ਹਰਿਆਣਾ ਬੋਰਡ ਪ੍ਰੀਖਿਆ ਦਾ 12ਵੀਂ ਜਮਾਤ ਦਾ ਹਿੰਦੀ ਦਾ ਪ੍ਰਸ਼ਨ ਪੱਤਰ ਲੀਕ, ਇਮਤਿਹਾਨ ਰੱਦ
Thursday, Mar 31, 2022 - 04:36 PM (IST)
ਹਰਿਆਣਾ– ਹਰਿਆਣਾ ਸਿੱਖਿਆ ਬੋਰਡ ਦੀ 12ਵੀਂ ਜਮਾਤ ਦਾ ਪੇਪਰ ਜੋ ਕੱਲ 30 ਮਾਰਚ 2022 ਨੂੰ ਆਯੋਜਿਤ ਕੀਤਾ ਗਿਆ ਸੀ, ਉਸ ਦੇ ਲੀਕ ਹੋਣ ਮਗਰੋਂ ਤਿੰਨ ਕੇਂਦਰਾਂ ’ਤੇ ਇਮਤਿਹਾਨ ਰੱਦ ਕਰ ਦਿੱਤਾ ਗਿਆ ਹੈ। ਬੋਰਡ ਵਲੋਂ ਮਾਮਲਾ ਦਰਜ ਕਰਨ ਲਈ ਪੁਲਸ ’ਚ ਸ਼ਿਕਾਇਤ ਦਿੱਤੀ ਗਈ ਹੈ। ਦੱਸ ਦੇਈਏ ਕਿ ਹਿੰਦੀ ਦਾ ਪੇਪਰ ਸ਼ੁਰੂ ਹੋਣ ਦੇ 15 ਮਿੰਟ ਬਾਅਦ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਪੇਪਰ ਲੀਕ ਹੋਣ ਦੀ ਸੂਚਨਾ ਮਿਲਣ ਮਗਰੋਂ ਬੋਰਡ ਟੀਮਾਂ ਸਰਗਰਮ ਹੋਈਆਂ। ਛਾਪੇਮਾਰੀ ਮਗਰੋਂ ਤਿੰਨ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮਿਲੀ ਹੈ ਕਿ ਪ੍ਰੀਖਿਆ ਦੌਰਾਨ ਖਿੜਕੀ ਤੋਂ ਫੋਟੋ ਖਿੱਚ ਕੇ ਪੇਪਰ ਦੇ 3 ਸੈੱਟ ਲੀਕ ਕਰਵਾਏ ਗਏ ਹਨ।
ਓਧਰ ਬੋਰਡ ਦੇ ਚੇਅਰਮੈਨ ਡਾ. ਜਗਬੀਰ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ ਸਾਢੇ 12 ਵਜੇ ਉਨ੍ਹਾਂ ਨੂੰ ਪ੍ਰਸ਼ਨ ਪੱਤਰ ਲੀਕ ਹੋਣ ਦਾ ਪਤਾ ਲੱਗਾ। ਉਨ੍ਹਾਂ ਨੇ ਦੱਸਿਆ ਕਿ ਮੰਢੌਲੀ ’ਚ ਇਕ ਵੈਨ ’ਚ ਛਾਪਾ ਮਾਰਿਆ ਗਿਆ ਤਾਂ ਉੱਥੇ ਇਕ ਨਿੱਜੀ ਸਕੂਲ ਦੇ ਅਧਿਆਪਕ ਫੜੇ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲੋਂ ਮੋਬਾਇਲ ਵੀ ਬਰਾਮਦ ਹੋਏ, ਜਿਸ ’ਚ ਪ੍ਰਸ਼ਨ ਪੱਤਰ ਸੀ। ਪ੍ਰਸ਼ਨ ਪੱਤਰ ਕਿੱਥੋਂ ਆਇਆ, ਪੁਲਸ ਅਜੇ ਉਨ੍ਹਾਂ ਤੋਂ ਪੁੱਛ-ਗਿੱਛ ਕਰੇਗੀ। ਇਸ ਮਾਮਲੇ ’ਚ ਬਹਿਲ ਥਾਣਾ ਮੁਖੀ ਨੇ ਦੱਸਿਆ ਕਿ ਬੋਰਡ ਵਲੋਂ 3 ਮੋਬਾਇਲ ਫੋਨ ਪੁਲਸ ਨੂੰ ਸੌਂਪੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧ ’ਚ ਸ਼ਿਕਾਇਤ ਮਿਲੀ ਹੈ ਅਤੇ ਜਾਂਚ ਜਾਰੀ ਹੈ।