ਜ਼ਿਲਾ ਪ੍ਰਸ਼ਾਸਨ ਦੇ ਪਾਬੰਦੀ ਦੇ ਹੁਕਮ ਹਵਾ ਹਵਾਈ, ਛਿੱਕੇ ਟੰਗਿਆਂ ਜਾ ਰਿਹਾ ਕਾਨੂੰਨ
Saturday, Jul 18, 2026 - 06:00 PM (IST)
ਕੋਟ ਈਸੇ ਖਾਂ (ਕਾਲੜਾ) : ਜ਼ਿਲਾ ਪ੍ਰਸ਼ਾਸਨ ਵੱਲੋਂ ਸੜਕਾਂ ਕਿਨਾਰੇ ਪਸ਼ੂ ਚਰਾਉਣ ’ਤੇ ਇਨ੍ਹਾਂ ਨੂੰ ਖੁੱਲ੍ਹੇ ਰੂਪ ’ਚ ਇਕ ਸਥਾਨ ਤੋਂ ਦੂਸਰੇ ਸਥਾਨ ਤੱਕ ਲੈ ਕੇ ਜਾਣ ਤੋਂ ਰੋਕਣ ਲਈ ਜਾਰੀ ਕੀਤੇ ਗਏ ਪਾਬੰਦੀ ਦੇ ਆਦੇਸ਼ ਸ਼ਾਇਦ ਹਵਾ ਹੋ ਗਏ ਦਿਖਾਈ ਦੇ ਰਹੇ ਹਨ, ਜਿਸ ਦੀ ਮਿਸਾਲ ਮੁੱਖ ਮਾਰਗ ’ਤੇ ਘੁੰਮ ਰਹੀਆਂ ਮੱਝਾਂ ਦੇ ਝੁੰਡ ਤੋਂ ਦਿਖਾਈ ਦਿੱਤੀ ਹੈ। ਜ਼ਿਕਰਯੋਗ ਹੈ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ’ਤੇ ਧਾਰਾ 163 ਭਾਰਤੀ ਨਾਗਰਿਕ ਸੁਰੱਖਿਆ 2023 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦਾ ਹਵਾਲਾ ਦਿੰਦੇ ਹੋਏ ਜ਼ਿਲੇ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੀਆਂ ਤਮਾਮ ਸੜਕਾਂ ਦੇ ਕਿਨਾਰੇ ਪਸ਼ੂ ਚਰਾਉਣ ਅਤੇ ਖੁੱਲ੍ਹੇ ਰੂਪ ’ਚ ਇਨ੍ਹਾਂ ਪਸ਼ੂਆਂ ਨੂੰ ਇਕ ਸਥਾਨ ਤੋਂ ਲੈ ਕੇ ਜਾਣ ਕ ਸਥਾਨ ਤੋਂ ਦੂਜੇ ਸਥਾਨ ’ਤੇ ਜਾਣ ’ਤੇ ਪਾਬੰਦੀ ਲਗਾਏ ਜਾਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਪਰ ਅੱਜ ਜਦੋਂ ਮੁੱਖ ਮਾਰਗ ’ਤੇ ਦੇਖਿਆ ਗਿਆ ਤਾਂ ਡੇਰਿਆਂ ਵਾਲਿਆਂ ਵੱਲੋਂ ਸੈਂਕੜੇ ਮੱਝਾਂ ਨੂੰ ਇਕ ਸਥਾਨ ਤੋਂ ਦੂਜੇ ਸਥਾਨ ਤੱਕ ਖੁੱਲ੍ਹੇ ਰੂਪ ’ਚ ਸੜਕ ’ਤੇ ਲਿਜਾਇਆ ਜਾ ਰਿਹਾ ਸੀ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਆਮ ਤੌਰ ’ਤੇ ਚਰਵਾਹੇ ਭਾਰੀ ਮਾਤਰਾ ’ਚ ਮੱਝਾਂ ਸਮੇਤ ਹੋਰ ਪਸ਼ੂਧਨ ਨੂੰ ਲੈ ਕੇ ਸੜਕਾਂ ’ਤੇ ਘੁੰਮਦੇ ਦੇਖੇ ਜਾ ਰਹੇ ਹਨ ਜਿਨ੍ਹਾਂ ਕਾਰਨ ਨਾ ਕੇਵਲ ਫਸਲਾਂ ਅਤੇ ਸੜਕਾਂ ਤੇ ਕਿਨਾਰੇ ਲੱਗੇ ਦਰੱਖਤਾ ਨੂੰਨੁਕਸਾਨ ਹੀ ਨਹੀਂ ਪਹੁੰਚਦਾ, ਬਲਕਿ ਉਕਤ ਪਸ਼ੂ ਆਮ ਜਨਤਾ ਅਤੇ ਮੁਸ਼ਾਫਿਰਾਂ ਲਈ ਵੀ ਕਾਫੀ ਮੁਸ਼ਕਿਲ ਖੜ੍ਹੀ ਕਰਦੇ ਹਨ। ਇਨ੍ਹਾਂ ਪਸ਼ੂਆਂ ਕਾਰਨ ਅਕਸਰ ਹਾਦਸੇ ਵਾਪਰਨ ਦੀਆਂ ਖਬਰਾਂ ਆਮ ਸੁਣਨ ਨੂੰ ਮਿਲਦੀਆਂ ਹਨ। ਭਾਵੇਂ ਜ਼ਿਲਾ ਪ੍ਰਸ਼ਾਸਨ ਵੱਲੋਂ ਉਕਤ ਪਾਬੰਦੀ ਦੇ ਆਦੇਸ਼ ਜਾਰੀ ਕੀਤੇ ਗਏ ਹਨ ਪਰ ਇਨ੍ਹਾਂ ਆਦੇਸ਼ਾਂ ਨੂੰ ਅਮਲ ’ਚ ਲਿਆਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਤੋਂ ਲੋਕਾਂ ਦੇ ਨਾਲ-ਨਾਲ ਸ਼ਾਇਦ ਪ੍ਰਸ਼ਾਸ਼ਨ ਖੁਦ ਵੀ ਅਣਜਾਨ ਹੈ।
