ਇੰਦਰਾ ਗਾਂਧੀ ਰਾਸ਼ਟਰੀ ਜੰਗਲਾਤ ਅਕਾਦਮੀ ਦੇ 11 IFS ਅਧਿਕਾਰੀ ਮਿਲੇ ਕੋਰੋਨਾ ਨਾਲ ਪੀੜਤ
Friday, Nov 26, 2021 - 06:18 PM (IST)

ਦੇਹਰਾਦੂਨ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਲਖਨਊ ’ਚ ਸਿਖਲਾਈ ਲੈਣ ਗਏ ਸਥਾਨਕ ਇੰਦਰਾ ਗਾਂਧੀ ਰਾਸ਼ਟਰੀ ਜੰਗਲਾਤ ਅਕਾਦਮੀ ਦੇ ਭਾਰਤੀ ਜੰਗਲਾਤ ਸੇਵਾ ਦੇ 48 ਅਧਿਕਾਰੀਆਂ ’ਚੋਂ 11 ਉੱਥੋਂ ਆਉਣ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਪੀੜਤ ਮਿਲੇ ਹਨ। ਜ਼ਿਲ੍ਹਾ ਨਿਗਰਾਨੀ ਅਧਿਕਾਰੀ ਰਾਜੀਵ ਕੁਮਾਰ ਦੀਕਸ਼ਤ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਨ੍ਹਾਂ ’ਚੋਂ 8 ਅਧਿਕਾਰੀ 19 ਨਵੰਬਰ ਨੂੰ ਦਿੱਲੀ ਪਰਤਣ ’ਤੇ ਕੋਰੋਨਾ ਨਾਲ ਪੀੜਤ ਪਾਏ ਗਏ, ਜਦੋਂ ਕਿ 24 ਨਵੰਬਰ ਨੂੰ ਦੇਹਰਾਦੂਨ ਪਰਤਣ ’ਤੇ ਤਿੰਨ ਹੋਰ ਅਧਿਕਾਰੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ।
ਉਨ੍ਹਾਂ ਦੱਸਿਆ ਕਿ ਪੀੜਤ ਅਧਿਕਾਰੀਆਂ ਨੂੰ ਅਕਾਦਮੀ ਦੇ ਪੁਰਾਣੇ ਹੋਸਟਲ ’ਚ ਏਕਾਂਤਵਾਸ ਰੱਖਿਆ ਗਿਆ ਹੈ ਅਤੇ ਉਸ ਇਲਾਕੇ ਨੂੰ ਵਰਜਿਤ ਖੇਤਰ ਐਲਾਨ ਕਰ ਦਿੱਤਾ ਗਿਆ ਹੈ। ਦੀਕਸ਼ਤ ਨੇ ਦੱਸਿਆ ਕਿ ਸਾਰੇ ਸੰਕ੍ਰਮਿਤ ਅਧਿਕਾਰੀਆਂ ਦਾ ਟੀਕਾਕਰਨ ਪੂਰਨ ਹੋ ਚੁਕਿਆ ਹੈ ਅਤੇ ਉਨ੍ਹਾਂ ’ਚ ਸੰਕਰਮਣ ਦੇ ਹਲਕੇ ਲੱਛਣ ਹਨ। ਦੱਸਣਯੋਗ ਹੈ ਕਿ ਦਿੱਲੀ ਦੇ ਰਸਤੇ ਦੇਹਰਾਦੂਨ ਪਰਤੇ ਅਧਿਕਾਰੀਆਂ ਨੂੰ ਰਾਜ ’ਚ ਕੋਰੋਨਾ ਸਟੈਂਡਰਡ ਓਪਰੇਸ਼ਨ ’ਚ ਦਿੱਤੀ ਗਈ ਢਿੱਲ ਕਾਰਨ ਆਸਾਨੀ ਨਾਲ ਸਰਹੱਦ ’ਚ ਪ੍ਰਵੇਸ਼ ਮਿਲ ਸਕਿਆ। ਰਾਜ ਸਰਕਾਰ ਨੇ ਹਾਲ ’ਚ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਆਰ.ਟੀ.-ਪੀ.ਸੀ.ਆਰ. ਜਾਂਚ ਰਿਪੋਰਟ ਨੈਗੇਟਿਵ ਹੋਣ ਦਾ ਪ੍ਰਮਾਣ ਪੱਤਰ ਪੇਸ਼ ਕਰਨ ਦੀ ਜ਼ਰੂਰਤ ਖ਼ਤਮ ਕਰਨ ਦਿੱਤੀ ਹੈ। ਉਤਰਾਖੰਡ ’ਚ ਕੋਰੋਨਾ ਦਾ ਪਹਿਲਾ ਮਾਮਲਾ ਵੀ ਅਕਾਦਮੀ ’ਚ ਹੀ ਆਇਆ ਸੀ।