ਔਰਤ ਨੂੰ ਹਿਰਾਸਤ ’ਚ ਲੈਣ ਅਤੇ ਲੋਕਾਂ ਵੱਲੋਂ ਹੰਗਾਮਾ, ਥਾਣਾ ਘੇਰਿਆ
Monday, Sep 29, 2025 - 11:29 AM (IST)

ਨਿਹਾਲ ਸਿੰਘ ਵਾਲਾ (ਬਾਵਾ) : ਮਾਣੂੰਕੇ ਗਿੱਲ ਵਿਖੇ ਫਾਈਰਿੰਗ ਦੇ ਮਾਮਲੇ ਵਿਚ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਵੱਲੋਂ ਧੂੜਕੋਟ ਦੀ ਔਰਤ ਨੂੰ ਹਿਰਾਸਤ ਵਿਚ ਲੈਣ ਤੇ ਰੋਹ ਵਿਚ ਆਏ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਰਾਤ ਸਮੇਂ ਥਾਣੇ ਨੂੰ ਘੇਰਾ ਪਾ ਲਿਆ। ਪ੍ਰਦਰਸ਼ਨਕਾਰੀ ਥਾਣੇ ਅੰਦਰ ਵੜ ਗਏ ਅਤੇ ਅੱਧੀ ਰਾਤ ਤੱਕ ਨਾਅਰੇਬਾਜ਼ੀ ਕਰਦੇ ਰਹੇ, ਜਿਸ ਤੋਂ ਬਾਅਦ ਮਜਬੂਰ ਹੋ ਕੇ ਪੁਲਸ ਨੂੰ ਉਕਤ ਔਰਤ ਨੂੰ ਰਿਹਾਅ ਕਰਨ ਲਈ ਮਜਬੂਰ ਹੋਣਾ ਪਿਆ। ਇਸ ਪ੍ਰਦਰਸ਼ਨ ਵਿਚ ਪਿੰਡ ਧੂੜਕੋਟ ਰਣਸੀਂਹ ਤੋਂ ਇਲਾਵਾ ਹੋਰ ਵੀ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ, ਜੋ ਕਿ ਪੁਲਸ ’ਤੇ ਜਿਆਦਤੀਆਂ ਦਾ ਦੋਸ਼ ਲਾ ਰਹੇ ਸਨ। ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਪੁਲਸ ਸਟੇਸ਼ਨ ਨਿਹਾਲ ਸਿੰਘ ਵਾਲਾ ਵਿਖੇ ਕੋਈ ਮਹਿਲਾ ਹਵਾਲਾਤ ਨਹੀਂ ਹੈ ਪਰ ਫਿਰ ਵੀ ਪੁਲਸ ਔਰਤਾਂ ਨੂੰ ਥਾਣੇ ਅੰਦਰ ਕਿਵੇਂ ਰੱਖ ਰਹੀ ਹੈ?
ਪਤਾ ਲੱਗਾ ਹੈ ਕਿ ਪਿੰਡ ਮਾਣੂਕੇ ਗਿੱਲ ਵਿਚ ਹੋਈ ਫਾਈਰਿੰਗ ਦੇ ਮਾਮਲੇ ਵਿਚ ਉਕਤ ਔਰਤ ਸਰਬਜੀਤ ਕੌਰ ਧੂੜਕੋਟ ਅਤੇ ਉਸਦੇ ਬੇਟੇ ਸੁਖਦੀਪ ਸਿੰਘ ਨੂੰ ਪੁਲਸ ਨੇ ਨਾਮਜ਼ਦ ਕੀਤਾ ਹੈ। ਲੋਕਾਂ ਦੇ ਦਬਾਅ ਅੱਗੇ ਝੁਕਦਿਆਂ ਪੁਲਸ ਨੇ ਉਕਤ ਔਰਤ ਨੂੰ ਰਿਹਾਅ ਕਰ ਦਿੱਤਾ।