1 ਮਿੰਟ ਦੀ ਦੇਰੀ ਨੇ ਤੋੜੇ ਵਿਦਿਆਰਥਣਾਂ ਦੇ ਸੁਪਨੇ, ਸੈਂਟਰ ਦੇ ਬਾਹਰ ਨਿਕਲੇ ਹੰਝੂ, ਨਿਯਮਾਂ ਦੀ ਸਖ਼ਤੀ ਨੇ...

Monday, Feb 02, 2026 - 03:28 PM (IST)

1 ਮਿੰਟ ਦੀ ਦੇਰੀ ਨੇ ਤੋੜੇ ਵਿਦਿਆਰਥਣਾਂ ਦੇ ਸੁਪਨੇ, ਸੈਂਟਰ ਦੇ ਬਾਹਰ ਨਿਕਲੇ ਹੰਝੂ, ਨਿਯਮਾਂ ਦੀ ਸਖ਼ਤੀ ਨੇ...

ਨੈਸ਼ਨਲ ਡੈਸਕ : ਬਿਹਾਰ 'ਚ ਅੱਜ ਤੋਂ ਇੰਟਰਮੀਡੀਏਟ (12ਵੀਂ) ਦੀਆਂ ਪ੍ਰੀਖਿਆਵਾਂ ਦਾ ਆਗਾਜ਼ ਹੋ ਗਿਆ ਹੈ, ਪਰ ਪ੍ਰੀਖਿਆ ਦੇ ਪਹਿਲੇ ਹੀ ਦਿਨ ਨਿਯਮਾਂ ਦੀ ਸਖ਼ਤੀ ਕਈ ਵਿਦਿਆਰਥੀਆਂ 'ਤੇ ਭਾਰੀ ਪੈ ਗਈ। ਬਿਹਾਰ ਸਕੂਲ ਪ੍ਰੀਖਿਆ ਬੋਰਡ (BSEB) ਵੱਲੋਂ ਨਕਲ ਰੋਕਣ ਲਈ ਅਪਣਾਈ ਗਈ 'ਜ਼ੀਰੋ ਟੋਲਰੈਂਸ ਪਾਲਿਸੀ' ਕਾਰਨ ਕਈ ਵਿਦਿਆਰਥਣਾਂ ਨੂੰ ਮਹਿਜ਼ ਕੁਝ ਮਿੰਟਾਂ ਦੀ ਦੇਰੀ ਹੋਣ 'ਤੇ ਪ੍ਰੀਖਿਆ ਕੇਂਦਰ 'ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਦਾ ਪੂਰਾ ਸਾਲ ਬਰਬਾਦ ਹੋਣ ਦਾ ਡਰ ਬਣ ਗਿਆ ਹੈ।

1 ਤੋਂ 4 ਮਿੰਟ ਦੀ ਦੇਰੀ ਪਈ ਮਹਿੰਗੀ 
ਭਾਗਲਪੁਰ ਦੇ ਕਈ ਪ੍ਰੀਖਿਆ ਕੇਂਦਰਾਂ, ਜਿਵੇਂ ਕਿ ਮਾਰਵਾੜੀ ਪਾਠਸ਼ਾਲਾ ਅਤੇ ਸੂਰਜ ਦੇਵੀ ਮਿਸ਼ਰੀਲਾਲ ਕੇਂਦਰ ਦੇ ਬਾਹਰ ਬਹੁਤ ਹੀ ਭਾਵੁਕ ਦ੍ਰਿਸ਼ ਦੇਖਣ ਨੂੰ ਮਿਲੇ। ਨਿਯਮਾਂ ਅਨੁਸਾਰ ਪ੍ਰੀਖਿਆ ਸ਼ੁਰੂ ਹੋਣ ਦੇ ਤੈਅ ਸਮੇਂ ਤੋਂ ਬਾਅਦ ਕਿਸੇ ਵੀ ਹਾਲਤ ਵਿੱਚ ਦਾਖ਼ਲਾ ਨਹੀਂ ਦਿੱਤਾ ਜਾ ਸਕਦਾ ਸੀ। ਨੌਂ ਵਜਦੇ ਹੀ ਕੇਂਦਰਾਂ ਦੇ ਗੇਟਾਂ ਨੂੰ ਤਾਲੇ ਲਗਾ ਦਿੱਤੇ ਗਏ। ਜਿਹੜੀਆਂ ਵਿਦਿਆਰਥਣਾਂ ਮਹਿਜ਼ 1 ਤੋਂ 4 ਮਿੰਟ ਦੀ ਦੇਰੀ ਨਾਲ ਪਹੁੰਚੀਆਂ, ਉਨ੍ਹਾਂ ਨੂੰ ਅੰਦਰ ਜਾਣ ਤੋਂ ਸਾਫ਼ ਮਨਾ ਕਰ ਦਿੱਤਾ ਗਿਆ।

ਹੱਥ ਜੋੜੇ, ਮਿੰਨਤਾਂ ਕੀਤੀਆਂ ਪਰ ਨਹੀਂ ਪਿਘਲੇ ਅਧਿਕਾਰੀ 
ਪ੍ਰੀਖਿਆ ਕੇਂਦਰਾਂ ਦੇ ਬਾਹਰ ਵਿਦਿਆਰਥਣਾਂ ਰੋਂਦੀਆਂ-ਕੁਰਲਾਉਂਦੀਆਂ ਰਹੀਆਂ। ਕਈ ਵਿਦਿਆਰਥਣਾਂ ਨੇ ਮੌਕੇ 'ਤੇ ਤਾਇਨਾਤ ਮੈਜਿਸਟ੍ਰੇਟ ਅਤੇ ਪੁਲਿਸ ਕਰਮਚਾਰੀਆਂ ਅੱਗੇ ਹੱਥ ਜੋੜ ਕੇ ਗੁਹਾਰ ਲਗਾਈ ਅਤੇ ਦੁਬਾਰਾ ਅਜਿਹੀ ਗਲਤੀ ਨਾ ਕਰਨ ਦੀ ਕਸਮ ਵੀ ਖਾਧੀ, ਪਰ ਨਿਯਮਾਂ ਦੀ ਕੰਧ ਇੰਨੀ ਸਖ਼ਤ ਸੀ ਕਿ ਉਨ੍ਹਾਂ ਨੂੰ ਇੱਕ ਮਿੰਟ ਦੀ ਵੀ ਮੋਹਲਤ ਨਹੀਂ ਦਿੱਤੀ ਗਈ। ਇਸ ਦੌਰਾਨ ਵਿਦਿਆਰਥਣਾਂ ਦੇ ਮਾਪੇ ਵੀ ਬੇਬਸ ਨਜ਼ਰ ਆਏ ਅਤੇ ਆਪਣੀਆਂ ਧੀਆਂ ਦੇ ਟੁੱਟਦੇ ਸੁਪਨੇ ਦੇਖ ਕੇ ਖ਼ੁਦ ਵੀ ਭਾਵੁਕ ਹੋ ਗਏ।
ਦੱਸ ਦੇਈਏ ਕਿ ਭਾਗਲਪੁਰ ਵਿੱਚ ਕੁੱਲ 59 ਪ੍ਰੀਖਿਆ ਕੇਂਦਰਾਂ 'ਤੇ ਇੰਟਰਮੀਡੀਏਟ ਦੀ ਪ੍ਰੀਖਿਆ ਲਈ ਜਾ ਰਹੀ ਹੈ, ਜਿਸ ਵਿੱਚ 44,644 ਪ੍ਰੀਖਿਆਰਥੀ ਸ਼ਾਮਲ ਹਨ। ਪਹਿਲੇ ਦਿਨ ਪਹਿਲੀ ਪਾਲੀ ਵਿੱਚ ਬਾਇਓਲੋਜੀ ਅਤੇ ਦੂਜੀ ਪਾਲੀ ਵਿੱਚ ਫਿਲਾਸਫੀ ਦੀ ਪ੍ਰੀਖਿਆ ਹੋ ਰਹੀ ਹੈ। ਇਸ ਸਖ਼ਤੀ ਨੇ ਹੁਣ ਇਹ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕੀ ਨਿਯਮਾਂ ਦੇ ਨਾਲ-ਨਾਲ ਮਨੁੱਖੀ ਸੰਵੇਦਨਾਵਾਂ ਲਈ ਵੀ ਕੋਈ ਥਾਂ ਹੋਣੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News