ਯੂਕ੍ਰੇਨ ’ਚ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਨੇ ਬੈਂਕਾਂ ਤੋਂ ਲਿਆ ਕਰਜ਼, 121 ਕਰੋੜ ਰੁਪਏ ਬਕਾਇਆ
Monday, Apr 04, 2022 - 02:19 PM (IST)
 
            
            ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਨੂੰ ਦੱਸਿਆ ਕਿ 31 ਦਸੰਬਰ 2021 ਤੱਕ 1,319 ਵਿਦਿਆਰਥੀਆਂ ਨੇ ਯੂਕ੍ਰੇਨ ’ਚ ਅਧਿਐਨ ਲਈ ਸਿੱਖਿਆ ਕਰਜ਼ ਪ੍ਰਾਪਤ ਕੀਤੀ ਸੀ ਅਤੇ ਉਨ੍ਹਾਂ ਦੇ ਸਬੰਧ ’ਚ 121.61 ਕਰੋੜ ਰੁਪਏ ਬਕਾਇਆ ਹੈ। ਲੋਕ ਸਭਾ ’ਚ ਵਿਜੇ ਵਸੰਤ ਅਤੇ ਰਵਨੀਤ ਸਿੰਘ ਦੇ ਪ੍ਰਸ਼ਨ ਦੇ ਲਿਖਤੀ ਉੱਤਰ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਜਾਣਕਾਰੀ ਦਿੱਤੀ।
ਸੀਤਾਰਮਨ ਨੇ ਕਿਹਾ ਕਿ ਮੌਜੂਦਾ ਸਮੇਂ ਯੂਕ੍ਰੇਨ ’ਚ ਹਾਲਾਤ ਅਸਥਿਰ ਹੈ ਅਤੇ ਸਰਕਾਰ ਇਸ ’ਤੇ ਨਜ਼ਰ ਰੱਖ ਰਹੀ। ਹਾਲਾਤ ਸਥਿਰ ਹੋਣ ’ਤੇ ਹੀ ਸੁਧਾਰਾਤਮਕ ਕਦਮਾਂ ’ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ ਅਤੇ ਭਾਰਤੀ ਬੈਂਕ ਸੰਘ ਨਾਲ ਜੁੜੇ ਨਿੱਜੀ ਖੇਤਰ ਦੇ 21 ਬੈਂਕਾਂ ਤੋਂ ਪ੍ਰਾਪਤ ਸੂਚਨਾ ਮੁਤਾਬਕ 31 ਦਸੰਬਰ 2021 ਤੱਕ 1,319 ਵਿਦਿਆਰਥੀਆਂ ਨੇ ਯੂਕ੍ਰੇਨ ’ਚ ਅਧਿਐਨ ਲਈ ਸਿੱਖਿਆ ਕਰਜ਼ ਪ੍ਰਾਪਤ ਕੀਤਾ ਸੀ। ਸਰਕਾਰ ਨੇ ਭਾਰਤੀ ਬੈਂਕ ਸੰਘ ਨੂੰ ਵਾਪਸ ਆਉਣ ਵਾਲੇ ਵਿਦਿਆਰਥੀਆਂ ਦੀ ਬਕਾਇਆ ਸਿੱਖਿਆ ਦੇ ਕਰਜ਼ੇ ਦੇ ਸਬੰਧ ’ਚ ਸੰਘਰਸ਼ ਦੇ ਕਾਰਨ ਪੈਣ ਵਾਲੇ ਪ੍ਰਭਾਵ ਦਾ ਅਨੁਮਾਨ ਅਤੇ ਵੱਖ-ਵੱਖ ਪੱਖਕਾਰਾਂ ਨਾਲ ਇਸ ਬਾਰੇ ਸਲਾਹ-ਮਸ਼ਵਰਾ ਸ਼ੁਰੂ ਕਰਨ ਲਈ ਕਿਹਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਮੁਤਾਬਕ 1 ਫਰਵਰੀ 2022 ਤੋਂ ਹੁਣ ਤੱਕ ਵਿਦਿਆਰਥੀਆਂ ਸਮੇਤ ਲੱਗਭਗ 22,500 ਭਾਰਤੀ ਨਾਗਰਿਕ ਯੂਕ੍ਰੇਨ ਤੋਂ ਸੁਰੱਖਿਅਤ ਭਾਰਤ ਪਰਤ ਆਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਯੂਕ੍ਰੇਨ ਤੋਂ ਉਨ੍ਹਾਂ ਦੇ ਪੱਛਮੀ ਗੁਆਂਢੀ ਦੇਸ਼ਾਂ ਨੂੰ ਆਉਣ ਵਾਲੇ ਭਾਰਤੀਆਂ ਨੂੰ ਆਸਰਾ, ਭੋਜਨ ਅਤੇ ਮੈਡੀਕਲ ਮਦਦ ਦੇ ਰੂਪ ’ਚ ਹਰ ਸੰਭਵ ਮਦਦ ਪ੍ਰਦਾਨ ਕੀਤੀ ਅਤੇ ‘ਆਪ੍ਰੇਸ਼ਨ ਗੰਗਾ’ ਤਹਿਤ ਉਡਾਣਾਂ ਜ਼ਰੀਏ ਉਨ੍ਹਾਂ ਨੂੰ ਦੇਸ਼ ਲਿਆਂਦਾ ਗਿਆ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            