ਰੰਜਿਸ਼ ਕਾਰਨ ਮੈਰਿਜ ਪੈਲੇਸ ’ਚ ਗੋਲੀ ਚਲਾਉਣ ਵਾਲਾ ਅਸਲੇ ਸਮੇਤ ਕਾਬੂ, ਇਕ ਜ਼ਖਮੀ

Friday, Feb 06, 2026 - 01:39 PM (IST)

ਰੰਜਿਸ਼ ਕਾਰਨ ਮੈਰਿਜ ਪੈਲੇਸ ’ਚ ਗੋਲੀ ਚਲਾਉਣ ਵਾਲਾ ਅਸਲੇ ਸਮੇਤ ਕਾਬੂ, ਇਕ ਜ਼ਖਮੀ

ਮੋਗਾ (ਆਜ਼ਾਦ) : ਬਾਘਾ ਪੁਰਾਣਾ ਨੇੜਲੇ ਪਿੰਡ ਚੰਨੂੰਵਾਲਾ ਰੋਡ ’ਤੇ ਸਥਿਤ ਇਕ ਮੈਰਿਜ ਪੈਲੇਸ ਵਿਚ ਰੰਜਿਸ਼ ਕਾਰਨ ਗੋਲੀ ਚਲਾਉਣ ਵਾਲੇ ਨੌਜਵਾਨ ਨੂੰ ਪੁਲਸ ਵਲੋਂ ਅਸਲੇ ਸਮੇਤ ਕਾਬੂ ਕੀਤਾ ਗਿਆ। ਗੋਲੀ ਲੱਗਣ ਕਾਰਨ ਜਸਪ੍ਰੀਤ ਸਿੰਘ ਨਿਵਾਸੀ ਪਿੰਡ ਗਿੱਦੜਵਿੰਡੀ ਜ਼ਖਮੀ ਹੋ ਗਿਆ, ਜਿਸ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਬਾਘਾ ਪੁਰਾਣਾ ਦੇ ਮੁੱਖ ਅਫਸਰ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮ ਅਮਰਨਾਥ ਉਰਫ ਸੋਨੂੰ ਨਿਵਾਸੀ ਪਿੰਡ ਰਾਜਿਆਣਾ ਖ਼ਿਲਾਫ਼ ਗੋਲੀ ਲੱਗਣ ਨਾਲ ਜ਼ਖਮੀ ਹੋਏ ਜਸ਼ਨਪ੍ਰੀਤ ਸਿੰਘ ਨਿਵਾਸੀ ਪਿੰਡ ਗਿੱਦੜਵਿੰਡੀ ਲੁਧਿਆਣਾ ਦੀ ਸ਼ਿਕਾਇਤ ’ਤੇ ਥਾਣਾ ਬਾਘਾ ਪੁਰਾਣਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਸਬੰਧ ਵਿਚ ਉਨ੍ਹਾਂ ਜਾਣਕਾਰੀ ਦਿੰਦਿਆਂ ਥਾਣਾ ਬਾਘਾ ਪੁਰਾਣਾ ਦੇ ਮੁੱਖ ਅਫਸਰ ਇੰਸਪੈਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਜਸ਼ਨਪ੍ਰੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਹ 3-4 ਚਾਰ ਦਿਨਾਂ ਤੋਂ ਆਪਣੀ ਮਾਸੀ ਨੂੰ ਮਿਲਣ ਲਈ ਪਿੰਡ ਰਾਜਿਆਣਾ ਆਇਆ ਹੋਇਆ ਸੀ, ਜਿੱਥੇ ਮੈਂ ਆਪਣੇ ਦੋਸਤ ਸੁਖਦੀਪ ਸਿੰਘ ਉਰਫ ਮਿੰਟੂ ਨਿਵਾਸੀ ਪਿੰਡ ਰਾਜਿਆਣਾ ਨਾਲ ਮੋਟਰਸਾਈਕਲ ’ਤੇ ਆਪਣੇ ਦੋਸਤ ਨੂੰ ਵਿਆਹ ਤੋਂ ਲੈਣ ਗਿਆ ਸੀ, ਜਿੱਥੇ ਕਥਿਤ ਮੁਲਜ਼ਮ ਅਮਰਨਾਥ ਉਰਫ ਸੋਨੂੰ ਵੀ ਮੌਜੂਦ ਸੀ, ਜਿਸ ਦੀ ਮੇਰੇ ਦੋਸਤ ਸੁਖਦੀਪ ਸਿੰਘ ਨਾਲ ਪਹਿਲਾਂ ਹੀ ਕਿਸੇ ਗੱਲ ਨੂੰ ਲੈਕੇ ਤਕਰਾਰ ਚੱਲਦੀ ਆ ਰਹੀ ਸੀ ਅਤੇ ਉਹ ਸਾਨੂੰ ਦੇਖ ਕੇ ਗਾਲੀ-ਗਲੋਚ ਕਰਨ ਲੱਗ ਪਿਆ, ਜਦੋਂ ਅਸੀਂ ਉਸ ਨੂੰ ਰੋਕਿਆ ਤਾਂ ਉਸ ਨੇ ਆਪਣੀ ਡੱਬ ਵਿਚੋਂ ਪਿਸਟਲ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਸਾਡੇ ਵੱਲ ਗੋਲੀ ਚਲਾਈ, ਜੋ ਮੇਰੀ ਸੱਜੀ ਖੱਬੀ ਵਿਚ ਲੱਗੀ ਅਤੇ ਮੈਂ ਲਹੂ ਲੁਹਾਣ ਹੋ ਕੇ ਡਿੱਗ ਪਿਆ।

ਇਸ ਉਪਰੰਤ ਕਥਿਤ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮੇਰੇ ਦੋਸਤ ਨੇ ਮੈਂਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ। ਥਾਣਾ ਮੁਖੀ ਨੇ ਕਿਹਾ ਕਿ ਕਥਿਤ ਮੁਲਜ਼ਮ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਰਨਾਥ ਸਿੰਘ ਉਰਫ ਸੋਨੂੰ ਦਾ ਲਾਇਸੈਂਸੀ ਅਸਲਾ ਹੈ ਅਤੇ ਉਹ ਲੁਧਿਆਣਾ ਦੇ ਇਕ ਆਪ ਆਗੂ ਦਾ ਗੰਨਮੈਨ ਵੀ ਦੱਸਿਆ ਜਾ ਰਿਹਾ ਹੈ, ਜਿਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸਲਾ ਲਾਇਸੈਂਸ ਕੈਂਸਲ ਕਰਨ ਲਈ ਡਿਪਟੀ ਕਮਿਸ਼ਨਰ ਮੋਗਾ ਨੂੰ ਲਿਖ ਕੇ ਭੇਜਿਆ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਨੈਬ ਸਿੰਘ ਨੇ ਕਿਹਾ ਕਿ ਕਥਿਤ ਮੁਲਜਮ ਨੂੰ ਪੁੱਛਗਿੱਛ ਦੇ ਬਾਅਦ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


author

Gurminder Singh

Content Editor

Related News