ਗੰਗੋਤਰੀ ਹਾਈਵੇਅ ਦਾ 100 ਮੀਟਰ ਹਿੱਸਾ ਜ਼ਮੀਨ ਖਿਸਕਣ ਦੀ ਲਪੇਟ ''ਚ, ਆਵਾਜਾਈ ਠੱਪ
Sunday, Aug 27, 2023 - 05:16 PM (IST)
ਉੱਤਰਕਾਸ਼ੀ- ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿਚ ਚਿਨਯਾਲੀਸੌੜ 'ਚ ਐਤਵਾਰ ਨੂੰ ਰਿਸ਼ੀਕੇਸ਼-ਗੰਗੋਤਰੀ ਨੈਸ਼ਨਲ ਹਾਈਵੇਅ ਦਾ ਲੱਗਭਗ 100 ਮੀਟਰ ਹਿੱਸਾ ਜ਼ਬਰਦਸਤ ਜ਼ਮੀਨ ਖਿਸਕਣ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਪੁਲਸ ਨੇ ਦੱਸਿਆ ਕਿ ਹਾਈਵੇਅ 'ਤੇ ਜ਼ਮੀਨ ਖਿਸਕਣ ਦੀ ਲਪੇਟ 'ਚ ਆਉਣ ਕਾਰਨ ਪੁਲਸ ਪ੍ਰਸ਼ਾਸਨ ਅਤੇ ਸੀਮਾ ਸੜਕ ਸੰਗਠਨ ਵਲੋਂ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ।
ਜ਼ਮੀਨ ਖਿਸਕਣ ਕਾਰਨ ਝੀਲ ਦੇ ਤਟਵਰਤੀ ਖੇਤਰ 'ਚ ਰਹਿ ਰਹੇ ਖੇਤਰ ਵਾਸੀ ਵੀ ਦਹਿਸ਼ਤ ਵਿਚ ਆ ਗਏ ਹਨ। ਪਿਛਲੇ ਲੰਬੇ ਸਮੇਂ ਤੋਂ ਇਸ ਸਥਾਨ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਸ਼ਨੀਵਾਰ ਦੀ ਰਾਤ ਨੂੰ ਨੈਸ਼ਨਲ ਹਾਈਵੇਅ ਦਾ ਇਕ ਵੱਡਾ ਹਿੱਸਾ ਇਸ ਦੀ ਲਪੇਟ ਵਿਚ ਆ ਗਿਆ। ਖੇਤਰ ਵਾਸੀਆਂ ਦਾ ਕਹਿਣਾ ਹੈ ਕਿ ਟਿਹਰੀ ਡੈਮ ਦੀ ਝੀਲ ਦਾ ਪਾਣੀ ਦਾ ਪੱਧਰ ਜਿਵੇਂ-ਜਿਵੇਂ ਵੱਧਦਾ ਜਾ ਰਿਹਾ ਹੈ, ਇਸ ਦੇ ਤਟਵਰਤੀ ਖੇਤਰ ਵਿਚ ਪਾੜ ਵੱਧ ਰਿਹਾ ਹੈ।
ਟਿਹਰੀ ਡੈਮ ਝੀਲ ਦਾ ਪਾਣੀ ਦਾ ਪੱਧਰ ਐਤਵਾਰ ਨੂੰ ਲਗਭਗ 822.14 ਮੀਟਰ ਤੱਕ ਪਹੁੰਚ ਗਿਆ ਹੈ। ਝੀਲ ਦੇ ਪਾਣੀ ਦਾ ਪੱਧਰ ਵਧਣ ਕਾਰਨ ਸ਼ਨੀਵਾਰ ਰਾਤ ਵਾਲਮੀਕਿ ਮੁਹੱਲੇ ਨੇੜੇ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇਅ ਨੰਬਰ-94 ਦਾ ਕਰੀਬ 100 ਮੀਟਰ ਹਿੱਸਾ ਝੀਲ 'ਚ ਡਿੱਗਣ ਦੀ ਕਗਾਰ 'ਤੇ ਆ ਗਿਆ ਹੈ। ਇਸ ਕਾਰਨ ਝੀਲ ਦੇ ਕਈ ਤੱਟਵਰਤੀ ਖੇਤਰ ਜਿਨ੍ਹਾਂ ਵਿਚ ਵਾਲਮੀਕੀ ਮੁਹੱਲਾ, ਲੋਕ ਨਿਰਮਾਣ ਵਿਭਾਗ, ਜੰਗਲਾਤ ਵਿਭਾਗ, ਕਮਿਊਨਿਟੀ ਹੈਲਥ ਸੈਂਟਰ, ਜਖਵੜੀ ਮੁਹੱਲਾ, ਜੋਗਾਠ ਰੋਡ, ਬਿਜਲਵਾਂ ਅਤੇ ਰਾਮੋਲਾ ਮੁਹੱਲਾ, ਆਰਚ ਬ੍ਰਿਜ ਤੋਂ ਪੀਪਲ ਮੰਡੀ, ਆਰਚ ਬ੍ਰਿਜ ਤੋਂ ਚਿਨਿਆਲੀਸੌਰ, ਹਡਿਆਰੀ, ਬੰਧਨਗੜ੍ਹ ਸ਼ਾਮਲ ਹਨ।