ਤਰਸ ਦੇ ਅਧਾਰ 'ਤੇ ਜਾਅਲੀ ਦਸਤਾਵੇਜ ਲਗਾ ਕੇ ਨੌਕਰੀ ਹਾਸਲ ਕਰਨ ਵਾਲਾ ਆਇਆ ਵਿਜੀਲੈਂਸ ਅੜਿੱਕੇ

09/21/2017 10:01:42 PM

ਮੋਗਾ (ਪਵਨ ਗਰੋਵਰ )-ਇੱਥੋਂ ਦੇ ਪੰਜਾਬ ਸਟੇਟ ਸਿਵਲ ਸਪਲਾਈ ਕਾਰਪੋਰੇਸ਼ਨ ਪਨਸਪ ਵਲੋਂ 10 ਵਰ੍ਹੇਂ ਪਹਿਲਾਂ ਤਰਸ ਦੇ ਅਧਾਰ ਤੇ ਭਰਤੀ ਕੀਤੇ ਗਏ ਦਰਜਾਚਾਰ ਮੁਲਾਜਮ ਵਲੋਂ ਕਥਿਤ ਤੌਰ ਤੇ ਆਪਣੀ ਨਿਯੁਕਤੀ ਵੇਲੇ ਲਗਾਏ ਗਏ ਜਾਅਲੀ ਦਸਤਾਵੇਜ ਕਰਕੇ ਦਰਜਾਚਾਰ ਕਾਮੇ ਸਮੇਤ ਚਾਰ ਵਿਰੁੱਧ ਵਿਜੀਲੈਂਸ ਬਿਊਰੋ ਲੁਧਿਆਣਾ ਵਲੋਂ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਨਸਪ ਜ਼ਿਲਾ ਮੈਨੇਜਰ ਦਫਤਰ ਵਿਚ ਪ੍ਰੀਤਮ ਸਿੰਘ ਮੱਲਾ (ਲੁਧਿਆਣਾ) ਦਰਜਾਚਾਰ ਕਰਮਮਚਾਰੀ ਸੀ ਜਿਸ ਦੀ 2006 'ਚ ਮੌਤ ਹੋ ਗਈ ਸੀ। ਪ੍ਰੀਤਮ ਸਿੰਘ ਅਣਵਿਆਹਾ ਹੋਣ ਕਰਕੇ ਉਸਦੀ ਮੌਤ ਮਗਰੋਂ ਉਸਦੇ ਭਤੀਜੇ ਲਾਲ ਸਿੰਘ ਨੇ ਜਾਲਸਾਜੀ ਨਾਲ ਪ੍ਰੀਤਮ ਸਿੰਘ ਦਾ ਕਥਿਤ ਤੌਰ ਤੇ ਆਪਣਾ ਪੁੱਤਰ ਦਰਸਾ ਕੇ ਤਰਸ ਦੇ ਅਧਾਰ ਤੇ ਪਨਸਪ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਕਰਕੇ ਨੌਕਰੀ ਹਾਸਲ ਕਰ ਲਈ ਸੀ। ਇੱਥੇ ਹੀ ਬੱਸ ਨਹੀਂ ਲਾਲ ਸਿੰਘ ਦੀ ਮਾਂ ਸੁਦਖੇਵ ਕੌਰ ਨੇ ਵੀ ਪ੍ਰੀਤਮ ਸਿੰਘ ਦੀ ਵਿਧਵਾ ਹੋਣ ਦੇ ਦਸਤਾਵੇਜ ਤਿਆਰ ਕਰਕੇ ਵਿਭਾਗੀ ਬਕਾਇਆ ਹਾਸਲ ਕਰਨ ਦੇ ਇਲਾਵਾ ਪੈਨਸ਼ਨ ਵੀ ਪਰਾਪਤ ਕੀਤੀ। ਕੁੱਝ ਸਮਾਂ ਪਹਿਲਾਂ ਮੋਗਾ 'ਚ ਪਨਸਪ ਅਧਿਕਾਰੀਆਂ ਦੀ ਯੂਨੀਅਨ ਦੀ ਆਪਸੀ
ਕਥਿਤ ਗੁੱਟਬੰਦੀ ਦੇ ਚੱਲਦੇ ਇਸ ਮਾਮਲੇ ਸਬੰਧੀ ਸ਼ਿਕਾਇਤ ਵਿਜੀਲੈਂਸ ਬਿਉੂਰੋ ਲੁਧਿਆਣਾ ਨੂੰ ਭੇਜੀ ਗਈ ਅਤੇ ਮਾਮਲੇ 'ਚ ਡੀ.ਐਸ.ਪੀ ਵਿਜੀਲੈਂਸ ਕੁਲਵੰਤ ਰਾਏ ਨੇ ਲੰਮੀ ਜਾਂਚ ਕੀਤੀ। ਚਾਹੇ ਲਾਲ ਸਿੰਘ ਨੇ ਕਿਹਾ ਸੀ ਕਿ ਉਸ ਨੂੰ ਉਸਦੇ ਚਾਚਾ ਪੀ੍ਰਤਮ ਸਿੰਘ ਨੇ ਬਕਾਇਦਾ ਤੌਰ ਤੇ ਗੋਦ ਲਿਆ ਸੀ, ਪਰ ਫਿਰ ਵੀ ਜਾਂਚ 'ਚ ਉਹ ਆਪਣੇ ਆਪ ਨੂੰ ਸਹੀ ਸਾਬਤ ਨਹੀਂ ਕਰ ਸਕਿਆ। ਸੂਤਰਾਂ ਦਾ ਕਹਿਣਾਂ ਹੈ ਕਿ ਲਾਲ ਸਿੰਘ ਦੇ ਪਿਤਾ ਦਾ ਨਾਮ ਗੁਰਦਿਆਲ ਸਿੰਘ ਹੈ ਅਤੇ ਲਾਲ ਸਿੰਘ ਨੇ ਆਪਣ ਪਿੰਡ ਦੇ ਸਰਕਾਰੀ ਸਕੂਲ ਤੋਂ ਦਸਵੀਂ ਦੀ ਪੜ੍ਹਾਈ ਕੀਤੀ ਸੀ, ਪਰ ਤਰਸ ਦੇ ਅਧਾਰ ਤੇ ਨੌਕਰੀ ਲੈਣ ਦੇ ਲਈ ਉਸਨੇ ਅੱਠਵੀਂ ਫੇਲ ਦਾ ਸਕੂਲ ਸਰਟੀਫਿਕੇਟ ਤੇ ਪੈਨ ਕਾਰਡ ਬਣਾ ਲਿਆ ਸੀ, ਜਿਸ ਤੇ ਉਸਨੇ ਆਪਣੇ ਪਿਤਾ ਦਾ ਨਾਮ ਪੀ੍ਰਤਮ ਸਿੰਘ ਦਰਸਾ ਦਿੱਤਾ। ਵਿਜੀਲੈਂਸ ਵਿਭਾਗ ਲੁਧਿਆਣਾ ਵਲੋਂ ਇਸ ਮਾਮਲੇ 'ਚ ਦਰਜਾ ਚਾਰ ਕਰਮਚਾਰੀ ਲਾਲ ਸਿੰਘ ਅਤੇ ਇਸ ਕਰਮਚਾਰੀ ਦੀ ਸਹਾਇਤਾ ਕਰਨ ਵਾਲੇ ਪ੍ਰਿਤਪਾਲ ਸਿੰਘ,ਰਿਟਾਇਰਡ ਡਿੱਪੂ ਮੈਨੇਜਰ ਰਜਿੰਦਰਪਾਲ ਸ਼ਰਮਾ ਅਤੇ ਨੰਬਰਦਾਰ ਮੁਖਤਿਆਰ ਸਿੰਘ ਵਿਰੁੱਧ ਭਾਰਤੀ ਦੰਡਾਵਲੀ ਦੀ ਧਰਾ 409, 420, 468, 472 ਅਤੇ 120-ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ 'ਚ ਕਥਿਤ ਦੋਸ਼ੀ ਲਾਲ ਸਿੰਘ, ਪ੍ਰਿਤਪਾਲ ਸਿੰਘ ਅਤੇ ਮੁਖਤਿਆਰ ਸਿੰਘ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਇਸ ਮਾਮਲੇ 'ਚ ਆਪਣਾ ਪੱਖ ਪੇਸ਼ ਕਰਦੇ ਪਨਸਪ ਦੇ ਮੁਲਾਜਮ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਜ਼ਿਲਾ ਮੈਨੈਜਰ ਦਫਤਰ ਨੂੰ ਲਾਲ ਸਿੰਘ ਨੇ ਆਪਣੇ ਪੱਧਰ ਤੇ ਹੀ ਜਾਅਲੀ ਦਸਤਾਵੇਜ ਤਿਆਰ ਕਰਕੇ ਦਿੱਤੇ ਹੋ ਸਕਦੇ ਹਨ ਅਤੇ ਦਫਤਰ ਨੂੰ ਇਸ ਸਬੰਧੀ ਪਤਾ ਨਹੀਂ ਸੀ। ਉਨਾਂ ਕੋਲ ਜੋ ਵਿਦਿਅਕ ਯੋਗਤਾ, ਪੈਨ ਕਾਰਡ ਆਦਿ ਸਬੂਤ ਦਿੱਤੇ ਹਨ ਇਸ ਅਧਾਰ ਤੇ ਹੀ ਲਾਲ ਸਿੰਘ ਨੂੰ ਨੌਕਰੀ ਮਿਲੀ ਸੀ, ਇੰਨਾਂ ਦਸਤਾਵੇਜਾਂ 'ਚ ਪ੍ਰੀਤਮ ਸਿੰਘ ਦਾ ਹੀ ਬੇਟਾ ਦਰਸਾਇਆ ਗਿਆ ਹੈ।


Related News