‘ਇੰਡੀਆ’ ਮੁੱਖ ਧਾਰਾ ਦੇ ਮੀਡੀਆ ਨੂੰ ਛੱਡ ਕੇ ਯੂ-ਟਿਊਬ ਮੀਡੀਆ ’ਤੇ ਜਾਣ ਦੀ ਤਿਆਰੀ ’ਚ

Friday, Jul 28, 2023 - 04:28 PM (IST)

‘ਇੰਡੀਆ’ ਮੁੱਖ ਧਾਰਾ ਦੇ ਮੀਡੀਆ ਨੂੰ ਛੱਡ ਕੇ ਯੂ-ਟਿਊਬ ਮੀਡੀਆ ’ਤੇ ਜਾਣ ਦੀ ਤਿਆਰੀ ’ਚ

ਨਵੀਂ ਦਿੱਲੀ- ਇਹ ਅਜੀਬ ਲੱਗ ਸਕਦਾ ਹੈ ਪਰ ਇਹ ਸੱਚ ਹੈ ਕਿ ‘ਇੰਡੀਆ’ ਨਾਮੀ 26 ਪਾਰਟੀਆਂ ਦੇ ਗੱਠਜੋੜ ਨੇ ਆਪਣੀ ਪੱਖਪਾਤੀ ਰਿਪੋਰਟਿੰਗ ਅਤੇ ਬਹਿਸ ਲਈ ਪ੍ਰਸਿੱਧ ਟੀ. ਵੀ. ਚੈਨਲਾਂ ਦੇ ਬਾਈਕਾਟ ਲਈ ਗੰਭੀਰਤਾ ਨਾਲ ਵਿਚਾਰ ਕੀਤਾ ਹੈ। ਬੈਂਗਲੂਰੂ ਮੀਟਿੰਗ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੁਆਰਾ ਪੇਸ਼ ਕੀਤੇ ਗਏ ਵਿਚਾਰ ’ਤੇ ਸੰਖੇਪ ਚਰਚਾ ਹੋਈ। ਰਾਹੁਲ ਗਾਂਧੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਸਾਰੇ ਲੋਕਾਂ ਵਲੋਂ ਇਕ ਸਪਸ਼ਟ ਅਤੇ ਸਖਤ ਰੁਖ ਅਪਨਾਇਆ ਜਾਵੇ ਜੋ ਇਕੱਠੇ ਲੋਕ ਸਭਾ ਚੋਣਾਂ ਲੜਨਾ ਚਾਹੁੰਦੇ ਹਨ। ਹਾਲਾਂਕਿ ਕੋਈ ਵੀ ਪਾਰਟੀ ਜਨਤਕ ਤੌਰ ’ਤੇ ਬੋਲਣ ਲਈ ਤਿਆਰ ਨਹੀਂ ਸੀ, ਪਰ ਕਾਂਗਰਸ ਪਾਰਟੀ ਵੱਲੋਂ ਇਹ ਪ੍ਰਸਤਾਵ ਦਿੱਤਾ ਗਿਆ ਕਿ ਸਮੁੱਚੀ ਵਿਰੋਧੀ ਧਿਰ ਨੂੰ ਮੁੱਖ ਧਾਰਾ ਦੇ ਮੀਡੀਆ ਦਾ ਵਿਰੋਧ ਕਰਨਾ ਚਾਹੀਦਾ ਹੈ।

ਬੈਠਕ ਵਿਚ ਬਾਈਕਾਟ ਦੇ ਤੌਰ-ਤਰੀਕਿਆਂ ਬਾਰੇ ਵੀ ਚਰਚਾ ਕੀਤੀ ਗਈ ਕਿਉਂਕਿ ਇਹ ਤੈਅ ਕਰਨਾ ਹੋਵੇਗਾ ਕਿ ਕਿਸ ਦਾ ਬਾਈਕਾਟ ਕੀਤਾ ਜਾਵੇ ਅਤੇ ਕਿਸ ਦਾ ਨਹੀਂ। ਜਵਾਬ ਵਿਚ ਕਿਹਾ ਗਿਆ ਕਿ ਜੋ ਮੀਡੀਆ ਸਿਰਫ਼ ਇਕਪਾਸੜ ਖ਼ਬਰਾਂ ਚਲਾਉਂਦਾ ਹੈ ਅਤੇ ਬਹਿਸ ਰਾਹੀਂ ਦੇਸ਼ ਅਤੇ ਸਮਾਜ ਵਿਚ ਵੰਡ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਉਸ ਦਾ ਬਾਈਕਾਟ ਕੀਤਾ ਜਾਵੇ।

ਦੱਸਿਆ ਗਿਆ ਕਿ ਰਾਹੁਲ ਗਾਂਧੀ ਨੇ ਆਪਣੀ ਭਾਰਤ ਜੋੜੋ ਯਾਤਰਾ ਦੌਰਾਨ ਕਿਸੇ ਵੀ ਰਾਸ਼ਟਰੀ ਟੀ. ਵੀ. ਚੈਨਲ ਨੂੰ ਇੰਟਰਵਿਊ ਨਹੀਂ ਦਿੱਤੀ। ਉਨ੍ਹਾਂ ਨੇ ਸਿਰਫ਼ ਯੂ-ਟਿਊਬ ਚੈਨਲਾਂ ਅਤੇ ਸੋਸ਼ਲ ਮੀਡੀਆ ’ਤੇ ਇੰਟਰਵਿਊ ਦਿੱਤੀ। ਜ਼ਿਆਦਾਤਰ ਆਗੂ ਸਹਿਮਤ ਹੋ ਗਏ ਪਰ ਬੈਂਗਲੂਰੂ ਸੰਮੇਲਨ ਦੌਰਾਨ ਕੋਈ ਫੈਸਲਾ ਨਹੀਂ ਲਿਆ ਗਿਆ। ਇਹ ਦੱਸਿਆ ਗਿਆ ਸੀ ਕਿ ਪ੍ਰਚਾਰ ਹੁਣ ਸੋਸ਼ਲ ਮੀਡੀਆ ਦੇ ਪ੍ਰਭਾਵਸ਼ਾਲੀ ਲੋਕਾਂ ਅਤੇ ਯੂ-ਟਿਊਬ ਚੈਨਲਾਂ ਰਾਹੀਂ ਕੀਤਾ ਜਾਣਾ ਚਾਹੀਦਾ ਹੈ, ਜੋ ਲੱਖਾਂ ਲੋਕਾਂ ਵਲੋਂ ਦੇਖਿਆ ਜਾਂਦੇ ਹਨ ਅਤੇ ਆਜ਼ਾਦ ਹਨ। ਅਜਿਹੇ ’ਚ ਇਨ੍ਹਾਂ ਮੀਡੀਆ ਸਮੂਹਾਂ ’ਤੇ ਵੀ ਇਸ਼ਤਿਹਾਰਾਂ ਦੀ ਮਾਰ ਪੈ ਸਕਦੀ ਹੈ ਅਤੇ ਵਿਰੋਧੀ ਸ਼ਾਸਿਤ ਰਾਜਾਂ ਨੂੰ ਵੀ ਸਾਂਝੀ ਨੀਤੀ ਅਪਣਾਉਣੀ ਪਵੇਗੀ। ਇਹ ਇਕ ਵੱਡਾ ਫੈਸਲਾ ਸੀ ਅਤੇ ਅਗਸਤ ਵਿਚ ਮੁੰਬਈ ਕਾਨਫਰੰਸ ਵਿਚ ਇਸ ਬਾਰੇ ਚਰਚਾ ਕੀਤੀ ਜਾ ਸਕਦੀ ਹੈ।


author

Rakesh

Content Editor

Related News