ਦੀਵਾਲੀ ਦੇ 3 ਫੀਸਦੀ ਡੀ.ਏ. ਦੇ ਦਿੱਤੇ ਤੋਹਫੇ ਦੀ ਪੈਨਸ਼ਨਰਜ਼ ਯੂਨੀਅਨ ਨੇ ਕੀਤੀ ਨਿੰਦਾ

10/15/2019 4:20:06 PM

ਮੋਗਾ (ਗੋਪੀ ਰਾਊਕੇ)—ਅੱਜ ਇਥੇ ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲਾ ਇਕਾਈ ਮੋਗਾ ਦੇ ਪ੍ਰਧਾਨ ਚਮਕੌਰ ਸਿੰਘ ਡਗਰੂ, ਜ.ਸਕੱਤਰ ਭੂਪਿੰਦਰ ਸਿੰਘ ਸੇਖੋਂ, ਪੋਹਲਾ ਸਿੰਘ ਬਰਾੜ ਨੇ ਕਿਹਾ ਕਿ ਪਹਿਲਾਂ ਤਾਂ ਸਾਡੇ ਅਨਪੜ੍ਹ ਮੰਤਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੋਹਫਾ ਕਿਸ ਨੂੰ ਕਹਿੰਦੇ ਹਨ? ਉਨ੍ਹਾਂ ਗੁੱਸਾ ਅਤੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਸਮੇਂ ਤੋਂ ਕਈ ਕਿਸ਼ਤਾਂ ਡੀ.ਏ. ਦੀਆਂ ਅਤੇ ਕਈਆਂ ਕਿਸ਼ਤਾਂ ਦਾ ਬਕਾਇਆ ਜੋ ਹਰ ਮੁਲਾਜ਼ਮ ਦਾ ਲੱਖਾਂ ਵਿਚ ਬਣਦਾ ਹੈ, ਨੱਪੀ ਬੈਠੀ ਹੈ। ਮੰਤਰੀਆਂ ਵਿਧਾਇਕਾਂ, ਉੱਚ ਅਫ਼ਸਰਾਂ ਨੂੰ ਡੀ.ਏ. ਅਤੇ ਹੋਰ ਸਹੂਲਤਾਂ ਤਾਂ ਲਗਾਤਾਰ ਮਿਲ ਰਹੀਆਂ ਹਨ।

ਮੁਲਾਜ਼ਮਾਂ ਦਾ ਬਕਾਇਆ ਨੱਪ ਕੇ ਵੀ ਸਰਕਾਰ ਉਸ ਬਕਾਏ 'ਚੋਂ ਚੂਣ ਭੂਣ ਦੇ ਕੇ ਦੀਵਾਲੀ ਦਾ ਤੋਹਫ਼ਾ ਦੱਸ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਧਾਇਕਾਂ ਨੂੰ ਮੰਤਰੀਆਂ ਵਾਲੀਆਂ ਸਹੂਲਤਾਂ ਦੇਣ ਸਮੇਂ ਤਾਂ ਖਜ਼ਾਨਾ ਭਰਿਆ ਹੁੰਦਾ ਹੈ, ਉਸ ਸਮੇਂ ਖਜ਼ਾਨੇ ਤੇ ਕੋਈ ਬੋਝ ਨਹੀਂ ਪੈਂਦਾ ਜਦੋਂ ਮੰਤਰੀਆਂ ਲਈ ਕਾਰਾਂ ਖਰੀਦਣੀਆਂ ਹੁੰਦੀਆਂ ਹਨ, ਮੰਤਰੀਆਂ ਵਿਧਾਇਕਾਂ ਦੇ ਮੈਡੀਕਲ ਬਿੱਲ ਦੇਣੇ ਹੁੰਦੇ ਹਨ ਪਰ ਜਦੋਂ ਮੁਲਾਜ਼ਮਾਂ ਦੀ ਵਾਰੀ ਆਉਂਦੀ ਹੈ ਤਾਂ ਖਜ਼ਾਨੇ ਤੇ ਬੋਝ ਪੈਣ ਲੱਗ ਜਾਂਦਾ ਹੈ। ਕਿੰਨੀ ਹਾਸੋਹੀਣੀ ਗੱਲ ਇਹ ਚੁਣੇ ਹੋਏ ਨੁਮਾਇੰਦੇ ਕਰਦੇ ਹਨ। ਇਹ ਵੀ ਸ਼ਿਤਮਜਰੀਫੀ ਦੀ ਗੱਲ ਹੈ ਕਿ ਕੋਈ ਵੀ ਚੁਣਿਆਨੁਮਾਇੰਦਾ ਲੋਕਾਂ ਦੇ ਹੱਕ ਦੀ ਗੱਲ ਕਰਨ ਲਈ ਤਿਆਰ ਨਹੀਂ। ਚਮਕੌਰ ਸਿੰਘ ਨੇ ਕਿਹਾ ਕਿ 19 ਅਕਤੂਬਰ ਨੂੰ ਮੁੱਲਾਂਪੁਰ ਦਾਖਾ ਵਿਖੇ, ਅੰਬੇਦਕਰ ਭਵਨ ਮੁੱਲਾਂਪੁਰ, ਪੁਲਿਸ ਸਟੇਸ਼ਨ ਦੇ ਬਿੱਲਕੁਲ ਸਾਹਮਣੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵਲੋਂ ਵਿਸ਼ਾਲ ਰੈਲੀ ਕੀਤੀ ਜਾਵੇਗੀ ਅਤੇ ਇਸ ਰੋਸ ਰੈਲੀ ਵਿੱਚ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।


Shyna

Content Editor

Related News