ਮੋਗਾ : ਜ਼ਿਲ੍ਹਾ ਖੇਤੀਬਾੜੀ ਵਿਭਾਗ ਮੁੜ ਵਿਵਾਦਾਂ ’ਚ, ਮੁੱਖ ਖੇਤੀਬਾੜੀ ਅਫ਼ਸਰ ’ਤੇ ਲੱਗੇ ਰਿਸ਼ਵਤ ਮੰਗਣ ਦੇ ਇਲਜ਼ਾਮ

08/08/2022 4:15:03 PM

ਮੋਗਾ (ਗੋਪੀ ਰਾਊਕੇ) : ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵਲੋਂ ਸਮੁੱਚੇ ਸਰਕਾਰੀ ਵਿਭਾਗਾਂ ਨੂੰ ਪਾਰਦਰਸ਼ੀ ਢੰਗ ਚਲਾਉਣ ਅਤੇ ਸਰਕਾਰੀ ਦਫਤਰਾਂ ਵਿਚੋਂ ਪੂਰਨ ਤੌਰ ’ਤੇ ਭ੍ਰਿਸ਼ਟਾਚਾਰ ਬੰਦ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਦੂਜੇ ਪਾਸੇ ਹੇਠਲੇ ਪੱਧਰ ’ਤੇ ਸਰਕਾਰੀ ਦਫਤਰਾਂ ਦਾ ਕਥਿਤ ਤੌਰ ’ਤੇ ਹਾਲੇ ਵੀ ‘ਰੱਬ ਹੀ ਰਾਖਾ’ ਹੈ ਕਿਉਕਿ ਜ਼ਮੀਨੀ ਪੱਧਰ ’ਤੇ ਹਕੂਮਤ ਬਦਲਣ ਮਗਰੋਂ ਵਰਤਾਰਾ ਫ਼ਿਰ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ।

ਪਿਛਲੇ ਕਾਫੀ ਦਿਨਾਂ ਤੋਂ ਸੁਰਖੀਆਂ ਵਿਚ ਚੱਲਦਾ ਆ ਰਿਹਾ ਜ਼ਿਲ੍ਹਾ ਖੇਤੀਬਾੜੀ ਵਿਭਾਗ ਮੁੜ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ, ਕਿਉਂਕਿ ਬੱਧਨੀ ਕਲਾਂ ਨਿਵਾਸੀ ਇੱਕ ਪੈਸਟੀਸਾਈਡ ਡੀਲਰ ਨੇ ਜ਼ਿਲ੍ਹਾ ਦੇ ਮੁੱਖ ਖ਼ੇਤੀਬਾੜੀ ਅਫ਼ਸਰ ਵੱਲੋਂ ਕਥਿਤ ਤੌਰ 'ਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਲਗਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪ੍ਰਿੰਸੀਪਲ ਸੈਕਟਰੀ ਅਤੇ ਡਾਇਰੈਕਟਰ ਖ਼ੇਤੀਬਾੜੀ ਵਿਭਾਗ ਨੂੰ ਸ਼ਿਕਾਇਤ ਪੱਤਰ ਭੇਜ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਦੂਜੇ ਪਾਸੇ ਖ਼ੇਤੀਬਾੜੀ ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ ਵਲੋਂ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ।

‘ਜਗ ਬਾਣੀ’ ਨੂੰ ਉਹ ਸ਼ਿਕਾਇਤ ਦੀ ਕਾਪੀ ਮਿਲੀ ਹੈ, ਜਿਸ ਵਿਚ ‘ਮਿੱਤਲ ਫਰਟੀਲਾਈਜ਼ਰ ਐਂਡ ਪੈਸਟੀਸਾਈਡ’ ਬੱਧਨੀ ਕਲਾਂ ਦੇ ਮਾਲਕ ਬੌਬੀ ਮਿੱਤਲ ਨੇ ਇਸ ਵਿਚ ਕਈ ਤਰ੍ਹਾਂ ਦੇ ਦੋਸ਼ ਲਗਾਏ ਹਨ। ਪੀੜ੍ਹਤ ਨੇ ਮੁੱਖ ਮੰਤਰੀ ਨੂੰ ਭੇਜੇ ਸ਼ਿਕਾਇਤ ਪੱਤਰ ਵਿਚ ਕਿਹਾ ਹੈ ਕਿ ਦਰਅਸਲ 1 ਦਸੰਬਰ 2021 ਨੂੰ ਬੱਧਨੀ ਕਲਾਂ ਵਿਖੇ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰੈਲੀ ਸੀ ਤੇ ਇਸ ਮੌਕੇ ਕੁੱਝ ਹੋਲਸੇਲਰ ਬੀਜ਼ ਮਾਲਕਾਂ ਨੇ ਮੁੱਖ ਮੰਤਰੀ ਨੂੰ ਫੁੱਲਾਂ ਦੇ ਗੁਲਦਸਤੇ ਦਿੱਤੇ ਸਨ, ਜਿਨ੍ਹਾਂ ਨੇ ਡੀਲਰਾਂ ਨੂੰ ਕਥਿਤ ਮਾੜਾ ਬੀਜ ਸਪਲਾਈ ਕੀਤਾ।

ਇਸ ਮਗਰੋਂ ਅਸੀਂ ਮੁੱਖ ਖੇਤੀਬਾੜੀ ਅਫ਼ਸਰ ਪ੍ਰਿਤਪਾਲ ਸਿੰਘ ਕੋਲ ਇਨ੍ਹਾਂ ਦੀ ਸ਼ਿਕਾਇਤ ਕਰਨ ਲਈ ਗਏ ਪਰ ਉਨ੍ਹਾਂ ਸਾਡੀ ਕੋਈ ਗੱਲ ਨਹੀਂ ਸੁਣੀ ਤੇ ਸਾਨੂੰ ਕਥਿਤ ਤੌਰ ’ਤੇ ਇਹ ਕਿਹਾ ਕਿ ਮੈਂ ਅਫਸਰਾਂ ਨੂੰ ਵੰਗਾਰ ਦੇਣੀ ਹੁੰਦੀ ਤੁਸੀਂ ਮੈਨੂੰ ਪਹਿਲਾਂ 50 ਹਜ਼ਾਰ ਰੁਪਏ ਦੇਵੋ, ਜਦੋਂ ਮੈਂ ਇਨਕਾਰ ਕੀਤਾ ਤਾਂ ਇਸ ਮਗਰੋਂ ਮੇਰੇ ਨਾਲ ਕਥਿਤ ਤੌਰ 'ਤੇ ਖੇਤੀਬਾੜੀ ਵਿਭਾਗ ਦਾ ‘ਅਮਲਾ ਫੈਲਾ’ ਰੰਜਿਸ਼ ਰੱਖਣ ਲੱਗ ਪਿਆ ਤੇ ਨਿਹਾਲ ਸਿੰਘ ਵਾਲਾ ਵਿਭਾਗ ਦਾ ਸਾਰਾ ਸਟਾਫ ਮੇਰੀ ਦੁਕਾਨ 'ਤੇ ਆਇਆ ਤੇ ਜਿਨ੍ਹਾਂ ਲਾਈਵ ਵੀਡੀਓ ਕਾਲ ਜ਼ਰੀਏ ਮੇਰੀ ਦੁਕਾਨ ਦੀ ਵੀਡੀਓ ਜ਼ਿਲ੍ਹਾ ਖੇਤੀਬਾੜੀ ਅਫਸਰ ਨੂੰ ਦਿਖਾਈ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮੁੱਖ ਖੇਤੀਬਾੜੀ ਅਫਸਰ ਨੇ ਮੇਰੀ ਦੁਕਾਨ ਤੋਂ ਕਰਿਸਟਲ ਕੰਪਨੀ ਦੀ ਅਵਤਾਰ ਦਵਾਈ ਦਾ ਸੈਂਪਲ ਭਰਿਆ ਸੀ, ਜਿਸ ਦੀ ਮਿਆਦ 7-8 ਮਹੀਨੇ ਪਈ ਸੀ। ਮੇਰੇ ਵਲੋਂ ਬੇਨਤੀ ਕਰਨ ’ਤੇ ਵੀ ਉਨ੍ਹਾਂ ਨਵੀਂ ਦਵਾਈ ਦਾ ਸੈਂਪਲ ਨਹੀਂ ਭਰਿਆ। ਉਨ੍ਹਾਂ ਕਿਹਾ ਕਿ ਸੈਂਪਲ ਫੇਲ੍ਹ ਹੋਣ ਮਗਰੋਂ 12 ਜਨਵਰੀ 2022 ਨੂੰ ਮੁੱਖ ਅਫਸਰ ਫਿਰ ਮੇਰੀ ਦੁਕਾਨ ’ਤੇ ਆਏ ਤੇ ਇਨ੍ਹਾਂ ਕਥਿਤ ਤੌਰ ’ਤੇ ਮੈਨੂੰ ਦੁਕਾਨ ਦੇ ਬਾਹਰ ਸੱਦ ਕੇ ਪੈਸਿਆਂ ਦੀ ਮੰਗ ਕੀਤੀ।

ਮੇਰੇ ਵਲੋਂ ਨਾ ਦੇਣ ’ਤੇ ਫ਼ਿਰ ਇਸ ਤੋਂ ਅਗਲੇ ਦਿਨ ਖੇਤੀਬਾੜੀ ਅਧਿਕਾਰੀ ਮੇਰੀ ਦੁਕਾਨ ’ਤੇ ਆਏ ਜਿਨ੍ਹਾਂ ਕਥਿਤ ਤੌਰ ’ਤੇ ਪੈਸੇ ਨਾ ਦੇਣ ਕਰਕੇ ਮੇਰੀ ਸੇਲ ਬੰਦ ਕਰ ਦਿੱਤੀ ਜਦੋਂ ਸੈਂਪਲ ਸਿਰਫ਼ ਇਕ ਦਵਾਈ ਦਾ ਖਰਾਬ ਨਿਕਲਿਆ ਸੀ। ਉਨ੍ਹਾਂ ਇਸ ਮਗਰੋਂ ਮੇਰੇ ਕੋਲ ਲਾਈਫ ਟਾਇਮ ਲਾਇਸੰਸ ਹੋਣ ਦੇ ਬਾਵਜੂਦ 14 ਮਾਰਚ 2022 ਮੇਰਾ ਲਾਇਸੰਸ ਰੱਦ ਕਰ ਦਿੱਤਾ। ਇਸ ਮਗਰੋਂ ਮੈ ਜੁਆਇੰਟ ਡਾਇਰੈਕਟਰ ਕੋਲ ਜਾ ਕੇ ਲਾਇਸੰਸ ਬਹਾਲ ਕਰਵਾਇਆ। ਉਨ੍ਹਾਂ ਦੋਸ਼ ਲਗਾਇਆਂ ਕਿ ਮੈਨੂੰ ਜਾਣ ਬੁੱਝ ਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇ।

ਵਿਜੀਲੈਂਸ ਵਿਭਾਗ ਨੂੰ ਭੇਜਿਆ ਸ਼ਿਕਾਇਤ ਪੱਤਰ
ਇਸੇ ਦੌਰਾਨ ਹੀ ਡੀਲਰ ਬੌਬੀ ਮਿੱਤਲ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਜਾਣ-ਬੁੱਝ ਕੇ ਇਸ ਸ਼ਿਕਾਇਤ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਹੁਣ ਇਸ ਸਬੰਧੀ ਵਿਜੀਲੈਂਸ ਵਿਭਾਗ ਪੰਜਾਬ ਨੂੰ ਸ਼ਿਕਾਇਤ ਪੱਤਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਵਲੋਂ ਮਾਮਲੇ ਦੀ ਜਾਂਚ ਹੋਵੇ ਤਾਂ ਸਾਰੀ ਸਚਾਈ ਸਾਹਮਣੇ ਆ ਸਕਦੀ ਹੈ।


Harnek Seechewal

Content Editor

Related News