ਓਡੀਸ਼ਾ ਰੇਲ ਹਾਦਸੇ ''ਚ ਜ਼ਖ਼ਮੀ 119 ਯਾਤਰੀ ਅਜੇ ਵੀ ਹਸਪਤਾਲ ''ਚ ਦਾਖ਼ਲ,14 ਮਰੀਜ਼ ICU ''ਚ

06/08/2023 3:26:33 PM

ਭੁਵਨੇਸ਼ਵਰ- ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਬਹਾਨਾਗਾ ਬਾਜ਼ਾਰ ਰੇਲਵੇ ਸਟੇਸ਼ਨ 'ਤੇ ਹੋਏ ਭਿਆਨਕ ਰੇਲ ਹਾਦਸੇ ਦੇ 5 ਦਿਨ ਬਾਅਦ ਵੀ 119 ਜ਼ਖ਼ਮੀ ਯਾਤਰੀ ਕਟਕ ਸਥਿਤ SCB ਮੈਡੀਕਲ ਕਾਲਜ ਹਸਪਤਾਲ 'ਚ ਦਾਖ਼ਲ ਹਨ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 2 ਜੂਨ ਨੂੰ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈਸ, ਬੈਂਗਲੁਰੂ-ਹਾਵੜਾ ਸੁਪਰਫ਼ਾਸਟ ਐਕਸਪ੍ਰੈਸ ਅਤੇ ਇਕ ਮਾਲ ਗੱਡੀ ਨਾਲ ਜੁੜੇ ਸ਼ੁੱਕਰਵਾਰ ਦੇ ਹਾਦਸੇ 'ਚ 275 ਲੋਕਾਂ ਦੀ ਜਾਨ ਚੱਲੀ ਗਈ ਸੀ, ਜਦਕਿ 1000 ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿਚੋਂ ਕੁਝ ਗੰਭੀਰ ਹਾਲਤ 'ਚ ਜ਼ਖ਼ਮੀ ਹੋ ਗਏ ਸਨ। 

ਅਧਿਕਾਰਤ ਸੂਤਰਾਂ ਮੁਤਾਬਕ 201 ਜ਼ਖ਼ਮੀ ਯਾਤਰੀਆਂ ਨੂੰ SCB ਮੈਡੀਕਲ ਕਾਲਜ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ। ਬੁੱਧਵਾਰ ਤੱਕ 82 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ, ਜਦਕਿ 119 ਜ਼ਖ਼ਮੀਆਂ ਦਾ ਆਰਥੋਪੈਡਿਕ, ਨੇਤਰ ਵਿਗਿਆਨ, ਸਰਜਰੀ ਅਤੇ ਨਿਊਰੋਸਰਜਰੀ ਵਿਭਾਗਾਂ 'ਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ 'ਚੋਂ 14 ਮਰੀਜ਼ ICU 'ਚ ਹਨ। ਮਰੀਜ਼ਾਂ ਦੀ ਦੇਖਭਾਲ ਲਈ ਵਿਸ਼ੇਸ਼ ਦੇਖਭਾਲ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਭੁਵਨੇਸ਼ਵਰ ਨਗਰ ਨਿਗਮ ਕਮਿਸ਼ਨਰ ਬਿਜੇ ਅੰਮ੍ਰਿਤ ਕੁਲੰਗੇ ਨੇ ਦੱਸਿਆ ਕਿ ਭੁਵਨੇਸ਼ਵਰ ਲਿਆਂਦੇ ਗਏ 193 ਲਾਸ਼ਾਂ 'ਚੋਂ 82 ਲਾਸ਼ਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਲਾਸ਼ ਦੇ ਦਾਅਵੇ 'ਤੇ ਵਿਵਾਦ ਹੋਣ ਦੀ ਸਥਿਤੀ 'ਚ ਲਾਸ਼ਾਂ ਦੀ ਪੁਸ਼ਟੀ ਅਤੇ ਪਛਾਣ ਲਈ ਡੀ. ਐੱਨ. ਏ. ਪਰੀਖਣ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਅਸੀਂ ਲਾਸ਼ਾਂ ਦੀ ਛੇਤੀ ਪਛਾਣ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪਣ ਲਈ ਪੱਛਮੀ ਬੰਗਾਲ, ਬਿਹਾਰ, ਝਾਰਖੰਡ ਸਮੇਤ ਵੱਖ-ਵੱਖ ਸੂਬਾਈ ਸਰਕਾਰਾਂ ਦੇ ਅਧਿਕਾਰੀਆਂ ਅਤੇ ਰੇਲਵੇ ਅਧਿਕਾਰੀਆਂ ਨਾਲ ਵੀ ਤਾਲਮੇਲ ਕਰ ਰਹੇ ਹਾਂ। ਅਸੀਂ ਇਹ ਵੀ ਯਕੀਨੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਹੀ ਵਿਅਕਤੀ ਨੂੰ ਲਾਸ਼ ਮਿਲੇ।


Tanu

Content Editor

Related News