ਹੁਣ ਸਿਲੰਡਰਾਂ ''ਚ 14.2 ਨਹੀਂ, ਸਿਰਫ਼ 10 ਕਿੱਲੋ ਮਿਲੇਗੀ ਗੈਸ ! ਜੰਗ ਵਿਚਾਲੇ ਪਲਾਨਿੰਗ ਕਰ ਰਹੀਆਂ ਕੰਪਨੀਆਂ
Monday, Mar 23, 2026 - 09:33 AM (IST)
ਨਵੀਂ ਦਿੱਲੀ- ਮਿਡਲ ਈਸਟ 'ਚ ਛਿੜੀ ਹੋਈ ਜੰਗ ਦਾ ਅਸਰ ਹੁਣ ਕਈ ਦੇਸ਼ਾਂ ਦੀ ਰਸੋਈ ਤੱਕ ਪਹੁੰਚ ਗਿਆ ਹੈ। ਜੰਗ ਕਾਰਨ ਭਾਰਤ ਵਿੱਚ LPG ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਮਗਰੋਂ ਤੇਲ ਮਾਰਕੀਟਿੰਗ ਕੰਪਨੀਆਂ (IOC, BPCL, HPCL) ਹੁਣ ਘਰੇਲੂ ਖਪਤਕਾਰਾਂ ਨੂੰ 14.2 ਕਿਲੋਗ੍ਰਾਮ ਵਾਲੇ ਸਟੈਂਡਰਡ ਸਿਲੰਡਰ ਵਿੱਚ ਸਿਰਫ਼ 10 ਕਿਲੋਗ੍ਰਾਮ ਗੈਸ ਭਰ ਕੇ ਦੇਣ 'ਤੇ ਵਿਚਾਰ ਕਰ ਰਹੀਆਂ ਹਨ।
ਇਰਾਨ ਨਾਲ ਜੰਗ ਕਾਰਨ 'ਹਰਮੁਜ਼ ਦੀ ਖਾੜੀ' ਬੰਦ ਹੋਣ ਕਾਰਨ ਭਾਰਤ ਨੂੰ ਹੋਣ ਵਾਲੀ LPG ਦਰਾਮਦ ਵਿੱਚ ਭਾਰੀ ਗਿਰਾਵਟ ਆਈ ਹੈ, ਜਿਸ ਮਗਰੋਂ ਸਪਲਾਈ 'ਚ ਵੀ ਕਾਫ਼ੀ ਵਿਘਨ ਪਿਆ ਹੈ। ਇਸ ਦੌਰਾਨ ਕੰਪਨੀਆਂ ਦਾ ਮੰਨਣਾ ਹੈ ਕਿ ਸਿਲੰਡਰ 'ਚ ਗੈਸ ਦੀ ਮਾਤਰਾ ਘਟਾਉਣ ਨਾਲ ਮੌਜੂਦਾ ਸਟਾਕ ਨੂੰ ਜ਼ਿਆਦਾ ਤੋਂ ਜ਼ਿਆਦਾ ਪਰਿਵਾਰਾਂ ਤੱਕ ਪਹੁੰਚਾਇਆ ਜਾ ਸਕੇਗਾ।
ਜ਼ਿਕਰਯੋਗ ਹੈ ਕਿ ਭਾਰਤ ਆਪਣੀ ਲੋੜ ਦਾ ਲਗਭਗ 60 ਫ਼ੀਸਦੀ LPG ਦਰਾਮਦ ਕਰਦਾ ਹੈ, ਜਿਸ ਵਿੱਚੋਂ 90 ਫ਼ੀਸਦੀ ਖਾੜੀ ਦੇਸ਼ਾਂ ਤੋਂ ਆਉਂਦਾ ਹੈ। ਜੰਗ ਕਾਰਨ ਇਹ ਸਪਲਾਈ ਚੇਨ ਟੁੱਟ ਗਈ ਹੈ, ਜਿਸ ਕਾਰਨ ਘਰੇਲੂ ਗੈਸ ਸਿਲੰਡਰ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ- ਖ਼ਤਮ ਹੋ ਜਾਵੇਗਾ ਡਾਲਰ ! ਅਮਰੀਕਾ ਦੇ 'ਗਲ਼ੇ ਦੀ ਹੱਡੀ' ਬਣ ਗਈ ਇਰਾਨ ਦੀ ਜੰਗ
ਸਿਲੰਡਰ ਵਿੱਚ ਗੈਸ ਦੀ ਮਾਤਰਾ ਘਟਣ ਨਾਲ ਇਸ ਦੀ ਕੀਮਤ ਵਿੱਚ ਵੀ ਅਨੁਪਾਤਕ ਤੌਰ 'ਤੇ ਕਮੀ ਕੀਤੀ ਜਾਵੇਗੀ। ਖਪਤਕਾਰਾਂ ਨੂੰ ਸਿਰਫ਼ 10 ਕਿਲੋ ਗੈਸ ਦੇ ਹੀ ਪੈਸੇ ਦੇਣੇ ਹੋਣਗੇ। ਅਜਿਹੇ ਸਿਲੰਡਰਾਂ 'ਤੇ ਇੱਕ ਵਿਸ਼ੇਸ਼ ਸਟਿੱਕਰ ਲਗਾਇਆ ਜਾਵੇਗਾ ਜਿਸ 'ਤੇ ਗੈਸ ਦੀ ਘੱਟ ਮਾਤਰਾ (10 kg) ਬਾਰੇ ਜਾਣਕਾਰੀ ਹੋਵੇਗੀ। ਜਿੱਥੇ 14.2 ਕਿਲੋ ਦਾ ਸਿਲੰਡਰ 35-40 ਦਿਨ ਚੱਲਦਾ ਸੀ, ਉੱਥੇ ਹੁਣ ਇਹ ਲਗਭਗ 25-28 ਦਿਨ ਹੀ ਚੱਲੇਗਾ।
ਇਸ ਤੋਂ ਇਲਾਵਾ ਸਰਕਾਰ ਨੇ ਵਪਾਰਕ ਖੇਤਰ (ਹੋਟਲਾਂ/ਰੈਸਟੋਰੈਂਟਾਂ) ਲਈ ਗੈਸ ਦਾ ਕੋਟਾ ਵਧਾ ਕੇ 50 ਫ਼ੀਸਦੀ ਕਰ ਦਿੱਤਾ ਹੈ, ਜੋ ਕਿ ਅੱਜ ਤੋਂ ਲਾਗੂ ਹੋ ਗਿਆ ਹੈ। ਸਰਕਾਰ ਲੋਕਾਂ ਨੂੰ ਪਾਈਪਡ ਕੁਦਰਤੀ ਗੈਸ (PNG) ਕਨੈਕਸ਼ਨ ਲੈਣ ਲਈ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ LPG 'ਤੇ ਨਿਰਭਰਤਾ ਘਟਾਈ ਜਾ ਸਕੇ। ਇਹ ਕਦਮ ਦੇਸ਼ ਵਿੱਚ 'ਗੈਸ ਦੀ ਰਾਸ਼ਨਿੰਗ' ਵਰਗੀ ਸਥਿਤੀ ਨੂੰ ਦਰਸਾਉਂਦਾ ਹੈ। ਜੇਕਰ ਜੰਗ ਲੰਬੀ ਖਿੱਚੀ ਜਾਂਦੀ ਹੈ, ਤਾਂ ਆਉਣ ਵਾਲੇ ਦਿਨਾਂ ਵਿੱਚ ਸਪਲਾਈ ਹੋਰ ਵੀ ਸਖ਼ਤ ਹੋ ਸਕਦੀ ਹੈ।
ਇਹ ਵੀ ਪੜ੍ਹੋ- ਤੇਲ-ਗੈਸ ਦੀ ਕਿੱਲਤ ਵਿਚਾਲੇ Strait Of Hormuz ਬਾਰੇ ਇਰਾਨ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
