ਦੁਬਈ ਤੋਂ ਮੁੰਬਈ ਪਹੁੰਚੇ 15 ਯਾਤਰੀ ਹਵਾਈ ਅੱਡੇ ਤੋਂ ਫਰਾਰ, ਹੱਥਾਂ 'ਤੇ ਸੀ 'ਹੋਮ ਕੁਆਰੰਟੀਨ' ਦੀ ਮੋਹਰ

Sunday, Mar 22, 2020 - 05:20 PM (IST)

ਮੁੰਬਈ (ਭਾਸ਼ਾ)— ਦੁਬਈ ਤੋਂ ਐਤਵਾਰ ਨੂੰ ਮੁੰਬਈ ਪਹੁੰਚਣ 'ਤੇ ਹੱਥਾਂ 'ਤੇ 'ਹੋਮ ਕੁਆਰੰਟੀਨ' ਦੀ ਮੋਹਰ ਲਗਵਾਉਣ ਵਾਲੇ 15 ਯਾਤਰੀ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਿਨਾਂ ਹਵਾਈ ਅੱਡੇ ਤੋਂ ਦੌੜ ਗਏ ਪਰ ਬਾਅਦ 'ਚ ਉਨ੍ਹਾਂ ਨੂੰ ਇਕ ਰੇਲਵੇ ਸਟੇਸ਼ਨ ਦੇ ਬਾਹਰੋਂ ਫੜ ਕੇ ਲਿਆਂਦਾ ਗਿਆ। ਪੁਲਸ ਨੇ ਦੱਸਿਆ ਕਿ ਇਹ ਸਾਰੇ ਯਾਤਰੀ ਮੁੰਬਈ ਤੋਂ ਟਰੇਨ ਜ਼ਰੀਏ ਪੰਜਾਬ ਜਾਣ ਦੀ ਯੋਜਨਾ ਬਣਾ ਰਹੇ ਹਨ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ 15 ਯਾਤਰੀ ਐਤਵਾਰ ਨੂੰ ਦੁਬਈ ਤੋਂ ਮੁੰਬਈ ਕੌਮਾਂਤਰੀ ਹਵਾਈ ਅੱਡੇ ਪਹੁੰਚੇ। ਉਨ੍ਹਾਂ ਦੇ ਹੱਥਾਂ 'ਤੇ 'ਘਰ 'ਚ ਵੱਖਰੇ ਰਹਿਣ' ਦੀ ਮੋਹਰ ਲਾਈ ਗਈ। ਉਹ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਿਨਾਂ ਹੀ ਹਵਾਈ ਅੱਡੇ ਤੋਂ ਨਿਕਲ ਗਏ। 

ਖਾਰ ਪੁਲਸ ਥਾਣੇ ਦੇ ਸੀਨੀਅਰ ਪੁਲਸ ਇੰਸਪੈਕਟਰ ਗਜਾਨਨ ਕਬਦੁਲੇ ਨੇ ਦੱਸਿਆ ਕਿ ਨਾਗਰਿਕਾਂ ਅਤੇ ਜ਼ਿਲਾ ਅਧਿਕਾਰੀਆਂ ਨੇ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਦੁਪਹਿਰ ਕਰੀਬ 1 ਵਜੇ ਉਨ੍ਹਾਂ ਨੂੰ ਖਾਰ ਰੇਲਵੇ ਸਟੇਸ਼ਨ ਦੇ ਬਾਹਰ ਫੜ ਲਿਆ ਗਿਆ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਯਾਤਰੀਆਂ ਨੂੰ ਬਾਅਦ ਜ਼ਿਲਾ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ, ਜੋ ਉਨ੍ਹਾਂ ਨੂੰ ਸੜਕ ਮਾਰਗ ਜ਼ਰੀਏ ਪੰਜਾਬ ਲੈ ਕੇ ਜਾਣ ਦਾ ਇੰਤਜ਼ਾਮ ਕਰ ਰਹੇ ਹਨ।

ਇੱਥੇ ਦੱਸ ਦੇਈਏ ਕਿ ਦੇਸ਼ ਭਰ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 349 ਤਕ ਪਹੁੰਚ ਗਈ ਹੈ ਅਤੇ ਹੁਣ ਤਕ 7 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੇਸ਼ ਕੋਰੋਨਾ ਨਾਲ ਲੜ ਰਿਹਾ ਹੈ ਪਰ ਲੋਕ ਇਸ ਵਾਇਰਸ ਤੋਂ ਸੁਚੇਤ ਹੁੰਦੇ ਨਜ਼ਰ ਨਹੀਂ ਆ ਰਹੇ ਹਨ। ਇਸ ਵਾਇਰਸ ਨੇ ਕਰੀਬ 180 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਦੁਨੀਆ ਭਰ 'ਚ 12,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।


Tanu

Content Editor

Related News