ਬਲਾਕ ਸੰਮਤੀ ਦੀ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਨੂੰ ਲੈ ਕੇ ਤਣਾਅ

Saturday, Mar 21, 2026 - 06:24 PM (IST)

ਬਲਾਕ ਸੰਮਤੀ ਦੀ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਨੂੰ ਲੈ ਕੇ ਤਣਾਅ

ਬਾਘਾਪੁਰਾਣਾ (ਕਸ਼ਿਸ਼ ਸਿੰਗਲਾ) : ਬਲਾਕ ਸੰਮਤੀ ਦੀ ਚੇਅਰਮੈਨੀ ਅਤੇ ਵਾਈਸ ਚੇਅਰਮੈਨੀ ਚੋਣਾਂ ਨੂੰ ਲੈ ਕੇ ਇਲਾਕੇ ਵਿਚ ਅਣਿਸ਼ਚਿਤਤਾ ਅਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਚੋਣ ਪ੍ਰਕਿਰਿਆ ਕਈ ਵਾਰ ਤਾਰੀਖਾਂ ਦੇ ਬਦਲਾਅ ਅਤੇ ਅਚਾਨਕ ਆਏ ਵਿਘਨਾਂ ਕਾਰਨ ਅਜੇ ਤੱਕ ਪੂਰੀ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ, ਇਹ ਚੋਣ ਪਹਿਲਾਂ 5 ਮਾਰਚ ਨੂੰ ਹੋਣੀ ਸੀ ਪਰ ਉਸ ਦਿਨ ਸੱਤਾਧਾਰੀ ਪਾਰਟੀ ਦੇ ਬਲਾਕ ਸੰਮਤੀ ਮੈਂਬਰਾਂ ਦੇ ਗੈਰਹਾਜ਼ਰ ਰਹਿਣ ਕਾਰਨ ਚੋਣ ਪ੍ਰਕਿਰਿਆ ਅਧੂਰੀ ਰਹਿ ਗਈ। ਇਸ ਨਾਲ ਸਿਆਸੀ ਪੱਧਰ ‘ਤੇ ਹਲਚਲ ਤੇਜ਼ ਹੋ ਗਈ ਸੀ ਅਤੇ ਵਿਰੋਧੀ ਧਿਰ ਵੱਲੋਂ ਵੀ ਸਵਾਲ ਖੜ੍ਹੇ ਕੀਤੇ ਗਏ ਸਨ।

ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਅੱਧੀ ਰਾਤ ਨੂੰ ਨਵਾਂ ਹੁਕਮ ਜਾਰੀ ਕਰਦੇ ਹੋਏ 13 ਮਾਰਚ ਨੂੰ ਮੁੜ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ। ਪਰ ਸਥਿਤੀ ਵਿੱਚ ਸੁਧਾਰ ਨਾ ਆਉਣ ਕਾਰਨ ਇਹ ਪ੍ਰਕਿਰਿਆ ਫਿਰ ਵੀ ਅੱਗੇ ਨਹੀਂ ਵੱਧ ਸਕੀ।
ਸੂਤਰਾਂ ਮੁਤਾਬਕ ਆਖਿਰਕਾਰ 17 ਮਾਰਚ ਨੂੰ ਚੋਣ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦਿਨ ਇਲਾਕੇ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਣ ਕਰਕੇ ਚੋਣ ਮੁੜ ਰੱਦ ਹੋਣ ਦੀ ਖਬਰ ਸਾਹਮਣੇ ਆਈ ਹੈ। ਲਗਾਤਾਰ ਹੋ ਰਹੀਆਂ ਰੱਦਗੀਆਂ ਅਤੇ ਤਾਰੀਖਾਂ ਦੇ ਬਦਲਾਅ ਨਾਲ ਸਿਆਸੀ ਮਾਹੌਲ ਗਰਮਾ ਗਿਆ ਹੈ ਅਤੇ ਆਮ ਲੋਕਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜਲਦ ਹੀ ਨਵੀਂ ਤਾਰੀਖ ਦਾ ਐਲਾਨ ਕੀਤਾ ਜਾਵੇਗਾ। ਇਸ ਸਾਰੇ ਮਾਮਲੇ ਨੇ ਸਥਾਨਕ ਰਾਜਨੀਤੀ ਵਿੱਚ ਤਣਾਅ ਵਧਾ ਦਿੱਤਾ ਹੈ ਅਤੇ ਸਭ ਦੀ ਨਜ਼ਰ ਹੁਣ ਅਗਲੀ ਚੋਣ ਤਾਰੀਖ ‘ਤੇ ਟਿਕੀ ਹੋਈ ਹੈ। ਹਾਲਾਂਕਿ ਇਸ ਪੋਸਟ ਸਬੰਧੀ ਕੋਈ ਵੀ ਅਧਿਕਾਰੀ ਪੁਸ਼ਟੀ ਨਹੀਂ ਆਈ ਹੈ।


author

Gurminder Singh

Content Editor

Related News