ਚਾਰ ਔਰਤਾਂ ਸਣੇ 13 ਸਾਈਬਰ ਅਪਰਾਧੀ 5.51 ਕਰੋੜ ਦੀ ਧੋਖਾਧੜੀ ਦੇ ਮਾਮਲੇ ''ਚ ਗ੍ਰਿਫਤਾਰ
Monday, Jul 15, 2024 - 06:57 PM (IST)
ਗੁਰੂਗ੍ਰਾਮ (ਆਈਏਐੱਨਐੱਸ) : ਗੁਰੂਗ੍ਰਾਮ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਨੇ 13 ਸਾਈਬਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚ ਚਾਰ ਔਰਤਾਂ ਵੀ ਸ਼ਾਮਲ ਹਨ। ਪੁਲਿਸ ਮੁਤਾਬਕ ਇਨ੍ਹਾਂ 'ਤੇ 1654 ਸ਼ਿਕਾਇਤਾਂ ਵਿਚ 5.51 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ।
ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਦੇ ਮੋਬਾਈਲਾਂ ਦੀ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ 'ਚ ਜਾਂਚ ਕਰਨ ਮਗਰੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਮੁਲਜ਼ਮਾਂ ਦੇ ਖਿਲਾਫ 1654 ਸ਼ਿਕਾਇਤਾਂ ਪੂਰੇ ਭਾਰਤ 'ਚ ਹੋਈਆਂ ਸਨ। 1654 ਸ਼ਿਕਾਇਤਾਂ 'ਚੋਂ 71 'ਤੇ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਮੁਲਜ਼ਮਾਂ ਦੇ ਖਿਲਾਫ 71 'ਚੋਂ ਤਿੰਨ ਕੇਸ ਗੁਰੂਗ੍ਰਾਮ ਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿਚ ਦਰਜ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਲੋਕਾਂ ਨੂੰ ਕ੍ਰੈਡਿਟ ਕਾਰਡ ਦੀ ਲਿਮਟ ਵਧਾਉਣਾ, ਮਰਦਾਨਾ ਤਾਕਤ ਵਧਾਉਣ ਦੀਆਂ ਦਵਾਈਆਂ ਆਨਲਾਈਨ ਮੁਹੱਈਆ ਕਰਵਾਉਣਾ ਤੇ ਹੋਰ ਕਈ ਤਰ੍ਹਾਂ ਦੇ ਆਫਰ ਦੇ ਕੇ ਫਸਾਉਂਦੇ ਸਨ।
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ 'ਤੋਂ 50 ਹਜ਼ਾਰ ਰੁਪਏ, 8 ਮੋਬਾਈਲ ਫੋਨ, 6 ਸਿਮ ਕਾਰਡ ਤੇ ਤਿੰਨ ਲੈਪਟਾਪ ਵੀ ਬਰਾਮਦ ਕੀਤੇ ਹਨ। ਏਸੀਪੀ ਸਾਊਥ ਪ੍ਰੀਆਂਸ਼ੂ ਦਿਵਾਨ ਨੇ ਕਿਹਾ ਕਿ ਬਰਾਮਦ ਕੀਤੇ ਉਪਕਰਨਾਂ ਤੇ ਮਾਮਲੇ ਦੀ ਹੋਰ ਵਧੇਰੇ ਜਾਂਚ ਕਰਨ ਮਗਰੋਂ ਅੱਗੇ ਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।