10ਵੀਂ ਦੀ ਪ੍ਰੀਖਿਆ ''ਚ ਪ੍ਰਸ਼ਨਾਂ ਦੀ ਗਿਣਤੀ ਘੱਟ ਕਰ ਸਕਦੈ CBSE
Wednesday, May 15, 2019 - 02:01 PM (IST)

ਨਵੀਂ ਦਿੱਲੀ— ਕੇਂਦਰੀ ਸੈਕੰਡਰੀ ਪ੍ਰੀਖਿਆ ਬੋਰਡ (ਸੀ.ਬੀ.ਐੱਸ.ਈ.) 10ਵੀਂ ਦੀ ਪ੍ਰੀਖਿਆ 'ਚ ਪ੍ਰਸ਼ਨਾਂ ਦੀ ਗਿਣਤੀ ਨੂੰ ਘਟਾ ਕੇ ਇਸ ਦੇ ਫਾਰਮੈਟ 'ਚ ਤਬਦੀਲੀ ਲਿਆਉਣ ਅਤੇ ਰਟ ਕੇ ਪੜ੍ਹਨ ਦੇ ਰੁਝਾਨ ਦੀ ਬਜਾਏ ਵਿਦਿਆਰਥੀਆਂ 'ਚ ਰਚਨਾਤਮਕ ਲੇਖਨ ਦਾ ਰੁਝਾਨ ਵਧਾਉਣ 'ਤੇ ਵਿਚਾਰ ਕਰ ਰਿਹਾ ਹੈ। ਸੀ.ਬੀ.ਐੱਸ.ਈ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਇਹ ਤਬਦੀਲੀ ਪ੍ਰੀਖਿਆ ਤੋਂ ਪਹਿਲਾਂ ਨਿਯਮਿਤ ਸਮੀਖਿਆ ਤਬਦੀਲੀ ਦਾ ਹਿੱਸਾ ਹੋਵੇਗਾ। ਤਬਦੀਲੀ ਹੋਣ 'ਤੇ ਨਮੂਨਾ ਪ੍ਰਸ਼ਨ ਪੱਤਰ ਜਾਰੀ ਕੀਤੇ ਜਾਣਗੇ ਤਾਂ ਕਿ ਵਿਦਿਆਰਥੀ ਪ੍ਰਸ਼ਨ ਪੱਤਰ ਦੇ ਫਾਰਮੈਟ ਨਾਲ ਜਾਣੂੰ ਹੋ ਸਕਣ ਅਤੇ ਪ੍ਰੀਖਿਆ ਤੋਂ ਪਹਿਲਾਂ ਇਨ੍ਹਾਂ ਦਾ ਅਭਿਆਸ ਕਰ ਸਕਣ।''
ਬੋਰਡ ਦੇ ਮਾਹਰ ਪ੍ਰਸ਼ਨਾਂ ਨੂੰ ਘੱਟ ਕਰਨ ਅਤੇ ਹਰੇਕ ਪ੍ਰਸ਼ਨ ਦਾ ਅੰਕ ਵਧਾਉਣ 'ਤੇ ਵਿਦਿਆਰਥੀਆਂ 'ਚ ਰਚਨਾਤਮਕ ਉੱਤਰ ਲੇਖਨ ਨੂੰ ਉਤਸ਼ਾਹ ਦੇਣ 'ਤੇ ਵੀ ਵਿਟਾਰ ਕਰ ਰਹੇ ਹਨ। ਅਧਿਕਾਰੀ ਨੇ ਕਿਹਾ,''ਪੂਰੇ ਪ੍ਰਸ਼ਨ ਪੱਤਰ 'ਚ ਫੇਰਬਦਲ ਨਹੀਂ ਹੋਵੇਗਾ ਸਗੋਂ ਮਾਮੂਲੀ ਤਬਦੀਲੀ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਇਸ ਬਾਰੇ ਚਿੰਤਤ ਹੋਣ ਦੀ ਲੋੜ ਨਹੀਂ ਹੈ।'' ਬੋਰਡ ਇਕ-ਇਕ ਅੰਕ ਵਾਲੇ ਪ੍ਰਸ਼ਨਾਂ ਦੇ ਮੌਜੂਦਾ ਫਾਰਮੈਟ 'ਚ ਤਬਦੀਲੀ ਲਿਆਉਣ ਦੇ ਤਰੀਕੇ 'ਤੇ ਵੀ ਵਿਚਾਰ ਕਰ ਰਿਹਾ ਹੈ।