107 ਸਾਲ ਦਾ ਬਾਬਾ ਨਹੀਂ ਮੰਨਦਾ ਹਾਰ, ਹਰ ਵਾਰ ਪਾਉਂਦਾ ਹੈ ਵੋਟ
Sunday, Mar 31, 2019 - 11:02 AM (IST)
ਵਾਰਾਨਸੀ— ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਾਸੀ ਸ਼ਿਵਪੂਜਨ 107 ਸਾਲ ਦੇ ਅਜਿਹੇ ਭਾਰਤੀ ਨਾਗਰਿਕ ਹਨ, ਜੋ ਇਸ ਉਮਰ ਵਿਚ ਵੀ ਆਪਣੀ ਵੋਟ ਬਰਬਾਦ ਨਹੀਂ ਕਰਦੇ ਹਨ। ਹਰ ਵਾਰ ਉਹ ਇਕ ਜ਼ਿੰਮੇਦਾਰ ਭਾਰਤੀ ਨਾਗਰਿਕ ਵਾਂਗ ਵੋਟ ਪਾਉਂਦੇ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ 2019 'ਚ ਵੀ ਉਹ ਇਕ ਵਾਰ ਫਿਰ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਹ ਭਾਰਤ ਦੇ ਸਭ ਤੋਂ ਬਜ਼ੁਰਗ ਵਿਅਕਤੀਆਂ ਵਿਚੋਂ ਇਕ ਹੋ ਸਕਦੇ ਹਨ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਹੁੰਦੇ ਹੋਇਆ ਦੇਖਿਆ ਹੈ। ਸ਼ਿਵਪੂਜਨ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਲੋਕ ਸਭਾ ਚੋਣਾਂ ਉਨ੍ਹਾਂ ਦੀਆਂ ਆਖਰੀ ਲੋਕ ਸਭਾ ਚੋਣਾਂ ਹੋਣ, ਜਿਸ ਵਿਚ ਉਹ ਵੋਟ ਪਾਉਣਗੇ। ਉਨ੍ਹਾਂ ਦੱਸਿਆ ਕਿ ਆਜ਼ਾਦ ਭਾਰਤ ਤੋਂ ਬਾਅਦ 1952 ਵਿਚ ਉਨ੍ਹਾਂ ਨੇ ਪਹਿਲੀ ਵਾਰ ਵੋਟ ਪਾਈ ਸੀ। ਉਦੋਂ ਜਵਾਹਰਲਾਲ ਨਹਿਰੂ ਪ੍ਰਧਾਨ ਮੰਤਰੀ ਬਣੇ ਸਨ। ਨਹਿਰੂ ਤੋਂ ਲੈ ਕੇ ਮੋਦੀ ਤਕ ਉਹ 14 ਪ੍ਰਧਾਨ ਮੰਤਰੀ ਦੇਖ ਚੁੱਕੇ ਹਨ। ਸ਼ਿਵਪੂਜਨ ਖਾਦੀ ਪਹਿਨਦੇ ਹਨ ਅਤੇ ਸਿਰ 'ਤੇ ਵੀ ਟੋਪੀ ਪਹਿਨਦੇ ਹਨ। ਦੇਖਣ ਵਿਚ ਉਹ ਇਕਦਮ ਫਿਟ ਲੱਗਦੇ ਹਨ।
ਸ਼ਿਵਪੂਜਨ ਅੱਗੇ ਦੱਸਦੇ ਹਨ ਕਿ ਉਹ ਭਾਰਤ ਛੱਡੋ ਅੰਦੋਲਨ ਦਾ ਵੀ ਹਿੱਸਾ ਰਹੇ ਅਤੇ ਉਸ ਦੌਰਾਨ ਉਨ੍ਹਾਂ ਨੇ ਖਾਦੀ ਨੂੰ ਅਪਣਾਇਆ। ਉਦੋਂ ਉਹ 30 ਸਾਲ ਦੇ ਸਨ। ਸ਼ਿਵਪੂਜਨ ਦਾ ਕਹਿਣਾ ਹੈ ਕਿ ਉਹ ਆਪਣੀ ਵੋਟ ਕਦੇ ਖਰਾਬ ਨਹੀਂ ਹੋਣ ਦਿੰਦੇ। ਉਹ ਪੰਚਾਇਤ ਚੋਣਾਂ ਤੋਂ ਲੈ ਕੇ ਲੋਕ ਸਭਾ ਚੋਣਾਂ ਤਕ ਹਰ ਵੋਟਿੰਗ ਦਾ ਹਿੱਸਾ ਬਣੇ। ਉਨ੍ਹਾਂ ਦੇ ਵੋਟਰ ਆਈਡੀ ਦੇ ਹਿਸਾਬ ਨਾਲ ਉਨ੍ਹਾਂ ਦੀ ਉਮਰ 107 ਸਾਲ ਦੀ ਹੈ, ਜਦਕਿ ਉਨ੍ਹਾਂ ਦੇ ਹਾਈ ਸਕੂਲ ਸਰਟੀਫਿਕੇਟ ਦੇ ਹਿਸਾਬ ਨਾਲ ਉਹ 105 ਸਾਲ ਦੇ ਹਨ। ਉਹ ਡੀ. ਏ. ਵੀ. ਇੰਟਰ ਕਾਲਜ ਗਾਜ਼ੀਪੁਰ ਤੋਂ ਪ੍ਰਿੰਸੀਪਲ ਦੇ ਅਹੁਦੇ ਤੋਂ 1974 ਵਿਚ ਰਿਟਾਇਰਡ ਹੋਏ ਸਨ। ਉਹ ਆਪਣੇ ਛੋਟੇ ਬੇਟੇ ਵਿਜੇ ਸ਼ੰਕਰ ਮਿਸ਼ਰਾ ਨਾਲ ਰਹਿੰਦੇ ਹਨ।