ਕੀ ਨਵਜੋਤ ਸਿੱਧੂ ਦੀ ਨਵੀਂ ਟੀਮ ਬੇਹੋਸ਼ ਹੋ ਰਹੀ ਪੰਜਾਬ ਕਾਂਗਰਸ ’ਚ ਆਕਸੀਜਨ ਭਰਨ ’ਚ ਹੋਵੇਗੀ ਕਾਮਯਾਬ
Tuesday, Aug 10, 2021 - 04:50 PM (IST)
ਕਾਂਗਰਸ ਪਾਰਟੀ ਜੋ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ ਅਤੇ ਆਜ਼ਾਦ ਭਾਰਤ ’ਚ ਇਸ ਪਾਰਟੀ ਨੇ ਕੇਂਦਰ ਅਤੇ ਵੱਖ-ਵੱਖ ਸੂਬਿਆਂ ’ਚ ਲੰਬਾ ਸਮਾਂ ਰਾਜ ਕੀਤਾ ਹੈ। ਪੰਜਾਬ ’ਚ ਵੀ ਕਈ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ। ਪੰਜਾਬ ’ਚ ਇੱਕ ਦਹਾਕੇ ਤੋਂ ਵੱਧ ਸਮੇਂ ਲਈ ਅੱਤਵਾਦ ਸਿਖਰਾਂ ’ਤੇ ਰਿਹਾ ਹੈ ਅਤੇ ਲੰਬਾ ਸਮਾਂ ਰਾਸ਼ਟਰਪਤੀ ਰਾਜ ਰਿਹਾ ਹੈ। 1992 ’ਚ ਹੋਈਆਂ ਚੋਣਾਂ, ਜਿਸ ’ਚ ਅਕਾਲੀ ਦਲ ਨੇ ਬਾਈਕਾਟ ਕੀਤਾ ਸੀ, ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਸੀ। ਪੰਜਾਬ ’ਚ ਫੈਲੇ ਅੱਤਵਾਦ ਨੂੰ ਖਤਮ ਕਰਨ ਦਾ ਸਿਹਰਾ ਵੀ ਕਾਂਗਰਸ ਪਾਰਟੀ, ਜਿਸ ਦੀ ਅਗਵਾਈ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਕਰ ਰਹੇ ਸਨ, ਨੂੰ ਹੀ ਜਾਂਦਾ ਹੈ। ਇਸ ਦੌਰਾਨ ਹੀ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਦੀ ਹੱਤਿਆ ਕੀਤੀ ਗਈ ਸੀ। ਇਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਪੰਜਾਬ ’ਚ ਹਾਲਤ ਵਿਗੜਨੀ ਸ਼ੁਰੂ ਹੋ ਗਈ।
ਸਵਰਗੀ ਬੇਅੰਤ ਸਿੰਘ ਤੋਂ ਬਾਅਦ ਸਵਰਗੀ ਹਰਚਰਨ ਸਿੰਘ ਬਰਾੜ ਅਤੇ ਫਿਰ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਾਂਗਰਸ ਪਾਰਟੀ ਦੀ ਕਮਾਂਡ ਸੰਭਾਲੀ। 1997 ’ਚ ਪੰਜਾਬ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਗਈ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਾਏ ਗਏ। ਕੈਪਟਨ ਅਮਰਿੰਦਰ ਸਿੰਘ ਜੋ ਪਟਿਆਲਾ ਰਾਜ ਘਰਾਣੇ ਨਾਲ ਸਬੰਧਿਤ ਹਨ ਅਤੇ ਸਵਰਗੀ ਕਾਂਗਰਸੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਜ਼ਦੀਕੀਆਂ ’ਚੋਂ ਹਨ। ਕੈਪਟਨ ਅਮਰਿੰਦਰ ਸਿੰਘ 1980 ’ਚ ਲੋਕ ਸਭਾ ਮੈਂਬਰ ਬਣੇ ਪਰ 1984 ’ਚ ਕੇਂਦਰ ਦੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ’ਚ ਫੌਜ ਭੇਜਣ ਦੇ ਵਿਰੋਧ ’ਚ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋ ਗਏ ਅਤੇ ਵਿਧਾਨ ਸਭਾ ਮੈਂਬਰ ਚੁਣੇ ਗਏ। ਉਹ ਪੰਜਾਬ ਸਰਕਾਰ ’ਚ ਖੇਤੀਬਾੜੀ ਮੰਤਰੀ ਬਣ ਗਏ। ਇਸ ਤੋਂ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਗਏ ਅਤੇ ਅਕਾਲੀ ਦਲ ਪੰਥਕ ਬਣਾ ਲਿਆ। ਫਿਰ ਉਹ ਕਾਂਗਰਸ ਪਾਰਟੀ ’ਚ ਸ਼ਾਮਿਲ ਹੋ ਗਏ ਅਤੇ 1999 ਤੋਂ 2002 ਤੱਕ ਸੂਬਾ ਪ੍ਰਧਾਨ ਅਤੇ ਫਿਰ ਮੁੱਖ ਮੰਤਰੀ ਰਹੇ।
2002 ’ਚ ਹੋਈਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਹੀ ਲੜੀਆਂ ਗਈਆਂ ਅਤੇ ਕਾਂਗਰਸ ਪਾਰਟੀ ਨੇ 62 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਅਤੇ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੇ ਮੁੱਖ ਮੰਤਰੀ ਰਹੇ। ਸਾਲ 2002 ਤੋਂ 2005 ਤੱਕ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਐੱਚ. ਐੱਸ. ਹੰਸਪਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ। ਇਸ ਸਮੇਂ ਦੌਰਾਨ ਕਾਂਗਰਸ ਪਾਰਟੀ ਦੇ ਕੁਝ ਦੂਜੇ ਵਿਧਾਇਕਾਂ, ਜਿਨ੍ਹਾਂ ’ਚੋਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਪ੍ਰਤਾਪ ਸਿੰਘ ਬਾਜਵਾ, ਲਾਲ ਸਿੰਘ ਆਦਿ ਦੇ ਨਾਂ ਸ਼ਾਮਿਲ ਹਨ, ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹੁਣ ਲਈ ਕਈ ਵਾਰ ਕਾਰਵਾਈ ਕੀਤੀ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਅਤੇ ਕੈਪਟਨ ਅਮਰਿੰਦਰ ਸਿੰਘ ਹੀ ਪੂਰੇ ਪੰਜ ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ। 2007 ’ਚ ਹੋਈਆਂ ਚੋਣਾਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਹੀ ਲੜੀਆਂ ਗਈਆਂ ਪਰ ਇਨ੍ਹਾਂ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਸਿਰਫ 44 ਸੀਟਾਂ ’ਤੇ ਹੀ ਜਿੱਤ ਪ੍ਰਾਪਤ ਹੋਈ, ਜਦਕਿ ਅਕਾਲੀ ਦਲ ਨੇ 49 ਸੀਟਾਂ ਅਤੇ ਭਾਰਤੀ ਜਨਤਾ ਪਾਰਟੀ ਨੇ 19 ਸੀਟਾਂ ਜਿੱਤ ਕੇ ਸੂਬੇ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ, ਜਿਸ ਦੀ ਅਗਵਾਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ।
2012 ’ਚ ਹੋਈਆਂ ਚੋਣਾਂ ਵੇਲੇ ਵੀ ਕਾਂਗਰਸ ਪਾਰਟੀ ਨੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਹੀ ਚੋਣ ਲੜੀ। ਇਨ੍ਹਾਂ ਚੋਣਾਂ ’ਚ ਕਾਂਗਰਸ ਪਾਰਟੀ ਦੇ ਆਗੂਆਂ ਦੀ ਆਪਸੀ ਫੁੱਟ ਕਾਰਨ ਪੰਜਾਬ ’ਚ ਮੁੜ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਗਈ। ਸਾਲ 2013 ਤੋਂ 2015 ਦੌਰਾਨ ਪ੍ਰਤਾਪ ਸਿੰਘ ਬਾਜਵਾ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ, ਜਿਸ ਦਾ ਕੁਝ ਕਾਂਗਰਸੀ ਆਗੂਆਂ ਵਿਸ਼ੇਸ਼ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹ ਕੇ ਵਿਰੋਧ ਸ਼ੁਰੂ ਕਰ ਦਿੱਤਾ। 2014 ’ਚ ਹੋਈਆਂ ਲੋਕ ਸਭਾ ਦੀਆਂ ਚੋਣਾਂ ’ਚ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਤੋਂ ਭਾਜਪਾ ਆਗੂ ਅਰੁਣ ਜੇਤਲੀ ਨੂੰ ਹਰਾ ਕੇ ਚੋਣ ਜਿੱਤ ਗਏ, ਜਦਕਿ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਤੋਂ ਚੋਣ ਹਾਰ ਗਏ, ਜਿਸ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਕੱਦ ਵੱਡਾ ਹੋ ਗਿਆ। ਇਸ ਤੋਂ ਬਾਅਦ ਸਾਲ 2015 ’ਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੜ ਪੰਜਾਬ ਕਾਂਗਰਸ ਦੀ ਕਮਾਨ ਸੰਭਾਲੀ ਗਈ ਅਤੇ ਪ੍ਰਧਾਨ ਬਣਾਇਆ ਗਿਆ। ਇਸ ਦੇ ਨਾਲ ਹੀ ਰਾਜ ਸਭਾ ਮੈਂਬਰ ਬੀਬੀ ਅੰਬਿਕਾ ਸੋਨੀ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਚੋਣ ਪ੍ਰਚਾਰ ਕਮੇਟੀ ਦੇ ਆਗੂ ਬਣਾਇਆ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਲੜੀਆਂ ਗਈਆਂ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੇ ਅੰਦਰੂਨੀ ਕਲੇਸ਼ ਦੇ ਬਾਵਜੂਦ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਅਤੇ 77 ਵਿਧਾਇਕਾਂ ਨਾਲ ਸਰਕਾਰ ਬਣਾਈ। ਸਾਲ 2017 ’ਚ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ।
2019 ਦੀਆਂ ਲੋਕ ਸਭਾ ਚੋਣਾਂ ’ਚ ਗੁਰਦਾਸਪੁਰ ਹਲਕੇ ਤੋਂ ਚੋਣ ਹਾਰਨ ਕਾਰਨ 23 ਮਈ ਨੂੰ ਸੁਨੀਲ ਜਾਖੜ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਪਰ ਪਾਰਟੀ ਨੇ ਇਹ ਰੱਦ ਕਰ ਦਿੱਤਾ। ਇਸ ਤੋਂ ਬਾਅਦ ਕਈ ਵਾਰ ਪਾਰਟੀ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ’ਚ ਟਕਰਾਅ ਹੁੰਦਾ ਰਿਹਾ। ਇਸ ਸਾਲ ਅਪ੍ਰੈਲ ’ਚ ਵੀ ਬੇਅਦਬੀ ਮਾਮਲੇ ਨੂੰ ਲੈ ਕੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ। ਇਸ ਤੋਂ ਬਾਅਦ ਨਵਾਂ ਪਾਰਟੀ ਪ੍ਰਧਾਨ ਨਿਯੁਕਤ ਕਰਨ ਦੀ ਗਤੀ ਤੇਜ਼ ਹੋ ਗਈ। ਲੰਬੀ ਖਿੱਚੋਤਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪਿਛਲੇ ਕਈ ਸਾਲਾਂ ਤੋਂ ਦੂਰੀ ਬਣਾ ਕੇ ਬੈਠੇ ਅਤੇ ਆਪਣੀ ਹੀ ਸਰਕਾਰ ਦੀਆਂ ਨਾਕਾਮੀਆਂ ਸੋਸ਼ਲ ਮੀਡੀਆ ’ਤੇ ਲੋਕਾਂ ਸਾਹਮਣੇ ਲਿਆਉਣ ਵਾਲੇ ਨਵਜੋਤ ਸਿੱਧੂ ਨੂੰ ਕਾਂਗਰਸ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਵੱਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਫੈਸਲੇ ਦਾ ਖੁੱਲ੍ਹ ਕੇ ਵਿਰੋਧ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਅਤੇ ਵਰਗਾਂ ਨਾਲ ਸਬੰਧਿਤ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਹੈ। ਇਨ੍ਹਾਂ ਨਵ-ਨਿਯੁਕਤ ਆਗੂਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਕਾਂਗਰਸੀ ਆਗੂਆਂ ਅਤੇ ਵਿਧਾਇਕਾਂ ਨਾਲ ਮੀਟਿੰਗਾ ਕੀਤੀਆਂ ਗਈਆਂ, ਜਿਨ੍ਹਾਂ ’ਚ 60 ਤੋਂ ਵੱਧ ਵਿਧਾਇਕ ਹਾਜ਼ਰ ਰਹੇ ਹਨ। ਕਈ ਵਿਧਾਇਕਾਂ ਅਤੇ ਆਗੂਆਂ ਨੇ ਖੁੱਲ੍ਹ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦੀ ਵਿਰੋਧਤਾ ਕੀਤੀ।
ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੱਗਭਗ 15 ਸਮਰਥਕ ਵਿਧਾਇਕਾਂ ਨਾਲ ਵੱਖਰੇ ਤੌਰ ’ਤੇ ਮੀਟਿੰਗਾਂ ਕਰਦੇ ਰਹੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਗੱਲ ’ਤੇ ਅੜੇ ਰਹੇ ਕਿ ਨਵੇਂ ਪ੍ਰਧਾਨ ਨਵਜੋਤ ਸਿੱਧੂ ਸਰਕਾਰ ਖਿਲਾਫ ਬਿਆਨਬਾਜ਼ੀ ਲਈ ਜਨਤਕ ਤੌਰ ’ਤੇ ਮੁਆਫੀ ਮੰਗਣ। ਖਿੱਚੋਤਾਣ ਦੌਰਾਨ ਹੀ ਆਖਿਰ 23 ਜੁਲਾਈ ਨੂੰ ਨਵਜੋਤ ਸਿੱਧੂ ਨੇ ਆਪਣੀ ਟੀਮ ਦੇ ਨਵੇਂ ਮੈਂਬਰਾਂ ਨਾਲ ਅਹੁਦਾ ਸੰਭਾਲਿਆ। ਇਸ ਸਮਾਗਮ ’ਚ ਲੱਗਭਗ ਸਾਰੇ ਵਿਧਾਇਕ ਤੇ ਮੰਤਰੀ ਅਤੇ ਵਿਸ਼ੇਸ਼ ਤੌਰ ’ਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਹਾਜ਼ਰ ਰਹੇ। ਬੇਸ਼ੱਕ ਇਸ ਸਮਾਗਮ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੀ ਹਾਜ਼ਰ ਰਹੇ ਅਤੇ ਉਨ੍ਹਾਂ ਦੀ ਕੁਰਸੀ ਵੀ ਪ੍ਰਧਾਨ ਦੀ ਕੁਰਸੀ ਦੇ ਨਾਲ ਹੀ ਲਗਾਈ ਹੋਈ ਸੀ ਪਰ ਇਸ ਸਮਾਰੋਹ ਦੌਰਾਨ ਵੀ ਦੋਵੇਂ ਆਗੂ ਇੱਕ-ਦੂਜੇ ਤੋਂ ਖਫ਼ਾ ਨਜ਼ਰ ਆਏ। ਇਸ ਮੌਕੇ ਪ੍ਰਧਾਨ ਨੇ ਬਹੁਤਾ ਸਮਾਂ ਮੁੱਖ ਮੰਤਰੀ ਨੂੰ ਅਣਗੌਲਿਆਂ ਹੀ ਕੀਤਾ ਅਤੇ ਸਟੇਜ ਤੋਂ ਬੋਲਦਿਆਂ ਵੀ ਪ੍ਰਧਾਨ ਨਵਜੋਤ ਸਿੱਧੂ ਨੇ ਸਰਕਾਰ ਅਤੇ ਮੁੱਖ ਮੰਤਰੀ ਨੂੰ ਕਰੜੇ ਹੱਥੀਂ ਲਿਆ ਤੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨ ਵਾਸਤੇ ਕਿਹਾ। ਇਥੇ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਲੱਗਭਗ 6 ਮਹੀਨੇ ਬਾਅਦ ਫਰਵਰੀ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਪੰਜਾਬ ’ਚ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ’ਚ ਕੀ ਭੁਮਿਕਾ ਨਿਭਾਏਗੀ।
ਸਰਕਾਰ ਦੇ ਮੱਥੇ ’ਤੇ ਲੱਗੇ ਪੋਸਟ ਮੈਟ੍ਰਿਕ ਸਕਾਲਰਸ਼ਿਪ, ਕੋਰੋਨਾ ਦੀ ਦਵਾਈ ’ਚ ਘਪਲਾ, ਪੰਜਾਬ ’ਚ ਪ੍ਰਾਇਵੇਟ ਕੰਪਨੀਆਂ ਨਾਲ ਹੋਏ ਬਿਜਲੀ ਸਮਝੌਤੇ, ਵੱਖ-ਵੱਖ ਮੁਲਾਜ਼ਮ ਵਰਗਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼, ਬਹੁਤੇ ਮੰਤਰੀਆਂ ਅਤੇ ਵਿਧਾਇਕਾਂ ਦੀ ਸਰਕਾਰ ਅਤੇ ਅਧਿਕਾਰੀਆਂ ਤੋਂ ਨਾਰਾਜ਼ਗੀ, ਕਿਸਾਨ ਅੰਦੋਲਨ ਬੇਸ਼ੱਕ ਮੁੱਖ ਤੌਰ ’ਤੇ ਕੇਂਦਰ ਸਰਕਾਰ ਖਿਲਾਫ ਹੀ ਚੱਲ ਰਿਹਾ ਹੈ ਪਰ ਕਈ ਵਾਰ ਇਸ ਅੰਦੋਲਨ ’ਚ ਵੀ ਕਾਂਗਰਸ ਪਾਰਟੀ ਨੂੰ ਬਰਾਬਰ ਜ਼ਿੰਮੇਵਾਰ ਮੰਨ ਕੇ ਕਾਂਗਰਸੀ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬੇਅਦਬੀ ਮਾਮਲੇ ’ਚ ਸਰਕਾਰ ’ਤੇ ਲੱਗਿਆ ਦੋਸ਼ੀਆਂ ਨੂੰ ਬਚਾਉਣ ਦਾ ਕਲੰਕ ਨਾਲ ਇੰਨੇ ਥੋੜ੍ਹੇ ਸਮੇਂ ’ਚ ਸਰਕਾਰ ਅਤੇ ਪਾਰਟੀ ਦੀ ਲੀਡਰਸ਼ਿਪ ਕਿਵੇਂ ਨਜਿੱਠੇਗੀ ਅਤੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਕਿਵੇਂ ਜਿੱਤੇਗੀ, ਵਿਸ਼ੇਸ਼ ਤੌਰ ’ਤੇ ਜਦੋਂ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ’ਚ ਦੂਰੀਆਂ ਬਣੀਆਂ ਹੋਈਆਂ ਹਨ। ਕੀ ਇਨ੍ਹਾਂ ਚੋਣਾਂ ’ਚ ਕਾਂਗਰਸ ਪਾਰਟੀ ਜਿੱਤ ਹਾਸਲ ਕਰ ਕੇ ਇੱਕ ਵਾਰ ਫਿਰ ਸਰਕਾਰ ਬਣਾ ਸਕੇਗੀ।
ਪ੍ਰਧਾਨ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਟੀਮ ਦੇ ਆਗੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਬਾਗੀ ਆਗੂਆਂ ਨੂੰ ਕਿੰਨਾ ਨਾਲ ਤੋਰਨ ’ਚ ਕਾਮਯਾਬ ਹੋਣਗੇ। ਜਨਤਕ ਸਟੇਜਾਂ ਅਤੇ ਸੋਸ਼ਲ ਮੀਡੀਆ ’ਤੇ ਅਕਸਰ ਸਰਕਾਰ ਦੀਆਂ ਨਾਕਾਮੀਆਂ ਗਿਣਾਉਣ ਵਾਲੇ ਨਵਜੋਤ ਸਿੱਧੂ ਇਨ੍ਹਾਂ ਨਾਕਾਮੀਆਂ ਨੂੰ ਆਉਣ ਵਾਲੇ ਸਮੇਂ ’ਚ ਕਿਵੇਂ ਅਤੇ ਕਿੰਨਾ ਦੂਰ ਕਰ ਸਕਣਗੇ। 2017 ਦੀਆਂ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਲੱਗਭਗ 38.5 ਫੀਸਦੀ ਵੋਟਾਂ ਮਿਲੀਆਂ ਸਨ, ਜੋ 2019 ’ਚ ਵਧ ਕੇ ਲੱਗਭਗ 40 ਫੀਸਦੀ ਤੱਕ ਪਹੁੰਚ ਗਈਆਂ ਹਨ। 2019 ਦੇ ਨਤੀਜਿਆਂ ਅਨੁਸਾਰ ਕਾਂਗਰਸ ਪਾਰਟੀ ਨੂੰ 69 ਸੀਟਾਂ ’ਤੇ ਹੀ ਜਿੱਤ ਪ੍ਰਾਪਤ ਹੋਈ ਹੈ, ਜਦਕਿ 2017 ’ਚ 77 ਸੀਟਾਂ ’ਤੇ ਜਿੱਤ ਪ੍ਰਾਪਤ ਹੋਈ ਸੀ। ਪੰਜਾਬ ’ਚ ਦਲਿਤਾਂ ਲਈ ਵਿਧਾਨ ਸਭਾ ਦੀਆਂ 34 ਸੀਟਾਂ ਹਨ, ਜਿਸ ’ਚੋਂ ਮੌਜੂਦਾ ਸਮੇਂ 21 ’ਤੇ ਕਾਂਗਰਸ ਪਾਰਟੀ ਦੇ ਵਿਧਾਇਕ ਹਨ। 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਅਨੁਸਾਰ ਇਨ੍ਹਾਂ ’ਚੋਂ 19 ’ਤੇ ਹੀ ਜਿੱਤ ਮਿਲੀ ਹੈ। ਲੋਕ ਸਭਾ ਦੀਆਂ ਕੁਲ 13 ਸੀਟਾਂ ’ਚੋਂ 8 ਸੀਟਾਂ ਕਾਂਗਰਸ ਕੋਲ ਹਨ ਅਤੇ ਅਨੁਸੂਚਿਤ ਜਾਤਾਂ ਲਈ ਰਾਖਵੀਆਂ 4 ਸੀਟਾਂ ’ਚੋਂ 3 ਕਾਂਗਰਸ ਕੋਲ ਹੀ ਹਨ। ਪੰਜਾਬ ’ਚ ਦੁਆਬਾ ਖੇਤਰ ਦੇ ਦਲਿਤ ਸਿਆਸਤ ’ਚ ਹਾਵੀ ਰਹੇ ਹਨ ਪਰ ਸਰਕਾਰ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ’ਚ ਇਸ ਖੇਤਰ ਦੇ ਦਲਿਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।
2022 ’ਚ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ ਪਾਰਟੀ ਲਈ ਇੱਕ ਪਾਸੇ ਆਪਸੀ ਫੁੱਟ ਖਤਰਨਾਕ ਸਾਬਿਤ ਹੋ ਸਕਦੀ ਹੈ, ਦੂਜੇ ਪਾਸੇ ਕਾਂਗਰਸੀ ਆਗੂਆਂ ਦੀ ਆਮ ਜਨਤਾ ਤੋਂ ਦੂਰੀ ਵੀ ਇਸ ਲਈ ਖਤਰਨਾਕ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਲਹਿਰ, ਜਿਸ ਨੇ ਪੰਜਾਬ ’ਚ 2017 ਵਿੱਚ 20 ਸੀਟਾਂ ਜਿੱਤੀਆਂ ਹਨ ਅਤੇ ਇਸ ਦੇ ਕਈ ਆਗੂ ਲੋਕ ਮੁੱਦਿਆਂ ’ਤੇ ਡਟ ਕੇ ਪਹਿਰਾ ਦੇ ਰਹੇ ਹਨ, ਵੀ ਕਾਂਗਰਸ ਪਾਰਟੀ ਦੇ ਸੁਫ਼ਨਿਆਂ ’ਤੇ ਪਾਣੀ ਫੇਰ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ, ਭਾਰਤੀ ਜਨਤਾ ਪਾਰਟੀ ਸਮੇਤ ਕਈ ਹੋਰ ਸਿਆਸੀ ਦਲ ਵੀ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਹਰਾਉਣ ਲਈ ਕੰਮ ਕਰ ਰਹੇ ਹਨ। ਕਾਂਗਰਸ ਪਾਰਟੀ ਦੀ ਪੰਜਾਬ ’ਚ 2022 ਦੀਆਂ ਚੋਣਾਂ ’ਚ ਕੀ ਭੁਮਿਕਾ ਰਹੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਮੌਜੂਦਾ ਸਥਿਤੀ ’ਚ ਲੋਕ ਇਹ ਜ਼ਰੂਰ ਸੋਚ ਰਹੇ ਹਨ ਕਿ ਕੀ ਪੰਜਾਬ ’ਚ ਲੱਗਭੱਗ ਬੇਹੋਸ਼ ਹੋਈ ਕਾਂਗਰਸ ਪਾਰਟੀ ਨੂੰ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ’ਚ ਆਕਸੀਜਨ ਮਿਲ ਸਕੇਗੀ ਅਤੇ 2022 ’ਚ ਕਾਂਗਰਸ ਪਾਰਟੀ ਮੁੜ ਸੱਤਾ ’ਤੇ ਕਾਬਜ਼ ਹੋ ਸਕੇਗੀ ਜਾਂ ਫਿਰ ਸੱਤਾ ਤੋਂ ਦੂਰ ਹੀ ਰਹੇਗੀ
ਕੁਲਦੀਪ ਚੰਦ
ਫੋਨ : 9417563054