''''ਘੱਟ ਤੋਂ ਘੱਟ ਕਰੋ ਬਿਜਲੀ ਤੇ ਤੇਲ ਦੀ ਵਰਤੋਂ..!'''' ਜੰਗ ਵਿਚਾਲੇ ਭਾਰਤ ਦੇ ਗੁਆਂਢੀ ਦੇਸ਼ ਨੇ ਕੀਤੀ ਜਨਤਾ ਨੂੰ ਅਪੀਲ
Sunday, Mar 22, 2026 - 01:59 PM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਜਾਰੀ ਜੰਗ ਅਤੇ ਹਾਰਮੁਜ਼ ਦੀ ਖਾੜੀ ਦੇ ਬੰਦ ਹੋਣ ਕਾਰਨ ਇਸ ਸਮੇਂ ਕਈ ਦੇਸ਼ ਤੇਲ ਤੇ ਗੈਸ ਦੀ ਕਿੱਲਤ ਨਾਲ ਜੂਝ ਰਹੇ ਹਨ। ਇਸੇ ਦੌਰਾਨ ਸ਼੍ਰੀਲੰਕਾ ਇੱਕ ਵਾਰ ਫਿਰ ਗੰਭੀਰ ਊਰਜਾ ਸੰਕਟ ਦੀ ਲਪੇਟ ਵਿੱਚ ਆ ਗਿਆ ਹੈ। ਸ਼੍ਰੀਲੰਕਾ ਸਰਕਾਰ ਨੇ ਐਤਵਾਰ ਨੂੰ ਤੇਲ ਦੀਆਂ ਕੀਮਤਾਂ ਵਿੱਚ ਇੱਕ ਹਫ਼ਤੇ ਅੰਦਰ ਦੂਜੀ ਵਾਰ ਵਾਧਾ ਕਰ ਦਿੱਤਾ ਹੈ ਅਤੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਤੇਲ ਅਤੇ ਬਿਜਲੀ ਦੀ ਵਰਤੋਂ ਘੱਟ ਤੋਂ ਘੱਟ ਕਰਨ।
ਤੇਲ ਦੀ ਕਿੱਲਤ ਨੂੰ ਦੇਖਦਿਆਂ ਸਰਕਾਰ ਨੇ QR ਕੋਡ ਪ੍ਰਣਾਲੀ ਰਾਹੀਂ ਤੇਲ ਦੀ ਵੰਡ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਕੋਈ ਵੀ ਵਿਅਕਤੀ ਲੋੜ ਤੋਂ ਵੱਧ ਤੇਲ ਨਾ ਖਰੀਦ ਸਕੇ। ਸਰਕਾਰੀ ਬੁਲਾਰੇ ਅਤੇ ਮੰਤਰੀ ਨਲਿੰਦਾ ਜੈਤਿਸਾ ਨੇ ਕਿਹਾ, "ਅਸੀਂ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਉਹ ਬਿਜਲੀ ਅਤੇ ਤੇਲ ਦੀ ਵਰਤੋਂ ਬਹੁਤ ਹੀ ਸੋਚ-ਸਮਝ ਕੇ ਕਰਨ।"
ਇਹ ਵੀ ਪੜ੍ਹੋ- ਖ਼ਤਮ ਹੋ ਜਾਵੇਗਾ ਡਾਲਰ ! ਅਮਰੀਕਾ ਦੇ 'ਗਲ਼ੇ ਦੀ ਹੱਡੀ' ਬਣ ਗਈ ਇਰਾਨ ਦੀ ਜੰਗ
ਉਨ੍ਹਾਂ ਤੇਲ ਦੀ ਜਮ੍ਹਾਂਖੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ। ਮੰਤਰੀ ਨੇ ਦੱਸਿਆ ਕਿ ਕੀਮਤਾਂ ਵਧਾਉਣ ਦੇ ਬਾਵਜੂਦ ਸਰਕਾਰ ਨੂੰ ਹਾਲੇ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਡੀਜ਼ਲ 'ਤੇ 100 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ 'ਤੇ 20 ਰੁਪਏ ਪ੍ਰਤੀ ਲੀਟਰ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਜੇਕਰ ਕੀਮਤਾਂ ਨਾ ਵਧਾਈਆਂ ਜਾਂਦੀਆਂ, ਤਾਂ ਸਰਕਾਰ 'ਤੇ ਲਗਭਗ 1.5 ਬਿਲੀਅਨ ਅਮਰੀਕੀ ਡਾਲਰ ਦਾ ਵਾਧੂ ਬੋਝ ਪੈਣਾ ਸੀ।
ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਇਰਾਨ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਪੂਰੇ ਖਾੜੀ ਖੇਤਰ ਵਿੱਚ ਸਮੁੰਦਰੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਰਾਨ ਨੇ ਹਾਰਮੁਜ਼ ਦੀ ਖਾੜੀ ਵਿੱਚ ਜਹਾਜ਼ਾਂ ਦੀ ਆਵਾਜਾਈ ਰੋਕ ਦਿੱਤੀ ਹੈ, ਜਿਸ ਕਾਰਨ ਕੱਚੇ ਤੇਲ ਦੀ ਸਪਲਾਈ ਚੇਨ ਪੂਰੀ ਤਰ੍ਹਾਂ ਟੁੱਟ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
