SDM 'ਤੇ 'ਆਪ' ਉਮੀਦਵਾਰਾਂ ਦੇ ਹੱਕ 'ਚ ਪਾਇਆ ਜਾ ਰਿਹਾ ਦਬਾਅ : ਬਾਜਵਾ
Sunday, Mar 22, 2026 - 11:26 PM (IST)
ਵੈੱਬ ਡੈਸਕ : ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਾਘਾਪੁਰਾਣਾ 'ਚ ਪ੍ਰਸ਼ਾਸਨਿਕ ਸੁਤੰਤਰਤਾ ਦੇ ਹੋ ਰਹੇ ਕਥਿਤ ਘਾਣ ਨੂੰ ਲੈ ਕੇ ਸੂਬਾ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਬਾਜਵਾ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਡਾ. ਗਗਨਦੀਪ ਸਿੰਘ ਰੰਧਾਵਾ ਦੀ ਦੁਖਦਾਈ ਮੌਤ ਤੋਂ ਬਾਅਦ, ਹੁਣ SDM ਬਾਘਾਪੁਰਾਣਾ, ਬਬਨਦੀਪ ਸਿੰਘ 'ਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਦਾ ਪੱਖ ਪੂਰਨ ਲਈ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ।
ਬਾਜਵਾ ਨੇ ਪ੍ਰਸ਼ਾਸਨਿਕ ਢਾਂਚੇ 'ਤੇ ਚਿੰਤਾ ਪ੍ਰਗਟ ਕਰਦਿਆਂ ਸਵਾਲ ਕੀਤਾ ਕਿ ਕੀ ਹੁਣ ਅਧਿਕਾਰੀਆਂ ਨੂੰ ਕਾਨੂੰਨ ਦੀ ਰਾਖੀ ਕਰਨ ਦੀ ਬਜਾਏ ਸਿਰਫ਼ ਸਿਆਸੀ ਏਜੰਟਾਂ ਵਜੋਂ ਵਰਤਿਆ ਜਾ ਰਿਹਾ ਹੈ?। ਉਨ੍ਹਾਂ ਇਸ ਕਾਰਵਾਈ ਨੂੰ ਲੋਕਤੰਤਰ ਅਤੇ ਸ਼ਾਸਨ ਪ੍ਰਣਾਲੀ 'ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਵਿਰੋਧੀ ਧਿਰ ਦੇ ਨੇਤਾ ਨੇ ਜ਼ੋਰ ਦੇ ਕੇ ਕਿਹਾ ਕਿ ਅਧਿਕਾਰੀਆਂ ਵਿਰੁੱਧ ਵਰਤੀਆਂ ਜਾ ਰਹੀਆਂ ਜ਼ੋਰ-ਜ਼ਬਰਦਸਤੀ, ਧੱਕੇਸ਼ਾਹੀ ਅਤੇ ਮਾਨਸਿਕ ਪਰੇਸ਼ਾਨੀ ਦੀਆਂ ਨੀਤੀਆਂ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨਿਕ ਸੁਤੰਤਰਤਾ ਨੂੰ ਬਹਾਲ ਰੱਖਿਆ ਜਾਵੇ ਤਾਂ ਜੋ ਅਧਿਕਾਰੀ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਆਪਣੀ ਡਿਊਟੀ ਨਿਭਾ ਸਕਣ।
SDM ਨੇ ਮੁੱਖ ਸਕੱਤਰ ਨੂੰ ਕੀਤੀ ਸ਼ਿਕਾਇਤ
ਜ਼ਿਲ੍ਹਾ ਮੋਗਾ ਦੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਉਸ ਸਮੇਂ ਵੱਡਾ ਹੜਕੰਪ ਮਚ ਗਿਆ, ਜਦੋਂ ਬਾਘਾ ਪੁਰਾਣਾ ਦੇ SDM ਬਬਨਦੀਪ ਸਿੰਘ ਵਾਲੀਆ (PCS) ਵੱਲੋਂ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ (IAS) ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ ਸ਼ਿਕਾਇਤ ਭੇਜੀ ਗਈ। SDM ਨੇ ਡਿਪਟੀ ਕਮਿਸ਼ਨਰ 'ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ, ਤਸੀਹੇ ਦੇਣ ਅਤੇ ਗੈਰ-ਕਾਨੂੰਨੀ ਦਬਾਅ ਪਾਉਣ ਦੇ ਗੰਭੀਰ ਦੋਸ਼ ਲਾਏ ਹਨ। ਸ਼ਿਕਾਇਤ ਮੁਤਾਬਕ ਇਹ ਸਾਰਾ ਵਿਵਾਦ 17 ਮਾਰਚ 2026 ਨੂੰ ਹੋਈਆਂ ਬਾਘਾ ਪੁਰਾਣਾ ਪੰਚਾਇਤ ਸਮਿਤੀ ਦੇ ਚੇਅਰਪਰਸਨ ਅਤੇ ਵਾਈਸ-ਚੇਅਰਪਰਸਨ ਦੀਆਂ ਚੋਣਾਂ ਨਾਲ ਜੁੜਿਆ ਹੋਇਆ ਹੈ। SDM ਵਾਲੀਆ ਨੇ ਦੱਸਿਆ ਕਿ ਉਸ ਦਿਨ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਕਾਰਨ ਚੋਣ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ ਸੀ। ਦੋਸ਼ ਹੈ ਕਿ ਇਸ ਤੋਂ ਬਾਅਦ DC ਵੱਲੋਂ ਉਨ੍ਹਾਂ 'ਤੇ ਖਾਸ ਉਮੀਦਵਾਰਾਂ ਦੇ ਪੱਖ ਵਿੱਚ ਨਤੀਜੇ ਐਲਾਨਣ ਲਈ ਲਗਾਤਾਰ ਦਬਾਅ ਪਾਇਆ ਜਾਣ ਲੱਗਾ।
SDM ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੂੰ ਬੇਵਕਤ ਫੋਨ ਕਰਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਛੁੱਟੀ ਵਾਲੇ ਦਿਨ ਵੀ ਨਹੀਂ ਬਖਸ਼ਿਆ ਜਾਂਦਾ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਵਿਜੀਲੈਂਸ ਜਾਂਚ, ਅਨੁਸ਼ਾਸਨੀ ਕਾਰਵਾਈ ਅਤੇ FIR ਦਰਜ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। SDM ਮੁਤਾਬਕ ਇਹ ਦਬਾਅ ਇੰਨਾ ਵੱਧ ਗਿਆ ਹੈ ਕਿ ਉਨ੍ਹਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦਾ ਡਰ ਸਤਾਉਣ ਲੱਗਾ ਹੈ।
SDM ਬਬਨਦੀਪ ਸਿੰਘ ਵਾਲੀਆ ਨੇ ਮੁੱਖ ਸਕੱਤਰ ਨੂੰ ਅਪੀਲ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਮਾਨਸਿਕ ਤਣਾਅ ਕਾਰਨ ਉਨ੍ਹਾਂ ਨੂੰ ਇੱਕ ਮਹੀਨੇ ਦੀ ਛੁੱਟੀ ਦਿੱਤੀ ਜਾਵੇ। ਉਨ੍ਹਾਂ ਦੀ ਬਦਲੀ ਮੋਗਾ ਤੋਂ ਬਾਹਰ ਕਿਸੇ ਹੋਰ ਸਟੇਸ਼ਨ 'ਤੇ ਕੀਤੀ ਜਾਵੇ ਤਾਂ ਜੋ ਉਹ ਇਸ ਦਬਾਅ ਤੋਂ ਮੁਕਤ ਹੋ ਸਕਣ। ਇਸ ਸ਼ਿਕਾਇਤ ਦੀ ਇੱਕ ਕਾਪੀ ਮੁੱਖ ਮੰਤਰੀ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਨੂੰ ਵੀ ਜਾਣਕਾਰੀ ਲਈ ਭੇਜੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਪ੍ਰਸ਼ਾਸਨਿਕ ਟਕਰਾਅ 'ਤੇ ਕੀ ਕਾਰਵਾਈ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
