ਮਜ਼ਦੂਰ ਦਿਵਸ ਤੇ ਮਜ਼ਦੂਰਾਂ ਦੀ ਜਿੰਦਗੀ ਦੀ ਅੱਕਾਸੀ ਕਰਦੀ ਇਕ ਵਿਸ਼ੇਸ਼ ਕਵਿਤਾ ਨੋਟ

05/01/2019 11:18:30 AM

ਮਜ਼ਦੂਰ ਹਾਂ ਮੈਂ ਮਜਦੂਰ ਹਾਂ... ਜਿਸ ਨੇ ਮੁੱਢ ਕਦੀਮੀਂ ਆਪਣੇ ਅਰਮਾਨਾਂ ਦਾ ਗਲਾ ਘੁੱਟ, ਜ਼ਰੂਰਤਾਂ ਨੂੰ ਬਾ-ਮੁਸ਼ਕਿਲ ਪੂਰਾ ਕੀਤਾ । ਮੇਰੀ ਮਿਹਨਤਾਂ ਸਦਕਾ ਜਿਥੇ ਚਿਮਨੀਆਂ 'ਚੋਂ ਨਿਕਲਦੇ ਧੂਏਂ ਨੇ ਸਨਅਤੀ ਘਰਾਣਿਆਂ ਨੂੰ ਖੁਸ਼ਹਾਲ ਕੀਤਾ। ਉਥੇ ਹੀ ਗਰੀਬੀ ਦਾ ਦਰਦ ਆਪਣੇ ਪਿੰਡੇ ਹੰਢਾਉਂਦਿਆਂ ਮੈਂ ਆਪਦੀ ਆਤਮਾ ਤੱਕ ਨੂੰ ਛਲਣੀ ਕੀਤਾ। ਤੇ ਪੂੰਜੀਵਾਦੀ ਸੋਚ ਨੇ ਮੇਰੀ ਮਿਹਨਤ ਦਾ ਅਕਸਰ ਸੋਸ਼ਣ ਕੀਤਾ। ਹਾਂ ਮੈਂ ਮਜ਼ਦੂਰ ਹਾਂ... ਤੇ ਓਹੀਓ ਮਜ਼ਦੂਰ ਹਾਂ ਜਿਨ੍ਹੇ ਚੀਨ ਦੀ ਦੀਵਾਰ ਤੋਂ ਲੈ ਕਿਲ੍ਹੇ ਲਾਲ ਉਸਾਰੇ! ਜਿਨ੍ਹੇ ਖੁਦ ਦੇ ਜੀਵਨ ਨੂੰ ਹਨੇਰਿਆਂ 'ਚ ਗਰਕ ਕਰ ਸ਼ਾਹਜਹਾਂ ਦੀ ਮੁਹੱਬਤ ਨੂੰ ਰੋਸ਼ਨ ਕਰਨ ਲਈ ਤਾਜ ਮਹਿਲ ਉਸਾਰੇ! ਹਾਂ ਮੈਂ ਮਜ਼ਦੂਰ ਹਾਂ... ਤੇ ਮੇਰੇ ਕਈ ਰੰਗ ਤੇ ਰੂਪ ਨੇ ਪਰ ਜਿਸ ਨੂੰ ਆਖਦੇ ਨੇ ਤਕਦੀਰ ਓਹ ਲਗਦਾ ਹੈ ਸਭਨਾਂ ਦੀ ਇਕੋ ਜਿਹੀ ਹੈ । ਮੈਂ ਖੇਤਾਂ, ਫੈਕਟਰੀਆਂ ਉਸਾਰੀ ਅਧੀਨ ਇਮਾਰਤਾਂ ਚ ਮੌਜੂਦ ਹਾਂ ਤੇ ਮੈਂ ਅਕਸਰ ਸਰਕਾਰੀ, ਪ੍ਰਾਈਵੇਟ ਦਫਤਰਾਂ ਵਿਚ ਵੱਡੇ ਅਫਸਰਾਂ ਅਤੇ ਹਾਕਮਾਂ ਪਾਸੋਂ ਨਹੀਂ ਕੀਤੀਆਂ ਗਲਤੀਆਂ ਦੀਆਂ ਵੀ ਝਿੜਕਾਂ ਖਾਣ ਲਈ ਮਜ਼ਬੂਰ ਹਾਂ । ਅੱਜ ਬੇਸ਼ੱਕ ਮਨੁੱਖ ਬਹੁਤ ਤਰੱਕੀ ਕਰ ਗਿਆ ਹੈ। ਕਹਿੰਦੇ ਚੰਦ ਤੇ ਕਦਮ ਰੱਖਣ ਉਪਰੰਤ ਮੰਗਲ ਵਲ ਵੱਧ ਰਿਹਾ ਹੈ ਪਰ ਮੇਰੇ ਜੀਵਨ ਦੇ ਹਾਲਾਤ ਅੱਜ ਵੀ ਉਸੇ 'ਚੁਰਾਹੇ ਤੇ ਅਣਗੋਲੇ ਕੀਤੇ ਮਸਲਿਆਂ ਵਾਂਗ ਖੜ੍ਹੇ ਨੇ ਤੇ ਮੈਨੂੰ ਅੱਜ ਵੀ ਦਰਪੇਸ਼ ਮਸਾਇਲ ਬੜੇ ਨੇ। ਭਾਵੇਂ ਅੱਜ ਮਨੁੱਖਾਂ ਲਈ ਰੋਸ਼ਨੀਆਂ ਭਰੇ ਅਧਿਕਾਰ ਬੜੇ ਨੇ। ਪਰ ਮੇਰੇ ਜੀਵਨ ਚ ਅੱਜ ਵੀ ਹਨੇਰੇ ਬੜੇ ਨੇ... ! ਹਨੇਰੇ ਬੜੇ ਨੇ..!! ਹਨੇਰੇ ਬੜੇ ਨੇ...!!!

ਮੁਹੰਮਦ ਅੱਬਾਸ ਧਾਲੀਵਾਲ,
ਮਲੇਰਕੋਟਲਾ।
ਸੰਪਰਕ. 9855259650


Aarti dhillon

Content Editor

Related News