ਜੰਮੂ ਤੋਂ 7 ਹਜ਼ਾਰ ਤੋਂ ਵਧੇਰੇ ਤੀਰਥ ਯਾਤਰੀਆਂ ਦਾ 13ਵਾਂ ਜਥਾ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਰਵਾਨਾ
Tuesday, Jul 12, 2022 - 12:35 PM (IST)
ਜੰਮੂ- ਸਖ਼ਤ ਸੁਰੱਖਿਆ ਦਰਮਿਆਨ 7,107 ਤੀਰਥ ਯਾਤਰੀਆਂ ਦਾ 13ਵਾਂ ਜਥਾ ਦੱਖਣੀ ਕਸ਼ਮੀਰ ’ਚ 3,880 ਮੀਟਰ ਉੱਚਾਈ ’ਤੇ ਸਥਿਤ ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ ਮੰਗਲਵਾਰ ਦੀ ਸਵੇਰ ਨੂੰ ਰਵਾਨਾ ਹੋਇਆ। ਅਧਿਕਾਰੀਆਂ ਮੁਤਾਬਕ 265 ਵਾਹਨਾਂ ’ਚ ਕੁੱਲ 7,107 ਤੀਰਥ ਯਾਤਰੀ ਇੱਥੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਰਵਾਨਾ ਹੋਏ। ਉਨ੍ਹਾਂ ਨੇ ਦੱਸਿਆ ਕਿ ਬਾਲਟਾਲ ਆਧਾਰ ਕੈਂਪ ਲਈ ਜਾਣ ਵਾਲੇ 1,949 ਤੀਰਥ ਯਾਤਰੀ 98 ਵਾਹਨਾਂ ’ਚ ਸਵਾਰ ਹੋ ਕੇ ਤੜਕੇ ਕਰੀਬ 3 ਵਜ ਕੇ 40 ਮਿੰਟ ’ਤੇ ਸਭ ਤੋਂ ਪਹਿਲਾ ਰਵਾਨਾ ਹੋਏ।
ਇਸ ਤੋਂ ਬਾਅਦ ਕਸ਼ਮੀਰ ’ਚ ਪਹਿਲਗਾਮ ਕੈਂਪ ਲਈ 5,158 ਤੀਰਥ ਯਾਤਰੀਆਂ ਨੂੰ ਲੈ ਕੇ 175 ਵਾਹਨਾਂ ਦਾ ਦੂਜਾ ਕਾਫਿਲਾ ਸਵੇਰੇ ਸਾਢੇ 5 ਵਜੇ ਰਵਾਨਾ ਹੋਇਆ। ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ 43 ਦਿਨ ਦੀ ਸਾਲਾਨਾ ਯਾਤਰਾ ਦੱਖਣੀ ਕਸ਼ਮੀਰ ਦੇ ਪਹਿਲਗਾਮ ’ਚ 48 ਕਿਲੋਮੀਟਰ ਦੇ ਨੁਨਵਾਨ ਮਾਰਗ ਅਤੇ ਮੱਧ ਕਸ਼ਮੀਰ ਦੇ ਗਾਂਦੇਰਬਲ ’ਚ 14 ਕਿਲੋਮੀਟਰ ਦੇ ਬਾਲਟਾਲ ਮਾਰਗ ਤੋਂ 30 ਜੂਨ ਨੂੰ ਸ਼ੁਰੂ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ 1.20 ਲੱਖ ਤੋਂ ਵੱਧ ਤੀਰਥ ਯਾਤਰੀ ਪਵਿੱਤਰ ਗੁਫ਼ਾ ’ਚ ਬਰਫ਼ ਨਾਲ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ। ਅਮਰਨਾਥ ਯਾਤਰਾ 11 ਅਗਸਤ ਨੂੰ ਰੱਖੜੀ ਵਾਲੇ ਦਿਨ ਖਤਮ ਹੋਵੇਗੀ।