ਡਾਕਟਰ ਬਣੇ ਫਰਿਸ਼ਤੇ, 11 ਘੰਟਿਆਂ ਦੇ ਜਟਿਲ ਆਪਰੇਸ਼ਨ ਤੋਂ ਬਾਅਦ ਜੋੜਿਆ ਲੜਕੀ ਦਾ ਕੱਟਿਆ ਹੱਥ

Friday, Aug 25, 2017 - 03:33 PM (IST)

ਡਾਕਟਰ ਬਣੇ ਫਰਿਸ਼ਤੇ, 11 ਘੰਟਿਆਂ ਦੇ ਜਟਿਲ ਆਪਰੇਸ਼ਨ ਤੋਂ ਬਾਅਦ ਜੋੜਿਆ ਲੜਕੀ ਦਾ ਕੱਟਿਆ ਹੱਥ

ਲਖੀਮਪੁਰ ਖੀਰੀ/ਲਖਨਊ— ਸਿਰਫਿਰੇ ਆਸ਼ਿਕ ਦਾ ਸ਼ਿਕਾਰ ਹੋਈ ਲਖੀਮਪੁਰ ਖੀਰੀ ਦੀ 14 ਸਾਲਾ ਲੜਕੀ ਦੇ ਕੱਟੇ ਹੱਥ ਨੂੰ ਜੋੜਨ 'ਚ ਕੇ.ਜੀ.ਐੱਮ.ਯੂ. ਦੇ ਡਾਕਟਰਾਂ ਨੇ ਸਫ਼ਲਤਾ ਹਾਸਲ ਕਰ ਲਈ ਹੈ। ਡਾ. ਬ੍ਰਜੇਸ਼ ਕੁਮਾਰ ਮਿਸ਼ਰਾ ਦੀ ਟੀਮ ਨੇ ਜਟਿਲ ਸਰਜਰੀ ਰਾਹੀਂ ਲੜਕੀ ਦਾ ਕੱਟਿਆ ਖੱਬਾ ਹੱਥ ਜੋੜਨ ਨਾਲ ਸੱਜੇ ਹੱਥ ਅਤੇ ਸਿਰ ਦੀ ਸਰਜਰੀ 'ਚ ਵੀ ਸਫ਼ਲਤਾ ਹਾਸਲ ਕੀਤੀ। 
ਡਾਕਟਰਾਂ ਦੀ ਟੀਮ ਨੇ 11 ਘੰਟੇ ਤੱਕ ਚੱਲੇ ਜਟਿਲ ਆਪਰੇਸ਼ਨ ਤੋਂ ਬਾਅਦ ਕਰੀਬ 400 ਟਾਂਕੇ ਲਾ ਕੇ ਇਹ ਸਫ਼ਲਤਾ ਹਾਸਲ ਕੀਤੀ ਹੈ। ਫਿਰ ਵੀ ਅਜੇ ਅਗਲੇ 72 ਘੰਟੇ ਮਹੱਤਵਪੂਰਨ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਹਮਲੇ ਦੇ 6 ਘੰਟਿਆਂ 'ਚ ਲੜਕੀ ਉਨ੍ਹਾਂ ਕੋਲ ਲਿਆਈ ਜਾਂਦੀ ਤਾਂ ਸਫ਼ਲਤਾ 'ਚ ਕੋਈ ਸ਼ੱਕ ਨਾ ਹੁੰਦਾ ਪਰ ਦੁਪਹਿਰ ਕਰੀਬ 2.30 ਵਜੇ ਦੀ ਘਟਨਾ ਤੋਂ ਬਾਅਦ ਲੜਕੀ ਉਨ੍ਹਾਂ ਕੋਲ 9 ਵਜੇ ਪੁੱਜੀ ਅਤੇ 11 ਵਜੇ ਰਾਤ ਆਪਰੇਸ਼ਨ ਸ਼ੁਰੂ ਕੀਤਾ ਗਿਆ। ਦੂਜੇ ਪਾਸੇ ਘਟਨਾ ਤੋਂ ਬਾਅਦ ਪੂਰੇ ਲਖੀਮਪੁਰ 'ਚ ਗੁੱਸਾ ਹੈ। ਪੁਲਸ ਨੇ ਲੜਕੀ ਦੇ ਮਾਮਾ ਦੀ ਸ਼ਿਕਾਇਤ 'ਤੇ ਦੋਸ਼ੀ ਰੋਹਿਤ ਚੌਰਸੀਆ ਦੇ ਖਿਲਾਫ ਸੰਗੀਨ ਧਾਰਾਵਾਂ 'ਚ ਨਾਮਜ਼ਦ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਨੇ ਜਾਨਲੇਵਾ ਹਮਲਾ, ਛੇੜਛਾੜ ਅਤੇ ਪਾਕਸੋ ਐਕਟ ਸਮੇਤ ਕਈ ਗੰਭੀਰ ਧਾਰਾਵਾਂ ਲਾਈਆਂ ਹਨ।
ਵੀਰਵਾਰ ਦੁਪਹਿਰ ਮਹਿਲਾ ਕਲਿਆਣ ਮੰਤਰੀ ਡਾ. ਰੀਤਾ ਬਹੁਗੁਣਾ ਜੋਸ਼ੀ ਵੀ ਲੜਕੀ ਦਾ ਹਾਲ ਜਾਣਨ ਕੇ.ਜੀ.ਐੱਮ.ਯੂ. ਪੁੱਜੀ। ਉਨ੍ਹਾਂ ਨੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਬਾਬੂਰਾਮ ਸਰਾਫ ਨਗਰ 'ਚ ਰਹਿਣ ਵਾਲੀ ਇਕ ਵਿਦਿਆਰਥਣ ਬੁੱਧਵਾਰ ਨੂੰ ਨਿਘਾਸਨ ਸੜਕ ਤੋਂ ਲੰਘ ਰਹੀ ਸੀ। ਉਦੋਂ ਰੋਹਿਤ ਚੌਰਸੀਆ ਨਾਮੀ ਨੌਜਵਾਨ ਉਸ ਨਾਲ ਛੇੜਛਾੜ ਕਰਨ ਲੱਗਾ। ਵਿਦਿਆਰਥਣ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀ ਕੁਝ ਦੇਰ ਬਾਅਦ ਤਲਵਾਰ ਲੈ ਕੇ ਆਇਆ ਅਤੇ ਉਸ ਨੂੰ ਵਿਚ ਸੜਕ ਦੌੜਾਉਣ ਲੱਗਾ। ਉਸ ਦਾ ਪਿੱਛਾ ਕਰਦੇ ਹੋਏ ਉਹ ਲੜਕੀ ਕੋਲ ਪੁੱਜਿਆ ਅਤੇ ਉਸ ਦਾ ਹੱਥ ਕੱਟ ਦਿੱਤਾ। ਦਿਲ ਦਹਿਲਾਉਣ ਵਾਲੀ ਇਸ ਘਟਨਾ 'ਚ ਇਸ ਵਿਦਿਆਰਥਣ ਦਾ ਖੱਬਾ ਹੱਥ ਕੱਟ ਗਿਆ ਸੀ।


Related News