ਹੈਰੋਇਨ, ਨਸ਼ੇ ਵਾਲੀਆਂ ਗੋਲੀਆਂ ਅਤੇ ਡਰੱਗ ਮਨੀ ਬਰਾਮਦ, ਔਰਤ ਸਮੇਤ 6 ਕਾਬੂ

06/22/2024 5:36:29 PM

ਮੋਗਾ (ਆਜ਼ਾਦ) : ਸਰਕਾਰ ਦੇ ਹੁਕਮਾਂ ’ਤੇ ਮੋਗਾ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ ਚਲਾਏ ਜਾ ਰਹੇ ਵੱਖ-ਵੱਖ ਆਪ੍ਰੇਸ਼ਨਾਂ ਤਹਿਤ ਹੈਰੋਇਨ, ਨਸ਼ੇ ਵਾਲੀਆਂ ਗੋਲੀਆਂ ਅਤੇ ਡਰੱਗ ਮਨੀ ਬਰਾਮਦ ਕਰਕੇ ਔਰਤ ਸਮੇਤ 6 ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਥਾਣਾ ਧਰਮਕੋਟ ਦੇ ਥਾਣੇਦਾਰ ਚਰਨਜੀਤ ਸਿੰਘ ਨੇ ਗਸ਼ਤ ਦੌਰਾਨ ਬਲਵੰਤ ਸਿੰਘ ਨਿਵਾਸੀ ਪਿੰਡ ਨੂਰਪੁਰ ਹਕੀਮਾ ਨੂੰ ਕਾਬੂ ਕਰਕੇ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਸਦਰ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਜਤਿੰਦਰ ਸਿੰਘ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਵੀਰਪਾਲ ਕੌਰ ਵੱਲੋਂ ਗਸ਼ਤ ਦੌਰਾਨ ਬਲਜਿੰਦਰ ਸਿੰਘ ਨਿਵਾਸੀ ਇੰਦਰਾ ਕਾਲੋਨੀ ਮੋਗਾ ਨੂੰ ਕਾਬੂ ਕਰਕੇ 4 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਇੰਸਪੈਕਟਰ ਪ੍ਰਤਾਪ ਸਿੰਘ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਵੱਲੋਂ ਗਸ਼ਤ ਦੌਰਾਨ ਸਿਧਾਂਤ ਚਾਬਰੀਆ ਉਰਫ਼ ਪ੍ਰਿੰਸ ਨਿਵਾਸੀ ਇੰਦਰਾ ਕਾਲੋਨੀ ਮੋਗਾ ਨੂੰ ਕਾਬੂ ਕਰਕੇ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਜਸਵੀਰ ਸਿੰਘ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਸਾਹਬ ਸਿੰਘ ਅਤੇ ਥਾਣੇਦਾਰ ਵੀਰਪਾਲ ਕੋਰ ਨੇ ਪੁਲਸ ਪਾਰਟੀ ਸਮੇਤ ਕਾਸੋ ਆਪ੍ਰੇਸ਼ਨ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਕਰਮਜੀਤ ਕੌਰ ਨਿਵਾਸੀ ਸਾਧਾਂਵਾਲੀ ਬਸਤੀ ਮੋਗਾ ਨਿਵਾਸੀ ਕਰਮਜੀਤ ਕੌਰ ਨੂੰ ਕਾਬੂ ਕਰ ਕੇ ਉਸ ਕੋਲੋਂ 5 ਗ੍ਰਾਮ ਹੈਰੋਇਨ ਅਤੇ 8000 ਰੁਪਏ ਡਰੱਗ ਮਨੀ ਬਰਾਮਦ ਕੀਤੀ।

ਥਾਣਾ ਸਮਾਲਸਰ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਅੰਗਰੇਜ਼ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ ਕਾਲੀ ਦੋਵੇਂ ਨਿਵਾਸੀ ਪਿੰਡ ਭਲੂਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਸ਼ੇ ਦੇ ਤੌਰ ’ਤੇ ਵਰਤੀਆਂ ਜਾਂਦੀਆਂ 90 ਗੋਲੀਆਂ ਬਰਾਮਦ ਕੀਤੀਆਂ। ਸਾਰੇ ਕਥਿਤ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਨੂੰ ਪੁੱਛ-ਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Gurminder Singh

Content Editor

Related News