮੀਰ 'ਚ ਤਾਇਨਾਤ ਸੀ. ਆਰ. ਪੀ. ਐੱਫ. ਦੀਆਂ ਵੱਖ-ਵੱਖ ਬਟਾਲੀਅਨਾਂ ਦੇ ਹਨ। ਅਧਿਕਾਰੀਆਂ ਦੇ ਅਨੁਸਾਰ, 28 ਮਾਮਲੇ ਜੰਮੂ ਤੋਂ ਆਏ ਹਨ, 75 ਮਾਮਲੇ ਘਾਟੀ ਦੇ ਨਿਵਾਸੀਆਂ ਦੇ ਹਨ। ਨਵੇਂ ਮਾਮਲਿਆਂ 'ਚ 28 ਲੋਕ ਉਹ ਹਨ ਜੋ ਹਾਲ ਹੀ 'ਚ ਸੂਬੇ 'ਚ ਵਾਪਸ ਆਏ ਹਨ। ਜ਼ਿਆਦਾਤਰ ਮਾਮਲੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚੋਂ ਆਏ ਹਨ, ਜਿਸ ਦੀ ਗਿਣਤੀ 19 ਹੈ। ਇਸ ਤੋਂ ਬਾਅਦ 16 ਮਾਮਲੇ ਸ਼੍ਰੀਨਗਰ ਤੋਂ ਆਏ ਹਨ। ਉਨ੍ਹਾਂ ਨੇ ਕਿਹਾ ਕਿ ਅਨੰਤਨਾਗ, ਡੋਡਾ, ਰਾਜੌਰੀ ਤੇ ਪੁੰਛ 'ਚ ਕੋਈ ਨਵੇਂ ਮਾਮਲੇ ਸਾਹਮਣੇ ਨਹੀਂ ਆਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਕੇਂਦਰ ਸ਼ਾਸਤ ਪ੍ਰਦੇਸ਼ 'ਚ ਆਏ ਕੁੱਲ 5,223 ਮਾਮਲਿਆਂ 'ਚੋਂ 4,032 ਕਸ਼ਮੀਰ 'ਚ ਤੇ 1,191 ਜੰਮੂ ਖੇਤਰ 'ਚ ਆਏ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਕੋਵਿਡ-19 ਨਾਲ ਹੁਣ ਤੱਕ 62 ਲੋਕਾਂ ਦੀ ਜਾਨ ਜਾ ਚੁੱਕੀ ਹੈ।