ਭਾਰਤ ’ਚ ਮੁਸਲਿਮ ਕਿਉਂ ਅਤੇ ਕਦੋਂ ਤੋਂ ‘ਅਸੁਰੱਖਿਅਤ’?

Friday, Dec 30, 2022 - 12:50 AM (IST)

ਭਾਰਤ ’ਚ ਮੁਸਲਿਮ ਕਿਉਂ ਅਤੇ ਕਦੋਂ ਤੋਂ ‘ਅਸੁਰੱਖਿਅਤ’?

ਬੀਤੇ ਦਿਨੀਂ ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਅਬਦੁਲ ਬਾਰੀ ਸਿੱਦੀਕੀ ਨੇ ਭਾਰਤ ਨੂੰ ਮੁਸਲਮਾਨਾਂ ਲਈ ਅਸੁਰੱਖਿਅਤ ਦੱਸਦੇ ਹੋਏ ਕਿਹਾ,‘‘ਅਸੀਂ ਆਪਣੇ-ਆਪਣੇ ਬੇਟਾ-ਬੇਟੀ ਨੂੰ ਕਿਹਾ ਕਿ (ਵਿਦੇਸ਼) ’ਚ ਹੀ ਨੌਕਰੀ ਕਰ ਲਓ, ਜੇ ਨਾਗਰਿਕਤਾ ਵੀ ਮਿਲੇ ਤਾਂ ਲੈ ਲੈਣਾ, ਹੁਣ ਭਾਰਤ ’ਚ ਮਾਹੌਲ ਨਹੀਂ ਰਹਿ ਗਿਆ ਹੈ’’।

ਵਿਵਾਦ ਵਧਣ ’ਤੇ ਸਿੱਦੀਕੀ ਨੇ ਅਫਸੋਸ ਪ੍ਰਗਟ ਤਾਂ ਕੀਤਾ ਪਰ ਆਪਣੇ ਬਿਆਨ ਦੇ ਦਰਜ ’ਤੇ ਅੜੇ ਰਹੇ। ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਰਿਪੋਰਟ ਮੁਤਾਬਕ ਬਾਕੀ ਦੁਨੀਆ ’ਚ ਪ੍ਰਵਾਸੀ ਭਾਰਤੀਆਂ ਦੀ ਗਿਣਤੀ 3 ਕਰੋੜ ਤੋਂ ਵੱਧ ਹੈ, ਜਿਨ੍ਹਾਂ ’ਚੋਂ ਵਧੇਰੇ ਚੰਗੇ ਭਵਿੱਖ, ਨਿੱਜੀ ਵਿਕਾਸ ਅਤੇ ਵਧੇਰੇ ਪੈਸਾ ਇਕੱਠਾ ਕਰਨ ਲਈ ਸਾਲਾਂ ਤੋਂ ਦੇਸ਼ ਤੋਂ ਬਾਹਰ ਹਨ। ਇਨ੍ਹਾਂ ’ਚੋਂ ਕਈ ਆਪਣੀ ਨਾਗਰਿਕਤਾ ਤੱਕ ਬਦਲ ਚੁੱਕੇ ਹਨ। ਕੀ ਉਨ੍ਹਾਂ ਲਈ ਇਹ ਕਹਿਣਾ ਢੁੱਕਵਾਂ ਹੋਵੇਗਾ ਕਿ ਉਹ ਸਭ ਭਾਰਤ ’ਚ ‘ਅਸੁਰੱਖਿਆ’ ਜਾਂ ‘ਮਾਹੌਲ ਵਿਗੜਣ’ ਕਾਰਨ ਦੇਸ਼ ਛੱਡਣ ਲਈ ਮਜਬੂਰ ਹੋਏ?

ਆਮ ਤੌਰ ’ਤੇ ਕਿਸੇ ਇਕ ਵਿਅਕਤੀ ਦੇ ਨਾਂਹਪੱਖੀ ਵਿਚਾਰਾਂ ਨੂੰ ਬੇ-ਧਿਆਨ ਕੀਤਾ ਜਾਣਾ ਚਾਹੀਦਾ ਹੈ ਪਰ ਸਿੱਦੀਕੀ ਨੇ ਜੋ ਕੁਝ ਕਿਹਾ,‘ਉਹ ਮੰਦੇਭਾਗੀ ਉਸ ਇਕ ਸਦੀ ਪੁਰਾਣੀ ਮਾਨਸਿਕਤਾ ਦਾ ਪ੍ਰਤੀਬਿੰਬ ਹੈ ਜਿਸ ਨੇ ਨਾ ਸਿਰਫ ਭਾਰਤ ਨੂੰ ਸਿਓਂਕ ਵਾਂਗ ਖੋਖਲਾ ਕੀਤਾ ਸਗੋਂ ਭਾਰਤ ਦੇ ਖੂਨ ਨਾਲ ਲਿਬੜੀ ਵੰਡ ’ਚ ਵੀ ਫੈਸਲਾਕੁੰਨ ਭੂਮਿਕਾ ਨਿਭਾਈ। ਸਾਲ 2015 ’ਚ ਦਿੱਲੀ ਨੇੜੇ ਦਾਦਰੀ ਵਿਖੇ ਮੁਹੰਮਦ ਅਖਲਾਕ ਦੀ ਹਿੰਸਕ ਭੀ਼ੜ ਵਲੋਂ ਨਿਖੇਧੀਯੋਗ ਹੱਤਿਆ ਤੇ ਉਸ ਤੋਂ ਬਾਅਦ ਦਾ ਜ਼ਹਿਰੀਲਾ ਵਿਚਾਰ ਵਟਾਂਦਰਾ ਇਸੇ ਦਰਸ਼ਨ ਦਾ ਸਿੱਟਾ ਸੀ। ਉਦੋਂ ਫਿਲਮ ਅਭਿਨੇਤਾ ਆਮਿਰ ਖਾਨ ਤੋਂ ਲੈ ਕੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਆਦਿ ਅਤੇ ‘ਐਵਾਰਡ ਵਾਪਸੀ ਗੈਂਗ’ ਨੇ ਇਕ ਆਵਾਜ਼ ’ਚ ਕਿਹਾ ਕਿ ਭਾਰਤ,‘ਹੁਣ ਮੁਸਲਮਾਨਾਂ ਲਈ ‘ਅਸੁਰੱਖਿਅਤ’ ਹੋ ਗਿਆ ਹੈ।

ਕੀ ਉਸ ਤੋਂ ਪਹਿਲਾਂ ਉਹ ‘ਸੁਰੱਖਿਅਤ’ ਮਹਿਸੂਸ ਕਰਦੇ ਸਨ? ਇਹ ਠੀਕ ਹੈ ਕਿ ਅਖਲਾਕ ਮੁਸਲਮਾਨ ਸੀ ਪਰ ਕੀ ਉਸ ਦੀ ਹੱਤਿਆ ਦਾ ਕਾਰਨ ਸਿਰਫ ਉਸ ਦਾ ਮੁਸਲਮਾਨ ਹੋਣਾ ਸੀ? ਦਾਦਰੀ ਦੀ ਕੁਲ ਆਬਾਦੀ 11 ਲੱਖ ਤੋਂ ਵੱਧ ਹੈ, ਇਸ ’ਚ 12 ਫੀਸਦੀ ਮੁਸਲਿਮ ਆਬਾਦੀ ਹੈ। ਜੇ ਅਖਲਾਕ ’ਤੇ ਹਿੰਸਕ ਭੀੜ ਉਸ ਦੇ ਮਜ਼੍ਹਬ ਕਾਰਨ ਟੁੱਟ ਪਈ ਤਾਂ ਕੀ ਦਾਦਰੀ ’ਚ ਉਦੋਂ ਬਾਕੀ ਮੁਸਲਮਾਨਾਂ ’ਤੇ ਵੀ ਅਜਿਹਾ ਹੀ ਕੋਈ ਹਮਲਾ ਹੋਇਆ?-ਨਹੀਂ। ਸੱਚ ਤਾਂ ਇਹ ਹੈ ਕਿ ਭੜਕੀ ਹੋਈ ਭੀੜ ਨੇ ਅਖਲਾਕ ਨੂੰ ਗਊਵੰਸ਼ ਦਾ ਹੱਤਿਆਰਾ ਸਮਝਿਆ ਸੀ। ਭਾਰਤ ਦੀ ਵੰਡ ਕਿਉਂ ਹੋਈ? ਸਾਬਕਾ ਮੁਸਲਿਮ ਸਮਾਜ ਦੇ ਵੱਡੇ ਵਰਗ ਨੂੰ ਮਹਿਸੂਸ ਹੋਇਆ ਕਿ ਅੰਗਰੇਜ਼ਾਂ ਦੇ ਭਾਰਤ ਛੱਡਣ ਪਿੱਛੋਂ ਕਾਂਗਰਸੀ ਰਾਜ ’ਚ ਉਹ ‘ਅਸੁਰੱਖਿਅਤ’ ਹੋ ਜਾਣਗੇ, ਇਸ ਲਈ ਉਨ੍ਹਾਂ ਆਪਣੇ ਲਈ ਵੱਖ ਦੇਸ਼ ਦੀ ਮੰਗ ਕਰ ਦਿੱਤੀ। ਜਿਸ ’ਚ ਮੁਸਲਿਮ ਲੀਗ ਨੂੰ ਅੰਗਰੇਜ਼ਾਂ ਅਤੇ ਖੱਬੇਪੱਖੀਆਂ ਦੀ ਹਮਾਇਤ ਮਿਲੀ। ਇਹ ਸਥਿਤੀ ਉਦੋਂ ਸੀ ਜਦੋਂ ਗਾਂਧੀ ਜੀ, ਪੰ. ਨਹਿਰੂ ਸਮੇਤ ਸਮੂਹ ਕਾਂਗਰਸੀ ਲੀਡਰਸ਼ਿਪ ਮੁਸਲਮਾਨਾਂ ’ਚ ਪਾਈ ਜਾਂਦੀ ‘ਅਸੁਰੱਖਿਆ’ ਨੂੰ ਦੂਰ ਕਰਨ ਲਈ ਯਤਨਸ਼ੀਲ ਸਨ। ਇਸ ਘਟਨਾਚੱਕਰ ਦਾ ਇਕ ਪਿਛੋਕੜ ਸੀ।

ਸਾਲ 1938-39 ’ਚ ਮੁਸਲਿਮ ਲੀਗ ਵੱਲੋਂ ਤਿਆਰ ‘ਪੀਰਪੁਰ ਰਿਪੋਰਟ’ ਜੋ ਪਾਕਿਸਤਾਨ ਦੀ ਮੰਗ ਨੂੰ ਢੁੱਕਵਾਂ ਠਹਿਰਾਉਣ ਦਾ ਆਧਾਰ ਬਣੀ, ਉਸ ’ਚ ਸਾਬਕਾ ਕਾਂਗਰਸ ’ਤੇ ‘ਫਾਸੀਵਾਦੀ’,‘ਗਊ ਰੱਖਿਅ’, ਹਿੰਦੂ ਤਿਉਹਾਰਾਂ ’ਚ ਮਸਜਿਦਾਂ ਦੇ ਬਾਹਰ ਸੰਗੀਤ ਵਜਾਉਣ’, ‘ਜਬਰੀ ਹਿੰਦੀ ਠੋਸਣ’, ‘ਵੰਦੇ ਮਾਤਰਮ ਦੇ ਜੈਕਾਰੇ ਲਾਉਣ ਲਈ ਮਜਬੂਰ’ ਆਦਿ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਹੀ ਟਿੱਪਣੀ ਹੁਣ ਕਾਂਗਰਸ-ਖੱਬੇਪੱਖੀਆਂ ਅਤੇ ਕਈ ਮੁਸਲਿਮ ਲੋਕ ਪ੍ਰਤੀਨਿਧੀਆਂ ਦੇ ਨਾਲ ਮਿਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ, ਭਾਜਪਾ ਅਤੇ ਆਰ.ਐੱਸ ਐੱਸ. ’ਤੇ ਲਾ ਰਹੀ ਹੈ।

ਸਭ ਤੋਂ ਦਿਲਚਸਪ ਗੱਲ ਤਾਂ ਇਹ ਹੈ ਕਿ ਰਾਜਾ ਸਈਦ ਅਹਿਮਦ ਮੇਹਦੀ ਜਿਨਾਂ ਨੇ ਪੀਰਪੁਰ ਰਿਪੋਰਟ ਤਿਆਰ ਕੀਤੀ ਸੀ, ਉਹ ਵੰਡ ਤੋਂ ਬਾਅਦ ਨਾ ਸਿਰਫ ਖੰਡਿਤ ਭਾਰਤ ’ਚ ਰੁਕ ਗਏ ਸਗੋਂ ਕਾਂਗਰਸ ’ਚ ਸ਼ਾਮਲ ਹੋ ਕੇ 2 ਵਾਰ ਲੋਕ ਸਭਾ ਦੇ ਮੈਂਬਰ ਅਤੇ ਭਾਰਤ ਸਰਕਾਰ ’ਚ ਉਪ-ਮੰਤਰੀ ਵੀ ਬਣੇ। ਅਜਿਹੇ ਪਾਕਿਸਤਾਨ ਪੱਖੀ ਲੋਕਾਂ ਦੀ ਇਕ ਲੰਬੀ ਸੂਚੀ ਹੈ।

ਅਸਲ ’ਚ, ਭਾਰਤ ’ਚ ਮੁਸਲਿਮ ਸਮਾਜ ਦੇ ਵੱਡੇ ਹਿੱਸੇ ਲਈ ‘ਮਾਹੌਲ’ ਉਦੋਂ ਤੋਂ ਖਰਾਬ’ ਹੈ, ਜਦੋਂ ਸਾਲ 1707 ’ਚ ਜ਼ਾਲਮ ਔਰੰਗ਼਼ਜ਼ੇਬ ਦੇ ਦਿਹਾਂਤ ਪਿੱਛੋਂ ਦੇਸ਼ ’ਚ ਇਸਲਾਮੀ ਰਾਜ ਦਾ ਅੰਤ ਸ਼ੁਰੂ ਹੋਇਆ। ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਪਹਿਲਾਂ ਲਗਭਗ ਪੂਰੇ ਭਾਰਤ ’ਤੇ ਛਤਰਪਤੀ ਸ਼ਿਵਾਜੀ ਵੱਲੋਂ ਪ੍ਰਤੀਪਾਦਿਤ ‘ਹਿੰਦਵੀ ਸਵਰਾਜਯ’, ਦੱਖਣ ’ਚ ਵੋਡਿਆਰ ਰਾਜਘਰਾਣਾ, ਪੱਛਮ ’ਚ ਰਾਜਪੂਤਾਂ ਅਤੇ ਉੱਤਰ ’ਚ ਮਹਾਨ ਸਿੱਖ ਗੁਰੂ ਪ੍ਰੰਪਰਾ ’ਚੋਂ ਨਿਕਲੇ ਯੋਧਿਆਂ ਜਿਨ੍ਹਾਂ ’ਚ ਮਹਾਰਾਜਾ ਰਣਜੀਤ ਸਿੰਘ ਆਦਿ ਸ਼ਾਮਲ ਹਨ, ਆਦਿ ਦਾ ਗਲਬਾ ਮੁੜ ਤੋਂ ਸਥਾਪਤ ਹੋ ਚੁੱਕਾ ਹੈ। ਇਸਲਾਮੀ ਸਾਮਰਾਜ ਖਤਮ ਹੋਣ ਕਾਰਨ ਪੈਦਾ ਹੋਈ ‘ਅਸੁਰੱਖਿਆ’ ਦੀ ਭਾਵਨਾ ਨੇ ਸਮਾਂ ਬੀਤਣ ਨਾਲ ‘ਦੋ ਰਾਸ਼ਟਰ ਸਿਧਾਂਤ’ ਨੂੰ ਜਨਮ ਦਿੱਤਾ ਜਿਸ ਦੇ ਗਰਭ ’ਚੋਂ ਮੁਸਲਿਮ ਲੀਗ ਦੀ ਸਥਾਪਨਾ ਹੋਈ। ਇਸੇ ਚਿੰਤਨ ਨੇ ਮੁਸਲਮਾਨਾਂ ਨੂੰ 1920 ’ਚ ‘ਹਿਜਰਤ’ ਭਾਵ ਭਾਰਤ ਨੂੰ ‘ਦਾਰ-ਉਲ-ਹਰਬ’ ਦੱਸ ਕੇ ‘ਦਾਰ-ਉਲ-ਇਸਲਾਮ’ ਅਫਗਾਨਿਸਤਾਨ ਵੱਲ ਜਾਣ ਲਈ ਪ੍ਰੇਰਿਤ ਕੀਤਾ। ਉਦੋਂ ਇਸ ਦੇ ਸੰਚਾਲਕਾਂ ’ਚ ਮੌਲਾਨਾ ਅਬੁਲ ਕਲਾਮ ਆਜ਼ਾਦ (ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ) ਵੀ ਸ਼ਾਮਲ ਸਨ। ਹਿਜਰਤ, ਮਜ਼੍ਹਬੀ ‘ਖਿਲਾਫਤ ਅੰਦੋਲਨ’ ਦਾ ਅੰਸ਼ ਸੀ, ਜਿਸ ਦੀ ਗਾਂਧੀ ਜੀ ਨੇ ਇਹ ਸੋਚ ਕੇ ਅਗਵਾਈ ਕੀਤੀ ਕਿ ਇਸ ਨਾਲ ਮੁਸਲਮਾਨਾਂ ’ਚ ਪਾਈ ਜਾਂਦੀ ‘ਅਸੁਰੱਖਿਆ’ ਦੂਰ ਹੋ ਜਾਵੇਗੀ ਪਰ ਇਸ ਸੁਭਾਵਕ ਗਠਜੋੜ ਨੇ ਖਿਲਾਫਤ ਨੂੰ ਮਾਲਾਬਾਰ, ਮੁਲਤਾਨ, ਸਹਾਰਨਪੁਰ, ਅਜਮੇਰ ਆਦਿ ਖੇਤਰਾਂ ’ਚ ਹਿੰਦੂਆਂ ’ਤੇ ਜੇਹਾਦੀ ਹਮਲਿਆਂ ਦਾ ਅਦਾਰਾ ਬਣਾ ਦਿੱਤਾ। ਇਸ ਤੋਂ ਗੁੱਸੇ ’ਚ ਆ ਕੇ ਗਾਂਧੀ ਜੀ ਨੇ ਮੁਸਲਮਾਨਾਂ ਨੂੰ ‘ਗੁੰਡਾ’ ਕਹਿ ਕੇ ਪਰਿਭਾਸ਼ਿਤ ਕੀਤਾ। ਵੰਡ ਪਿੱਛੋਂ ਮੁਸਲਿਮ ਸਮਾਜ ਦੇ ਇਕ ਵਰਗ ਨੂੰ ਖੰਡਿਤ ਭਾਰਤ ’ਚ ਦਹਾਕਿਆਂ ਤੋਂ ‘ਅਸੁਰੱਖਿਆ’ ਦਾ ਅਹਿਸਾਸ ਹੋ ਰਿਹਾ ਹੈ।

ਧਾਰਾ 370-35ਏ ਦੇ ਸੰਵਿਧਾਨਕ ਖੋਰੇ ਪਿਛੋਂ ਕਸ਼ਮੀਰ ’ਚ 21 ਹਿੰਦੂਆਂ-ਸਿੱਖਾਂ ਨੂੰ ਉਨ੍ਹਾਂ ਦੇ ਪੂਜਾ ਕਰਨ ਦੇ ਢੰਗ ਕਾਰਨ ਅੱਤਵਾਦੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਵਾਦੀ ’ਚ ਇਹ ਜੇਹਾਦ 1980-90 ਦੇ ਦਹਾਕੇ ਤੋਂ ਜਾਰੀ ਹੈ, ਜਿਸ ’ਚ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਵ. ਜਗਮੋਹਨ ਵਲੋਂ ਲਿਖੀ ਕਿਤਾਬ ‘ਮਾਏ ਫ੍ਰੋਜ਼ਨ ਟਰਬੂਲੈਂਸ ਇਨ ਕਸ਼ਮੀਰ’ ਮੁਤਾਬਕ 1989-96 ਦਰਮਿਆਨ 4646 ਵਧੇਰੇ (ਵਧੇਰੇ ਹਿੰਦੂ) ਸਥਾਨਕ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। 31 ਮੰਦਰਾਂ ਨੂੰ ਤੋੜ ਦਿੱਤਾ ਗਿਆ ਸੀ। 1980 ਦੇ ਦਹਾਕੇ ’ਚ ਪੰਜਾਬ ਸਥਿਤ ਕੱਟੜਪੰਥੀਆਂ ਨੇ ਵੀ ਗੈਰ-ਸਿੱਖਾਂ ਖਾਸ ਕਰ ਕੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਅਸੁਰੱਖਿਆ ਦੀ ਭਾਵਨਾ ਕੀ ਹੁੰਦੀ ਹੈ ਇਹ ਕੋਈ ਨੂਪੁਰ ਸ਼ਰਮਾ ਕੋਲੋਂ ਪੁੱਛੇ ਜੋ ਬੀਤੇ 6 ਮਹੀਨੇ ਤੋਂ ਆਪਣੀ ਜਾਨ ਦੀ ਰਾਖੀ ਲਈ ਅੰਡਰਗ੍ਰਾਊਂਡ ਹੈ। ਇਸ ਕਾਂਡ ਕਾਰਨ ਮਾਹੌਲ ਕਿਸ ਤਰ੍ਹਾਂ ਦਾ ਹੈ, ਇਹ ਜੂਨ 2022 ’ਚ (ਰਾਜਸਥਾਨ) ਦੇ ਉਦੈਪੁਰ ਅਤੇ ਮਹਾਰਾਸ਼ਟਰ ਦੇ ਅਮਰਾਵਤੀ ’ਚ ਜੇਹਾਦੀਆਂ ਵੱਲੋਂ ਕ੍ਰਮਵਾਰ ਕਨ੍ਹਈਆ ਲਾਲ ਅਤੇ ਮੇਸ਼ ਕੋਲ੍ਹੇ ਦੀ ਧੌਣ ਵੱਢ ਕੇ ਹੱਤਿਆ ਕਰਨ ਤੋਂ ਸਪੱਸ਼ਟ ਹੈ। ਕੀ ਇਨ੍ਹਾਂ ਸਭ ਦੇ ਬਾਅਦ ਭਾਰਤ ’ਚ ਅਸਹਿਜ ਹਿੰਦੂਆਂ ਨੂੰ ਦੇਸ਼ ਛੱਡਣ ਦਾ ਵਿਚਾਰ ਆਇਆ? ਨਹੀਂ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦਾ ਆਪਣੀ ਸਨਾਤਨ ਸੰਸਕ੍ਰਿਤੀ ਨਾਲ ਭਾਵਨਾਤਮਕ ਪਿਆਰ ਹੈ, ਜੋ ਉਨ੍ਹਾਂ ਨੂੰ ਕਿਸੇ ਵੀ ਹਾਲਾਤ ’ਚ ਦੇਸ਼ ਨਾਲ ਜੋੜ ਕੇ ਰੱਖਦਾ ਹੈ।

ਕੀ ਅਜਿਹਾ ਕੋਈ ਤਰੀਕਾ ਹੈ ਜਿਸ ਨਾਲ ਆਮਿਰ ਖਾਨ, ਹਾਮਿਦ ਅਨਸਾਰੀ ਜਾਂ ਅਬਦੁਲ ਬਾਰੀ ਸਿੱਦੀਕੀ ਆਦਿ ਨੂੰ ਭਾਰਤ ’ਚ ‘ਅਸੁਰੱਖਿਆ ਦਾ ਅਹਿਸਾਸ’ ਨਾ ਹੋਵੇ? ਸ਼ਾਇਦ ਨਹੀਂ, ਕਿਉਂਕਿ ਜੋ ਕੰਮ ਇਸ ਖੇਤਰ ’ਚ ਗਾਂਧੀ ਜੀ, ਪੰ. ਨਹਿਰੂ ਆਦਿ ਨਹੀਂ ਕਰ ਸਕੇ, ਕੀ ਉਹ ਕੋਈ ਹੋਰ ਕਰ ਸਕੇਗਾ?
ਬਲਬੀਰ ਪੁੰਜ
(ਲੇਖਕ ਸੀਨੀਅਰ ਕਾਲਮਨਵੀਸ, ਰਾਜ ਸਭਾ ਦੇ ਸਾਬਕਾ ਮੈਂਬਰ ਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਮੀ ਉਪ ਪ੍ਰਧਾਨ ਹਨ।)


author

Mandeep Singh

Content Editor

Related News