ਮਿਰਜ਼ਾਪੁਰ : ਸੜਕ ਹਾਦਸੇ ’ਚ 10 ਮਜ਼ਦੂਰਾਂ ਦੀ ਮੌਤ, ਰਾਸ਼ਟਰਪਤੀ ਤੇ PM ਮੋਦੀ ਨੇ ਪ੍ਰਗਟਾਇਆ ਦੁੱਖ

Friday, Oct 04, 2024 - 10:28 PM (IST)

ਮਿਰਜ਼ਾਪੁਰ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲੇ ’ਚ ਵੀਰਵਾਰ ਦੇਰ ਰਾਤ ਇਕ ਟਰੱਕ ਅਤੇ ਟਰੈਕਟਰ-ਟ੍ਰਾਲੀ ਦੀ ਟੱਕਰ ’ਚ 10 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 3 ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਮਿਰਜ਼ਾਪੁਰ ਤੋਂ ਸੰਸਦ ਮੈਂਬਰ ਅਨੁਪ੍ਰਿਆ ਪਟੇਲ ਨੇ ਇਸ ਸੜਕ ਹਾਦਸੇ ’ਚ ਲੋਕਾਂ ਦੀ ਮੌਤ ਨੂੰ ‘ਅਤਿਅੰਤ ਦੁੱਖਦਾਇਕ’ ਦੱਸਿਆ ਹੈ। ਮੋਦੀ ਤੇ ਯੋਗੀ ਨੇ ਹਾਦਸੇ ਦੇ ਪੀੜਤਾਂ ਲਈ ਐਕਸਗ੍ਰੇਸ਼ੀਆ ਰਾਸ਼ੀ ਦਾ ਐਲਾਨ ਵੀ ਕੀਤਾ ਹੈ।

ਮਿਰਜ਼ਾਪੁਰ ਦੇ ਪੁਲਸ ਸੁਪਰਡੈਂਟ ਅਭਿਨੰਦਨ ਨੇ ਦੱਸਿਆ ਕਿ ਹਾਦਸਾ ਦੇਰ ਰਾਤ ਲੱਗਭਗ ਇਕ ਵਜੇ ਮਿਰਜ਼ਾਪੁਰ-ਵਾਰਾਣਸੀ ਹੱਦ ’ਤੇ ਕਛਵਾਂ ਅਤੇ ਮਿਰਜ਼ਾ ਮੁਰਾਦ ਦੇ ਦਰਮਿਆਨ ਜੀ. ਟੀ. ਰੋਡ ’ਤੇ ਹੋਇਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਟਰੈਕਟਰ-ਟ੍ਰਾਲੀ ’ਚ 13 ਮਜ਼ਦੂਰ ਸਵਾਰ ਸਨ, ਜੋ ਭਦੋਹੀ ਜ਼ਿਲੇ ਤੋਂ ਉਸਾਰੀ ਕਾਰਜ ਕਰ ਕੇ ਪਰਤ ਰਹੇ ਸਨ। ਉਨ੍ਹਾਂ ਦੇ ਵਾਹਨ ਨੂੰ ਇਕ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਨਾਲ ਚਾਲਕ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ।

ਐਡੀਸ਼ਨਲ ਪੁਲਸ ਸੁਪਰਡੈਂਟ ਓ. ਪੀ. ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਤੁਰੰਤ ਟਰੋਮਾ ਸੈਂਟਰ (ਕਾਸ਼ੀ ਹਿੰਦੂ ਯੂਨੀਵਰਸਿਟੀ) ਵਾਰਾਣਸੀ ਭੇਜਿਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।


Rakesh

Content Editor

Related News