ਸਾਰੇ ਜੁਰਮਾਨੇ ਆਮ ਲੋਕਾਂ ਲਈ ਕਿਉਂ?

Thursday, Jul 19, 2018 - 02:24 PM (IST)

ਸਾਰੇ ਜੁਰਮਾਨੇ ਆਮ ਲੋਕਾਂ ਲਈ ਕਿਉਂ?

ਅੱਜ ਕਿਉਂ ਨਾ ਇਸ ਮੁੱਦੇ 'ਤੇ ਗੱਲ ਹੋਵੇ, ਜੇਕਰ ਮੇਰੇ ਕੋਲ ਡਰਾਈਵਿੰਗ ਲਾਇਸੰਸ ਨਾ ਹੋਵੇ ਤਾਂ ਜੁਰਮਾਨਾ, ਜੇਕਰ ਵਾਹਨ ਦੀ ਕਾਪੀ ਨਾ ਹੋਵੇ ਤਾਂ  ਜੁਰਮਾਨਾ, ਜੇਕਰ ਹੈਲਮੇਟ ਜਾਂ ਸੀਟ ਬੈਲਟ ਨਾ ਲੱਗੀ ਹੋਵੇ ਤਾਂ ਜੁਰਮਾਨਾ, ਜੇਕਰ ਮੈਂ ਬਿਨਾ ਨਕਸ਼ਾ ਪਾਸ ਕਰਵਾਏ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਜੁਰਮਾਨਾ, ਜੇਕਰ ਕੋਈ ਸਰਕਾਰੀ ਬਿੱਲ ਭਰਨ ਵਿਚ ਦੇਰ ਹੋ ਗਈ ਤਾਂ ਜੁਰਮਾਨਾ, ਜੇਕਰ ਮੈਂ ਕੋਈ ਨਿੱਜੀ ਕੰਮ ਲਈ ਸੜਕ ਤੇ ਟੋਇਆ ਪੁੱਟ ਦਿੱਤਾ ਤਾਂ ਜੁਰਮਾਨਾ, ਜੇਕਰ ਬੈਂਕ ਦੇ ਆਪਣੇ ਹੀ ਖਾਤੇ ਵਿਚੋਂ ਸਾਰੇ ਪੈਸੇ ਕੱਢ ਲਏ ਤਾਂ ਜੁਰਮਾਨਾ, ਪਤਾ ਨਹੀਂ ਕਿਸ-ਕਿਸ ਗੱਲ 'ਤੇ ਜੁਰਮਾਨਾ ਪਰ ਜੇਕਰ ਕੱਲ ਬਣੀ ਸੜਕ ਅੱਜ ਟੁੱਟ ਗਈ ਕਿਸੇ ਨੂੰ ਕੋਈ ਜੁਰਮਾਨਾ ਨਹੀਂ ਸਗੋਂ ਸੜਕ ਦਾ ਟੈਂਡਰ ਦੁਬਾਰਾ ਪੈ ਜਾਂਦਾ ਹੈ ਤੇ ਫਿਰ ਉਸੇ ਠੇਕੇਦਾਰ ਨੂੰ ਉਹ ਸੜਕ ਦੁਬਾਰਾ ਬਣਾਉਣ ਨੂੰ ਦੇ ਦਿੱਤੀ ਜਾਂਦੀ ਹੈ । ਸਾਡੇ ਸ਼ਹਿਰ ਦੀਆਂ ਮਹੀਨੇ ਭਰ ਤੋਂ ਲੱਗੀਆਂ ਸਟਰੀਟ ਲਾਈਟਾਂ ਬੰਦ ਪਈਆਂ ਹਨ ਪਰ ਕਿਸੇ ਨੂੰ ਕੋਈ ਜੁਰਮਾਨਾ ਨਹੀਂ, ਸਾਡੇ ਸ਼ਹਿਰ ਦੇ ਹੀ ਕੁਝ ਮਹੀਨੇ ਪਹਿਲਾਂ ਸੁਨਾਮ ਰੋਡ 'ਤੇ ਬਣੇ ਫੁੱਟਪਾਥ ਬਿਖਰੇ ਪਏ ਹਨ ਪਰ ਕਿਸੇ ਨੂੰ ਕੋਈ ਜੁਰਮਾਨਾ ਨਹੀਂ, ਸਾਡੇ ਹੀ ਸ਼ਹਿਰ ਲਹਿਰਾਗਾਗਾ ਦੇ ਸਨੇਕ ਰੋਡ 'ਤੇ ਲੱਗੀਆਂ ਟਾਈਲਾਂ ਗੰਦਗੀ ਤੇ ਮੁਸੀਬਤਾਂ ਦਾ ਕਾਰਨ ਬਣੀਆਂ ਹੋਈਆਂ ਹਨ ਪਰ ਕਿਸੇ ਨੂੰ ਕੋਈ ਜੁਰਮਾਨਾ ਨਹੀਂ, ਸਾਡੇ ਹੀ ਸ਼ਹਿਰ ਦਾ ਰੇਲਵੇ ਦਾ ਅੰਡਰ ਪੁਲ ਬਾਰਿਸ਼ ਸਮੇਂ ਸਮੁੰਦਰ ਬਣ ਜਾਂਦਾ ਹੈ ਤੇ ਬਸਾਂ ਤਕ ਡੁੱਬ ਜਾਂਦੀਆਂ ਹਨ ਪਰ ਕਿਸੇ ਤੇ ਕੋਈ ਜੁਰਮਾਨਾ ਨਹੀਂ ।
ਇਹ ਇਸ ਦੇਸ਼ ਦੀ ਵਿਵਸਥਾ ਬਣਾਈ ਗਈ ਹੈ। ਸਾਰੇ ਕਾਨੂੰਨ ਤੇ ਜੁਰਮਾਨੇ ਆਮ ਲੋਕਾਂ ਲਈ ਹਨ, ਸਰਕਾਰੀ ਬਾਬੂ ਅਤੇ ਲੀਡਰ ਠੇਕੇਦਾਰਾਂ ਨਾਲ ਮਿਲਕੇ ਦੇਸ਼ ਨੂੰ ਲੁੱਟ ਰਹੇ ਹਨ, ਵਿਵਸਥਾ ਅਤੇ ਸੁਵਿਧਾ ਨੂੰ ਚੌਪਟ ਕਰ ਰਹੇ ਹਨ ਪਰ ਇਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਕੋਈ ਜੁਰਮਾਨਾ ਨਹੀਂ, ਅੱਜ ਮੈਂ ਕੋਈ ਚੀਜ਼ ਪੈਕ ਕਰਦਾ ਹਾਂ ਤਾਂ ਇਕ ਸਾਲ ਬਾਅਦ ਦੀ ਤਾਰੀਖ ਉਸ 'ਤੇ ਪਾਉਂਦਾ ਹਾਂ ਕਿ ਇਹ ਚੀਜ਼ ਇਕ ਸਾਲ ਤਕ ਖਰਾਬ ਨਹੀਂ ਹੋਵੇਗੀ, ਜੇਕਰ ਇਹ ਚੀਜ਼ ਇਕ ਸਾਲ ਤੋਂ ਪਹਿਲਾਂ ਖਰਾਬ ਹੁੰਦੀ ਹੈ ਤਾਂ ਮੇਰੇ 'ਤੇ ਕਾਨੂੰਨੀ ਕਾਰਵਾਈ ਹੋਵੇਗੀ ਪਰ ਸਰਕਾਰੀ ਪੈਸੇ ਨਾਲ ਤਿਆਰ ਹੋ ਰਹੀਆਂ ਚੀਜ਼ਾਂ ਚੰਦ ਕੁ ਦਿਨਾਂ ਵਿਚ ਖਰਾਬ ਹੋ ਜਾਂਦੀਆਂ ਹਨ ਫਿਰ ਵੀ ਕਿਸੇ 'ਤੇ ਕੋਈ ਕਾਰਵਾਈ ਨਹੀਂ ਹੁੰਦੀ ।
ਅਸੀਂ ਟੈਕਸ ਦਿੰਦੇ ਹਾਂ,
ਉਹ ਲੁੱਟਦੇ ਨੇ,
ਜੇਕਰ ਆਵਾਜ਼ ਉਠਾਈਏ ਤਾਂ ਕੁੱਟਦੇ ਨੇ ।
ਇਸ ਦੇਸ਼ ਦੇ ਕਾਨੂੰਨ ਦਾ ਇਸਤੇਮਾਲ ਗਰੀਬ ਤੇ ਕਮਜ਼ੋਰ ਆਦਮੀ ਨੂੰ ਦਬਾ ਕੇ ਰੱਖਣ ਲਈ ਹੋ ਰਿਹਾ ਹੈ, ਸਾਰੇ ਜੁਰਮਾਨੇ, ਸਾਰੇ ਕਾਨੂੰਨ ਆਮ ਲੋਕਾਂ ਲਈ ਹਨ, ਲੀਡਰ, ਸਰਕਾਰੀ ਬਾਬੂ ਤੇ ਇਨ੍ਹਾਂ ਦੇ ਚਮਚੇ ਮਿਲਕੇ ਆਮ ਲੋਕਾਂ ਨੂੰ ਡਰਾ ਰਹੇ ਹਨ ।
ਸੰਦੀਪ ਗਰਗ
ਲਹਿਰਾਗਾਗਾ (ਪੰਜਾਬ)
9316188000


Related News