100 ਕਰੋੜ ਟੀਕਾਕਰਨ: ਲਾਲ ਕਿਲ੍ਹੇ ’ਤੇ ਲਹਿਰਾਇਆ ਜਾਵੇਗਾ ਦੇਸ਼ ਦਾ ਸਭ ਤੋਂ ਵੱਡਾ ‘ਖਾਦੀ ਤਿਰੰਗਾ’
Thursday, Oct 21, 2021 - 11:22 AM (IST)
ਨਵੀਂ ਦਿੱਲੀ— ਕੋਵਿਡ-19 ਤੋਂ ਬਚਾਅ ਲਈ ਜਾਰੀ ਟੀਕਾਕਰਨ ਤਹਿਤ ਦਿੱਤੀਆਂ ਗਈਆਂ ਕੋਰੋਨਾ ਖ਼ੁਰਾਕਾਂ ਦੀ ਗਿਣਤੀ 100 ਕਰੋੜ ਪੂਰੀ ਹੋਣ ’ਤੇ ਦੇਸ਼ ਵਿਚ ਸਭ ਤੋਂ ਵੱਡੇ ਖਾਦੀ ਤਿਰੰਗੇ ਨੂੰ ਵੀਰਵਾਰ ਯਾਨੀ ਕਿ ਅੱਜ ਲਾਲ ਕਿਲ੍ਹੇ ’ਤੇ ਲਹਿਰਾਇਆ ਜਾਵੇਗਾ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਤਿਰੰਗੇ ਦੀ ਲੰਬਾਈ 225 ਫੁੱਟ ਅਤੇ ਚੌੜਾਈ 150 ਫੁੱਟ ਹੈ ਅਤੇ ਇਸ ਦਾ ਵਜ਼ਨ ਲੱਗਭਗ 1400 ਕਿਲੋਗ੍ਰਾਮ ਹੈ। ਦੱਸ ਦੇਈਏ ਕਿ ਇਹ ਤਿਰੰਗਾ 2 ਅਕਤੂਬਰ ਨੂੰ ਗਾਂਧੀ ਜਯੰਤੀ ’ਤੇ ਲੇਹ ’ਚ ਲਹਿਰਾਇਆ ਗਿਆ ਸੀ। ਇਕ ਸੂਤਰ ਨੇ ਦੱਸਿਆ ਕਿ ਇਹ ਭਾਰਤ ਵਲੋਂ ਬਣਾਏ ਗਏ ਸੂਤੀ ਖਾਦੀ ਦਾ ਹੱਥ ਨਾਲ ਬੁਣਿਆ ਹੋਇਆ ਹੁਣ ਤਕ ਦਾ ਸਭ ਤੋਂ ਵੱਡਾ ਤਿਰੰਗਾ ਹੈ। ਦੇਸ਼ ’ਚ 100 ਕਰੋੜ ਖ਼ੁਰਾਕਾਂ ਦਿੱਤੇ ਜਾਣ ਮੌਕੇ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਲਾਲ ਕਿਲ੍ਹੇ ਤੋਂ ਗਾਇਕ ਕੈਲਾਸ਼ ਖੇਰ ਦਾ ਗੀਤ ਅਤੇ ਆਡੀਓ-ਵਿਜ਼ੁਅਲ ਫਿਲਮ ਜਾਰੀ ਕਰਨਗੇ।
ਇਹ ਵੀ ਪੜ੍ਹੋ: ਕੋਰੋਨਾ ਖ਼ਿਲਾਫ਼ ਜੰਗ ’ਚ ਭਾਰਤ ਨੇ ਰਚਿਆ ਇਤਿਹਾਸ, ਪੂਰਾ ਕੀਤਾ 100 ਕਰੋੜ ਟੀਕਾਕਰਨ ਦਾ ਟੀਚਾ
ਕੋਰੋਨਾ ਵਾਇਰਸ ਤੋਂ ਬਚਾਅ ਲਈ ਦੇਸ਼ ਨੇ ਟੀਕਾਕਰਨ ਮਹਿੰਮ ’ਚ ਵੱਡੀ ਉਪਲੱਬਧੀ ਹਾਸਲ ਕਰ ਲਈ ਹੈ। ਇਸ ਦਰਮਿਆਨ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਬੁੱਧਵਾਰ ਨੂੰ ਟੀਕਾਕਰਨ ਲਈ ਪਾਤਰ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਟੀਕਾ ਲਗਵਾਉਣ ਅਤੇ ਭਾਰਤ ਦੀ ਇਤਿਹਾਸਕ ਯਾਤਰਾ ’ਚ ਯੋਗਦਾਨ ਦੇਣ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ: ਫ਼ਸਲ ਬਰਬਾਦ ਹੋਣ ’ਤੇ ਕਿਸਾਨਾਂ ਨੂੰ ਮਿਲੇਗਾ 50 ਹਜ਼ਾਰ ਪ੍ਰਤੀ ਹੈਕਟੇਅਰ ਮੁਆਵਜ਼ਾ: ਕੇਜਰੀਵਾਲ
ਉੱਥੇ ਹੀ 100 ਕਰੋੜ ਟੀਕਾਕਰਨ ਦੀ ਉਪਲੱਬਧੀ ਹਾਸਲ ਹੋਣ ’ਤੇ ਸਪਾਈਸਜੈੱਟ ਵੀਰਵਾਰ ਨੂੰ ਦਿੱਲੀ ਹਵਾਈ ਅੱਡੇ ’ਤੇ ਵਿਸ਼ੇਸ਼ ਵਰਦੀ ਜਾਰੀ ਕਰੇਗੀ। ਇਸ ਮੌਕੇ ਸਿਹਤ ਮੰਤਰੀ, ਨਾਗਰਿਕ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਸਪਾਈਸਜੈੱਟ ਦੇ ਮੁੱਖ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਮੌਜੂਦ ਰਹਿਣਗੇ। ਦੱਸ ਦੇਈਏ ਕਿ ਕਰੀਬ 75 ਫ਼ੀਸਦੀ ਬਾਲਗਾਂ ਨੂੰ ਟੀਕੇ ਦੀ ਘੱਟ ਤੋਂ ਘੱਟ ਇਕ ਖ਼ੁਰਾਕ ਲੱਗ ਚੁੱਕੀ ਹੈ, ਜਦਕਿ 31 ਫ਼ੀਸਦੀ ਆਬਾਦੀ ਨੂੰ ਦੋਵੇਂ ਖ਼ੁਰਾਕਾਂ ਲੱਗ ਚੁੱਕੀਆਂ ਹਨ।
ਇਹ ਵੀ ਪੜ੍ਹੋ: ਲਖੀਮਪੁਰ ਕਤਲਕਾਂਡ ਦੀ ਜਾਂਚ ਮਾਮਲੇ ’ਚ UP ਸਰਕਾਰ ਨੂੰ ਸੁਪਰੀਮ ਕੋਰਟ ਨੇ ਫਿਰ ਪਾਈ ਝਾੜ