ਮੋਗਾ ਜ਼ਿਲ੍ਹੇ ’ਚ ਵਾਪਰੇ ਵੱਖ-ਵੱਖ ਹਾਦਸਿਆਂ ’ਚ 4 ਸਾਲਾ ਬੱਚੇ ਸਮੇਤ 3 ਦੀ ਮੌਤ

02/27/2023 4:59:45 PM

ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਵਿਚ ਹੋਏ ਵੱਖ-ਵੱਖ ਹਾਦਸਿਆਂ ਵਿਚ 4 ਸਾਲਾ ਨੰਨ੍ਹੇ ਬੱਚੇ ਸਮੇਤ 3 ਦੀ ਮੌਤ ਹੋ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜਸਵੰਤ ਸਿੰਘ ਨਿਵਾਸੀ ਪਿੰਡ ਦਾਰਾਪੁਰ ਨੇ ਕਿਹਾ ਕਿ ਉਸਦਾ ਪਿਤਾ ਰੂੜ ਸਿੰਘ ਆਪਣੇ ਸਾਈਕਲ ’ਤੇ ਪਿੰਡ ਵਿਚ ਹੀ ਇਕ ਸਕੂਲ ਦੇ ਕੋਲ ਜਾ ਰਿਹਾ ਸੀ ਅਤੇ ਉਸਦੇ ਨਾਲ ਹੀ ਬਜ਼ੁਰਗ ਜਰਨੈਲ ਸਿੰਘ (76) ਆਪਣੇ ਦੋਹਤੇ ਕਰਨਵੀਰ ਸਿੰਘ ਨਿਵਾਸੀ ਪਿੰਡ ਫੈਸਲਾਬਾਦ ਸਾਈਕਲ ’ਤੇ ਉਸ ਦੇ ਅੱਗੇ ਜਾ ਰਹੇ ਸਨ। ਪਿੱਛੋਂ ਸਵਿਫਟ ਕਾਰ ਚਾਲਕ ਇਕਬਾਲ ਸਿੰਘ ਕਾਲਾ ਨਿਵਾਸੀ ਪਿੰਡ ਘੱਲ ਕਲਾਂ ਨੇ ਲਾਪ੍ਰਵਾਹੀ ਨਾਲ ਕਾਰ ਚਲਾਉਂਦੇ ਹੋਏ ਉਨ੍ਹਾਂ ਨੂੰ ਟੱਕਰ ਮਾਰੀ, ਜਿਸ ’ਤੇ ਉਹ ਆਪਣੇ ਸਾਈਕਲ ਤੋਂ ਡਿੱਗ ਗਏ ਅਤੇ ਸਾਈਕਲ ਵੀ ਨੁਕਸਾਨਿਆ ਗਿਆ।

ਇਸ ਹਾਦਸੇ ਵਿਚ ਮੇਰੇ ਪਿਤਾ ਰੂੜ ਸਿੰਘ, ਜਰਨੈਲ ਸਿੰਘ ਅਤੇ ਉਸ ਦਾ ਦੋਹਤਾ ਕਰਨਵੀਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਦੀ ਨਾਜ਼ੁਕ ਹਾਲਤ ਦੇਖਦਿਆਂ ਫਰੀਦਕੋਟ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ, ਉਥੇ ਮੇਰੇ ਪਿਤਾ ਰੂੜ ਸਿੰਘ ਅਤੇ ਕਰਨਵੀਰ ਸਿੰਘ ਦੀ ਮੌਤ ਹੋ ਗਈ, ਜਦਕਿ ਬਜ਼ੁਰਗ ਜਰਨੈਲ ਸਿੰਘ ਇਲਾਜ ਅਧੀਨ ਹੈ। ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕਾ ਦੀਆਂ ਲਾਸ਼ਾਂ ਦਾ ਅੱਜ ਮੈਡੀਕਲ ਕਾਲਜ ਫਰੀਦਕੋਟ ਵਿਚੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ। ਇਸ ਸਬੰਧ ਵਿਚ ਗੱਡੀ ਚਾਲਕ ਇਕਬਾਲ ਸਿੰਘ ਕਾਲਾ ਦੇ ਖ਼ਿਲਾਫ਼ ਥਾਣਾ ਸਦਰ ਮੋਗਾ ਵਿਚ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਗ੍ਰਿਫਤਾਰੀ ਬਾਕੀ ਹੈ। 

ਇਸੇ ਤਰ੍ਹਾਂ ਮੋਗਾ-ਕੋਟ ਈਸੇ ਖਾਂ ਰੋਡ ’ਤੇ ਪਿੰਡ ਗਗੜਾ ਦੇ ਕੋਲ ਬੀਤੀ 24 ਫਰਵਰੀ ਨੂੰ ਅਣਪਛਾਤੇ ਮੋਟਰ ਸਾਈਕਲ ਦੀ ਲਪੇਟ ਵਿਚ ਆਉਣ ਨਾਲ ਪਿੰਡ ਗਗੜਾ ਵਿਚ ਇੱਟਾਂ ਵਾਲੇ ਭੱਠੇ ’ਤੇ ਕੰਮ ਕਰਦੇ ਪੁਪਨੀਸ਼ ਕੁਮਾਰ ਨਿਵਾਸੀ ਪਿੰਡ ਬੀਬੀਪੁਰ (ਯੂ.ਪੀ) ਹਾਲ ਗਗੜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਪਨੀਸ਼ ਕੁਮਾਰ ਆਪਣੇ ਮੋਟਰ ਸਾਈਕਲ ’ਤੇ ਜਾ ਰਿਹਾ ਸੀ ਤਾਂ ਅਣਪਛਾਤੇ ਮੋਟਰਸਾਈਕਲ ਚਾਲਕ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਮੈਡੀਕਲ ਕਾਲਜ ਫਰੀਦਕੋਟ ਦਾਖਲ ਕਰਵਾਇਆ ਗਿਆ ਸੀ, ਉਥੇ ਉਸਨੇ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਅਣਪਛਾਤੇ ਮੋਟਰਸਾਈਕਲ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ।


Gurminder Singh

Content Editor

Related News