ਕੋਰੋਨਾ ਮਹਾਮਾਰੀ ਦਰਮਿਆਨ ਕਸ਼ਮੀਰ ''ਚ 10ਵੀਂ ਦੇ ਇਮਤਿਹਾਨ ਸ਼ੁਰੂ
Wednesday, Nov 11, 2020 - 04:20 PM (IST)

ਸ਼੍ਰੀਨਗਰ (ਭਾਸ਼ਾ)— ਕਸ਼ਮੀਰ ਘਾਟੀ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੀਆਂ ਤਮਾਮ ਸਾਵਧਾਨੀਆਂ ਦਰਮਿਆਨ 10ਵੀਂ ਜਮਾਤ ਦੇ ਸਾਲਾਨਾ ਇਮਤਿਹਾਨ ਬੁੱਧਵਾਰ ਨੂੰ ਸ਼ੁਰੂ ਹੋ ਗਏ। ਜੰਮੂ-ਕਸ਼ਮੀਰ ਸਟੇਟ ਬੋਰਡ ਆਫ਼ ਐਜੂਕੇਸ਼ਨ ਇਨ੍ਹਾਂ ਦਾ ਆਯੋਜਨ ਕਰ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗਲੋਬਲ ਮਹਾਮਾਰੀ ਦੇ ਕਹਿਰ ਤੋਂ ਬਾਅਦ ਪਹਿਲੀ ਵਾਰ ਸਕੂਲ ਨਾਲ ਜੁੜੀ ਕੋਈ ਗਤੀਵਿਧੀ ਕਸ਼ਮੀਰ ਵਿਚ ਸ਼ੁਰੂ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਾਟੀ ਦੇ 74,465 ਅਤੇ ਜੰਮੂ ਦੇ 32,000 ਵਿਦਿਆਰਥੀਆਂ ਸਮੇਤ ਕੁੱਲ 1,06,465 ਵਿਦਿਆਰਥੀਆਂ ਦੇ ਇਮਤਿਹਾਨ ਦੇਣ ਸੰਭਾਵਨਾ ਹੈ।
ਕੁੱਲ 1145 ਪ੍ਰੀਖਿਆ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ, ਜਿਨ੍ਹਾਂ 'ਚੋਂ 814 ਘਾਟੀ ਅਤੇ 331 ਜੰਮੂ ਵਿਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ ਲਈ ਇਸ ਸਾਲ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਲੱਗਭਗ ਦੁੱਗਣੀ ਕਰ ਦਿੱਤੀ ਗਈ ਹੈ। ਕੋਰੋਨਾ ਵਾਇਰਸ ਦੇ ਲਾਗ ਨੂੰ ਫੈਲਣ ਤੋਂ ਰੋਕਣ ਲਈ ਅਧਿਕਾਰੀਆਂ ਨੇ ਸਮਾਜਿਕ ਦੂਰੀ ਨੂੰ ਬਣਾ ਕੇ ਰੱਖਣ ਨਾਲ ਹੀ ਮਾਸਕ ਲਾਉਣ ਅਤੇ ਹੱਥਾਂ ਨੂੰ ਸੈਨੇਟਾਈਜ਼ਰ ਕਰਨ ਵਰਗੇ ਨਿਯਮਾਂ ਨੂੰ ਵੀ ਲਾਗੂ ਕੀਤਾ ਹੈ। ਸਰਕਾਰ ਨੇ ਸਾਲਾਨਾ ਪ੍ਰੀਖਿਆ ਲਈ 40 ਫ਼ੀਸਦੀ ਸਿਲੇਬਸ ਘੱਟ ਕਰਨ ਦਾ ਐਲਾਨ ਵੀ ਕੀਤਾ ਹੈ।