ਆਖ਼ਿਰ ਕੀ ਸੁਨੇਹਾ ਦਿੰਦੇ ਨੇ ਪੰਜ ਸੂਬਿਆਂ ਦੇ ਚੋਣ ਨਤੀਜੇ !

5/4/2021 1:44:15 PM

ਅੱਬਾਸ ਧਾਲੀਵਾਲ 
ਮਲੇਰਕੋਟਲਾ ।
Abbasdhaliwal72@gmail.com 

ਪਿਛਲੇ ਦਿਨੀਂ ਪੱਛਮੀ ਬੰਗਾਲ ਸਮੇਤ 4 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਵੋਟਿੰਗ ਦਾ ਕੰਮ ਮੁਕੰਮਲ ਹੋਣ ਉਪਰੰਤ ਵੋਟਾਂ ਦੀ ਗਿਣਤੀ ਨਿਸ਼ਚਿਤ ਮਿਤੀ 2 ਮਈ ਨੂੰ ਸਵੇਰੇ ਆਰੰਭ ਕਰ ਦਿੱਤੀ ਗਈ, ਜਿਵੇਂ ਹੀ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ ਤਾਂ ਤਮਾਮ ਮੀਡੀਆ ਦਾ ਧਿਆਨ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਤੋਂ ਪਲਟ ਕੇ ਇਕ ਵਾਰ ਫਿਰ ਚੁਣਾਵੀ ਗਿਣਤੀ ਵੱਲ ਆਕਰਸ਼ਿਤ ਹੋ ਗਿਆ। 
ਹਾਲਾਂਕਿ ਇਸ ਤੋਂ ਪਹਿਲਾਂ ਬੀਤੇ ਦੋ ਢਾਈ ਮਹੀਨਿਆਂ ਦਰਮਿਆਨ ਅਕਸਰ ਦੇਸ਼ ਦੇ ਲੋਕਾਂ ਦੀ ਚਰਚਾ ਦਾ ਕੇਂਦਰ ਪੱਛਮੀ ਬੰਗਾਲ ਦੀਆਂ ਉਕਤ ਚੋਣਾਂ ਸਨ ਜਿਨ੍ਹਾਂ ਨੂੰ ਜਿੱਤਣ ਲਈ ਬੀ.ਜੇ.ਪੀ. ਪਿਛਲੇ ਦੋ ਢਾਈ ਸਾਲ ਤੋਂ ਜੁਟੀ ਹੋਈ ਸੀ ਅਤੇ ਉਧਰ ਸੂਬੇ ਦੀ ਸੱਤਾ ਤੇ ਬਿਰਾਜਮਾਨ ਮਮਤਾ ਬੈਨਰਜੀ ਵੀ ਇਸ ਵਾਰੀ ਆਪਣੀ ਪਾਰਟੀ ਨੂੰ ਜਿਤਾ ਕੇ ਹੈਟ੍ਰਿਕ ਲਗਾਉਣ ਦੀ ਕੋਸ਼ਿਸ਼ ਵਿਚ ਸਨ।ਚੋਣਾਂ ਤਾਂ ਭਾਵੇਂ ਦੂਜੇ ਸੂਬਿਆਂ ਵਿੱਚ ਵੀ ਹੋ ਰਹੀਆਂ ਸਨ ਪਰ ਅੱਠ ਚਰਨਾਂ ਵਿੱਚ ਹੋਣ ਵਾਲੇ ਪੱਛਮੀ ਬੰਗਾਲ ਦੀਆਂ ਚੋਣਾਂ ਦਰਅਸਲ ਭਾਜਪਾ ਦੇ ਲੀਡਰਾਂ ਲਈ ਇਕ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਸਨ। ਇਹੋ ਵਜ੍ਹਾ ਹੈ ਕਿ ਇਕ ਅੰਦਾਜ਼ੇ ਮੁਤਾਬਿਕ ਪੱਛਮੀ ਬੰਗਾਲ ਦੀਆਂ ਇਨ੍ਹਾਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੀਬ 21 ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਲਈ ਵੋਟਾਂ ਮੰਗੀਆਂ। 

ਕੋਰੋਨਾ ਨੇ ਵਿਗਾੜੇ ਸਿਆਸੀ ਦਾਅ ਪੇਚ
ਉਧਰ ਅਪ੍ਰੈਲ ਮਹੀਨੇ ਵਿੱਚ ਜਦੋਂ ਕਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਆਪਣਾ ਜ਼ੋਰ ਫੜਿਆ ਤਾਂ ਦੇਸ਼ ਦੇ ਵਧੇਰੇ ਲੋਕਾਂ ਦਾ ਧਿਆਨ ਚੋਣਾਂ ਦੀ ਬਜਾਏ ਬੀਮਾਰੀ ਵੱਲ ਹੋ ਗਿਆ ਪਰ ਇਸ ਸਭ ਕਾਸੇ ਦੇ ਬਾਵਜੂਦ ਪੱਛਮੀ ਬੰਗਾਲ ਵਿੱਚ ਉਸੇ ਰਫ਼ਤਾਰ ਨਾਲ ਚੁਣਾਵੀ ਸਭਾਵਾਂ ਦਾ ਸਿਲਸਿਲਾ ਚਲਦਾ ਰਿਹਾ ਇਥੋਂ ਤਕ ਕਿ ਪਹਿਲਾਂ ਕਲਕੱਤਾ ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਝਾੜ ਪਾਈ ਅਤੇ ਫਿਰ ਮਦਰਾਸ ਹਾਈਕੋਰਟ ਨੇ ਤਾਂ ਆਪਣੀਆਂ ਸਖ਼ਤ ਟਿੱਪਣੀਆਂ ਕਰਦਿਆਂ ਇਥੋਂ ਤੱਕ ਕਹਿ ਦਿੱਤਾ ਕਿ ਦੇਸ਼ ਅੰਦਰ ਕੋਰੋਨਾ ਦੀ ਦੂਜੀ ਲਹਿਰ ਫੈਲਾਉਣ ਲਈ ਇਲੈਕਸ਼ਨ ਕਮਿਸ਼ਨ ਜ਼ਿੰਮੇਵਾਰ ਹੈ ਅਤੇ ਕਿਉਂ ਨਾ ਇਨ੍ਹਾਂ ਅਧਿਕਾਰੀਆਂ 'ਤੇ ਕੇਸ ਦਰਜ ਕੀਤੇ ਜਾਣ। ਇਸ ਤੋਂ ਬਾਅਦ ਇਕ ਵਾਰ ਤਾਂ ਇੰਝ ਲੱਗਣ ਲੱਗਾ ਸੀ ਕਿ ਜਿਵੇਂ ਸ਼ਾਇਦ ਇਲੈਕਸ਼ਨ ਦੀ ਇਸ ਪ੍ਰਕਿਰਿਆ ਨੂੰ ਇੱਥੇ ਹੀ ਰੋਕ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ ਸਗੋਂ ਚੋਣਾਂ ਦਾ ਕਾਰਜ ਮੁਕੰਮਲ ਹੋਇਆ ਅਤੇ ਨਿਸ਼ਚਿਤ ਮਿਤੀ ਤੇ ਵੋਟਾਂ ਦੀ ਗਿਣਤੀ ਵੀ ਕਰਨੀ ਆਰੰਭ ਕਰ ਦਿੱਤੀ ਗਈ। ਜਿਵੇਂ ਜਿਵੇਂ ਹੀ ਰੁਝਾਨ ਆਉਣੇ ਸ਼ੁਰੂ ਹੋਏ ਤਿਵੇਂ ਹੀ ਮੀਡੀਆ ਅਤੇ ਲੋਕਾਂ ਦਾ ਸਾਰਾ ਧਿਆਨ ਇਕ ਵਾਰ ਫਿਰ ਕੋਰੋਨਾ ਤੋਂ ਹਟ ਕੇ ਚੁਣਾਵੀ ਨਤੀਜਿਆਂ ਵਲ ਖਿੱਚਿਆ ਗਿਆ । 
ਵੈਸੇ ਜਿਨ੍ਹਾਂ ਪੰਜ ਰਿਆਸਤਾਂ ਵਿੱਚ ਚੋਣਾਂ ਹੋਈਆਂ ਸਨ ਉਨ੍ਹਾਂ ਵਿਚ ਲੋਕਾਂ ਲਈ ਸੱਭ ਤੋਂ ਵੱਧ ਦਿਲਚਸਪੀ ਤੇ ਉਤਸੁਕਤਾ ਪੱਛਮੀ ਬੰਗਾਲ ਦੇ ਨਤੀਜਿਆਂ ਨੂੰ ਜਾਣਨ ਲਈ ਸੀ ਤੇ ਫਿਰ 2 ਮਈ ਨੂੰ ਜਿਵੇਂ ਜਿਵੇਂ ਦੁਪਹਿਰ ਹੁੰਦੀ ਗਈ ਤਾਂ ਮਮਤਾ ਬੈਨਰਜੀ ਦੀ ਪਾਰਟੀ ਆਪਣੇ ਤਮਾਮ ਵਿਰੋਧੀਆਂ ਨੂੰ ਧਾਰਾਸ਼ਾਈ ਕਰਦਿਆਂ ਇਕ ਵੱਡੀ ਲੀਡ ਵੱਲ ਵਧਦੀ ਦਿਖਾਈ ਦੇਣ ਲੱਗੀ। ਦੁਪਹਿਰ ਦੇ ਇਕ ਵਜੇ ਦੇ ਕਰੀਬ ਤਾਂ ਜਿਵੇਂ ਮਮਤਾ ਦੀਦੀ ਦਾ ਜਾਦੂ ਹਰ ਇੱਕ ਦੇ ਸਿਰ ਚੜ੍ਹ ਕੇ ਬੋਲਣ ਲੱਗਾ। 
ਦਰਅਸਲ ਪੱਛਮੀ ਬੰਗਾਲ ਜਿੱਥੇ ਕਿ ਭਾਜਪਾ ਮਮਤਾ ਨੂੰ ਸੱਤਾ ਤੋਂ ਬੇਦਖ਼ਲ ਕਰ ਸੂਬੇ ਦੀ ਵਾਗਡੋਰ ਆਪ ਸੰਭਾਲਣ ਲਈ ਤਰਲੋ ਮੱਛੀ ਹੋ ਰਹੀ ਸੀ ਤਾਂ ਇਨ੍ਹਾਂ ਨਤੀਜਿਆਂ ਦੀ ਆਮਦ ਨੇ ਉਨ੍ਹਾਂ ਦੀਆਂ ਤਮਾਮ ਆਸਾਂ ਤੇ ਉਮੀਦਾਂ ਤੇ ਪਾਣੀ ਫੇਰ ਦਿੱਤਾ। ਉਧਰ ਕਾਂਗਰਸ ਵਾਲਾ ਲੈਫਟ ਫਰੰਟ ਸ਼ਾਇਦ ਬੰਗਾਲ ਵਿੱਚ ਆਪਣੀ ਖੋਈ ਹੋਈ ਜ਼ਮੀਨ ਦੀ ਭਾਲ ਵਿਚ ਸੀ ਪਰ ਪੱਛਮੀ ਬੰਗਾਲ ਨਤੀਜਿਆਂ ਨੇ ਜਿਵੇਂ ਮਮਤਾ ਦੇ ਤਮਾਮ ਵਿਰੋਧੀਆਂ ਨੂੰ ਚਾਰੋ ਖਾਨੇ ਚਿੱਤ ਕਰਕੇ ਰੱਖ ਦਿੱਤਾ। 

ਇਹ ਵੀ ਪੜ੍ਹੋ :ਬਸਪਾ ਨਾਲ ਗੱਠਜੋੜ ਕਰਕੇ ਚੋਣਾਂ ਲੜੇਗਾ ਸ਼੍ਰੋਮਣੀ ਅਕਾਲੀ ਦਲ!

ਮਮਤਾ ਦੇ ਹੱਕ 'ਚ ਭੁਗਤਿਆ ਵਿਰੋਧੀਆਂ ਦਾ ਪੈਂਤੜਾ
ਇਲੈਕਸ਼ਨ ਕੰਪੇਨ ਦੌਰਾਨ ਜੋ ਆਗੂ ਮਮਤਾ ਬੈਨਰਜੀ ਨੂੰ ਵਿਅੰਗਾਤਮਈ ਸ਼ੈਲੀ ਵਿੱਚ " ਦੀਦੀ ਓ ਦੀਦੀ" ਆਖਦੇ ਸਨ ਉਨ੍ਹਾਂ ਸਭਨਾਂ ਨੂੰ ਬੰਗਾਲ ਦੀ ਜਨਤਾ ਨੇ ਆਪਣਾ ਫ਼ਤਵਾ ਦਿੰਦਿਆਂ ਇਕ ਤਰ੍ਹਾਂ ਨਾਲ ਸਾਫ਼ ਟਕੇ ਦਾ ਜਵਾਬ ਦੇ ਦਿੱਤਾ। 
ਦਰਅਸਲ ਮਮਤਾ ਬੈਨਰਜੀ ਦੇ ਸਾਫ਼ ਸੁਥਰੇ ਵਿਅਕਤੀਤਵ ਅਤੇ ਅਕਸ ਦੇ ਸਾਹਮਣੇ ਜਿਵੇਂ ਵੱਡੇ ਵੱਡੇ ਤੀਸ ਮਾਰ ਖਾਂ ਸਿਆਸਤ ਦੇ ਚਾਣਕਿਆ ਕਹੇ ਜਾਣ ਵਾਲੇ ਲੋਕ ਵੀ ਢਹਿਢੇਰੀ ਹੁੰਦੇ ਵਿਖਾਈ ਦਿੱਤੇ। ਮਮਤਾ ਨੂੰ ਹਰਾਉਣ ਦੀਆਂ ਹਰ ਤਰ੍ਹਾਂ ਦੀਆਂ ਸ਼ਾਤਿਰਰਾਨਾਂ ਚਾਲਾਂ ਅਤੇ ਪਲਾਨ ਜਿਵੇਂ ਮੱਕੜੀ ਦੇ ਜਾਲੇ ਵਾਂਗ ਚਕਨਾਚੂਰ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਵੋਟਾਂ ਦੇ ਧਰੁਵੀਕਰਨ ਦੇ ਤਮਾਮ ਮਨਸੂਬੇ ਜਿਵੇਂ ਦਮ ਤੋੜਦੇ ਵਿਖਾਈ ਦਿੱਤੇ। 
ਉਧਰ ਤਾਮਿਲਨਾਡੂ ਜਿੱਥੇ ਕਿ ਇਸ ਵਾਰ ਦੋ ਸਿਆਸੀ ਮਹਾਰਥੀਆਂ ਸ਼੍ਰੀ ਜੈਲਲਿਤਾ ਅਤੇ ਕਰੁਣਾ ਨਿਧੀ ਦੀ ਮੌਜੂਦਗੀ ਦੇ ਬਗੈਰ ਇਲੈਕਸ਼ਨ ਹੋ ਰਹੇ, ਜਿਸ ਵਿੱਚ ਕਮਲ ਹਸਨ ਦੀ ਪਾਰਟੀ ਵੀ ਕਿਸਮਤ ਅਜ਼ਮਾਈ ਕਰ ਰਹੀ ਸੀ, ਉੱਥੇ ਵੀ ਪਿਛਲੇ ਦਸ ਸਾਲਾਂ ਤੋਂ ਸੱਤਾ 'ਤੇ ਬਿਰਾਜਮਾਨ ਏ.ਆਈ.ਏ.ਡੀ.ਐਮ.ਕੇ. ਨੂੰ ਉਸ ਦੀ ਵਿਰੋਧੀ ਪਾਰਟੀ ਡੀ.ਐਮ.ਕੇ. ਨੇ ਸੱਤਾ ਤੋਂ ਬੇਦਖਲ ਕਰਦਿਆਂ ਵਾਗਡੋਰ ਆਪਣੇ ਹੱਥ ਵਿੱਚ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। 
ਜਦ ਕਿ ਕੇਰਲ ਵਿੱਚ ਇੱਕ ਵਾਰ ਫਿਰ ਤੋਂ ਲੋਕਾਂ ਨੇ ਖੱਬੇ ਪੱਖੀ ਐਲ. ਡੀ.ਐਫ ' ਚ ਆਪਣਾ ਵਿਸ਼ਵਾਸ ਜਤਾਇਆ। ਜਦ ਕਿ ਆਸਾਮ ਦੇ ਵੋਟਰਾਂ ਨੇ 2016 ਤੋਂ ਸੱਤਾ 'ਤੇ ਬਿਰਾਜਮਾਨ ਭਾਜਪਾ ਦੇ ਕਮਲ ਨੂੰ ਇਕ ਵਾਰ ਫਿਰ ਖਿੜਾਇਆ। ਉਧਰ ਪੁੱਡੂਚਿਰੀ ਵਿੱਚ ਵੀ ਐਨ.ਡੀ.ਏ. ਨੂੰ ਬਹੁਮੱਤ ਵਲ ਵਧਦੇ ਵੇਖਿਆ ਗਿਆ । 

ਨਤੀਜਿਆਂ ਦਾ ਲੇਖਾ ਜੋਖਾ
ਹੁਣ ਜੇਕਰ ਉਕਤ ਨਤੀਜਿਆਂ 'ਤੇ ਅਸੀਂ ਇਕ ਉਡਦੀ ਝਾਤ ਮਾਰੀਏ ਤਾਂ ਜਾਂ ਉਕਾਪੁਕਾ ਜਾਇਜ਼ਾ ਲਈਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਨ੍ਹਾਂ ਚੋਣਾਂ ਦੌਰਾਨ ਭਾਜਪਾ ਦੇ ਹਿੱਸੇ ਇਕ ਵੱਡੀ ਨਾਕਾਮੀ ਆਈ ਹੈ ਕਿਉਂਕਿ ਪੱਛਮੀ ਬੰਗਾਲ ਚ ਜਿਸ ਤਰ੍ਹਾਂ ਦੀ ਤਿਆਰੀ ਨਾਲ ਉਹ ਚੋਣ ਮੈਦਾਨ ਵਿੱਚ ਉਤਰੀ ਸੀ ਨਤੀਜੇ ਸਾਹਮਣੇ ਆਉਣ ਉਪਰੰਤ ਉਸ ਦੇ ਪੱਲੇ ਵੱਡੀ ਨਿਰਾਸ਼ਾ ਪਈ ਹੈ।ਬੰਗਾਲ ਦੇ ਨਤੀਜਿਆਂ ਨੇ ਦਰਅਸਲ ਪਾਰਟੀ ਨੂੰ ਇਹ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਉਹ ਆਪਣੀ ਪ੍ਰਚਲਿਤ ਵਿਚਾਰਧਾਰਾ ਜਿਵੇਂ ਕਿ ਧਾਰਮਿਕ ਵਖਰੇਵਿਆਂ ਆਦਿ ਵਾਲੀਆਂ ਨੀਤੀਆਂ ਨੂੰ ਤਬਦੀਲ ਕਰਨ ਬਾਰੇ ਸੋਚ-ਵਿਚਾਰ ਕਰੇ ਅਤੇ ਨਾਲ ਹੀ ਲੋਕਾਂ ਦੀ ਭਲਾਈ ਦੇ ਕੰਮਾਂ ਲਈ ਜ਼ਮੀਨੀ ਸਤਹਿ ਤੇ ਉਤਰ ਕੇ ਆਪਣੇ ਫਰਜ਼ਾਂ ਨੂੰ ਨਿਭਾਉਣਾ ਯਕੀਨੀ ਬਣਾਵੇ। ਇਸ ਦੇ ਇਲਾਵਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜਿਸ ਤਰ੍ਹਾਂ ਨਾਲ ਚੁਣਾਵੀ ਸਭਾਵਾਂ ਵਿੱਚ "ਦੀਦੀ ਓ ਦੀਦੀ" ਕਹਿ ਕੇ ਵਿਅੰਗ ਕੱਸਿਆ ਗਿਆ ਉਸ ਨੂੰ ਵੀ ਸੂਬੇ ਦੇ ਲੋਕਾਂ ਵਿਸ਼ੇਸ਼ ਤੌਰ 'ਤੇ ਔਰਤਾਂ ਨੇ ਆਪਣੇ ਅਪਮਾਨ ਵਜੋਂ ਵੇਖਿਆ ਅਤੇ ਇਸ ਮਾਮਲੇ ਨੂੰ ਲੈ ਕੇ ਵਧੇਰੇ ਲੋਕਾਂ ਦੀ ਹਮਦਰਦੀ ਵੀ ਮਮਤਾ ਬੈਨਰਜੀ ਦੇ ਹਿੱਸੇ ਆਈ ।
 ਇਸ ਦੇ ਇਲਾਵਾ ਭਾਜਪਾ ਦੀ ਹਾਰ ਇਕ ਵੱਡਾ ਕਾਰਨ ਕਿਸਾਨ ਆਗੂਆਂ ਦੁਆਰਾ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਵੀ ਸੀ। ਕਿਸਾਨਾਂ ਦੀ ਇਸ ਅਪੀਲ ਨੇ ਪਾਰਟੀ ਵਿਰੁੱਧ ਇਕ ਸੰਕੇਤਕ ਵਿਰੋਧੀ ਹਵਾ ਨੂੰ ਹੱਲਾਸ਼ੇਰੀ ਦਿੱਤੀ। ਇਸ ਤੋਂ ਇਲਾਵਾ ਚੋਣਾਂ ਦੌਰਾਨ ਜਿਸ ਤਰ੍ਹਾਂ ਮਮਤਾ ਬੈਨਰਜੀ ਦੇ ਪੈਰ 'ਤੇ ਸੱਟ ਵੱਜੀ ਅਤੇ ਇਸ ਉਪਰੰਤ ਉਹ ਆਪਣੀ ਹਰ ਚੁਣਾਵੀ ਸਭਾ ਪਟਾ 
ਲਿਪਟਿਆ ਪੈਰ ਲੈ ਕੇ ਸਟੇਜ 'ਤੇ ਆ ਕੇ ਲੋਕਾਂ ਨੂੰ ਆਪਣੀ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦੀ ਸੀ ਤਾਂ ਉਸ ਨਾਲ ਵੀ ਉਹਨਾਂ ਨੂੰ ਲੋਕਾਂ ਦੀ ਵਧੇਰੇ ਹਮਦਰਦੀ ਮਿਲੀ ਤੇ ਨਿਰਸੰਦੇਹ ਇਹ ਹਮਦਰਦੀ ਉਸ ਦੇ ਵੋਟ ਬੈਂਕ ਵਿਚ ਤਬਦੀਲ ਹੁੰਦੀ ਗਈ। 

ਸਿਆਸੀ ਮਾਹਿਰਾਂ ਦੀ ਰਾਏ
ਬਾਕੀ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਸ ਦੇ ਇਲਾਵਾ ਪੱਛਮੀ ਬੰਗਾਲ ਵਿੱਚ ਅੱਠ ਚਰਨਾਂ ਵਿੱਚ ਵਿਚ ਹੋਇਆ ਇਲੈਕਸ਼ਨ ਵੀ ਪਾਰਟੀ ਲਈ ਇਕ ਵੱਡਾ ਡਰਾਬੈਕ ਸਿੱਧ ਹੋਇਆ ਹੈ ਕਿਉਂਕਿ ਵੋਟਾਂ ਦੇ ਆਖਰੀ ਦੋ ਤਿੰਨ ਚਰਨਾਂ ਦੌਰਾਨ ਜਿਵੇਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਜ਼ੋਰ ਫੜਿਆ ਅਤੇ ਇਸ ਤੋਂ ਉਪਰੰਤ ਜਿਸ ਤਰ੍ਹਾਂ ਕੋਰੋਨਾ ਮਹਾਮਾਰੀ ਨਾਲ ਨਿਪਟਣ ਨੂੰ ਲੈ ਕੇ ਮੋਦੀ ਸਰਕਾਰ ਦੀ ਵਿਦੇਸ਼ੀ ਮੀਡੀਆ ਨੇ ਭੰਡੀ ਕੀਤੀ ਉਹ ਵੀ ਪਾਰਟੀ ਦੀ ਹਾਰ ਦਾ ਇਕ ਵੱਡਾ ਫੈਕਟਰ ਮੰਨਿਆ ਜਾ ਰਿਹਾ ਹੈ। 
ਭਾਵੇਂ ਭਾਜਪਾ ਆਸਾਮ ਵਿੱਚ ਆਪਣੀ ਸਰਕਾਰ ਬਣਾਉਣ ਵਿਚ ਕਾਮਯਾਬ ਹੋਈ ਹੈ ਪਰ ਜਿਸ ਤਰ੍ਹਾਂ ਬੰਗਾਲ, ਕੇਰਲਾ ਅਤੇ ਤਾਮਿਲਨਾਡੂ ਵਿਚ ਉਸ ਦੀ ਦੁਰਗਤ ਹੋਈ ਹੈ ਉਹ ਯਕੀਨਨ ਇਕ ਕੌਮੀ ਪਾਰਟੀ ਦੇ ਲਈ ਚਿੰਤਨ-ਮੰਥਨ ਕਰਨ ਦੀ ਮੰਗ ਕਰਦਾ ਹੈ। 
ਦੂਜੇ ਪਾਸੇ ਜਿੱਥੋਂ ਤੱਕ ਕਾਂਗਰਸ ਦਾ ਸੁਆਲ ਹੈ ਤਾਂ ਉਹ ਵੀ ਇਨ੍ਹਾਂ ਚੋਣਾਂ ਵਿੱਚ ਕਿਸੇ ਇਕ ਵੀ ਸੂਬੇ ਵਿਚ ਆਪਣੇ ਬਲਬੂਤੇ ਸਰਕਾਰ ਬਣਾਉਣ ਚ ਅਸਫ਼ਲ ਰਹੀ ਹੈ ਭਾਵੇਂ ਕਿ ਉਹ ਕੇਰਲ ਅਤੇ ਆਸਾਮ ਵਿਚ ਵਿਰੋਧੀ ਧਿਰ ਵਜੋਂ ਸਨਮਾਨਜਨਕ ਸੀਟਾਂ ਲੈਣ ਚ ਸਫ਼ਲ ਹੋਈ ਹੈ ਪਰ ਫਿਰ ਵੀ ਇਕ ਕੌਮੀ ਪਾਰਟੀ ਤੋਂ ਜਿਸ ਤਰ੍ਹਾਂ ਦੀਆਂ ਉਮੀਦਾਂ ਰੱਖੀਆਂ ਜਾਂਦੀਆਂ ਹਨ ਉਨ੍ਹਾਂ ਤੋਂ ਉਹ ਹਾਲੇ ਵੀ ਕਾਫ਼ੀ ਦੂਰ ਜਾਪਦੀ ਹੈ। 
ਬਾਕੀ ਜਿੱਥੋਂ ਤੱਕ ਕਮਲ ਹਸਨ, ਅਸਦੂਦੀਨ ਓਵੇਸੀ ਵਰਗੇ ਖੇਤਰੀ ਪਾਰਟੀਆਂ ਵਾਲੇ ਆਗੂਆਂ ਦਾ ਸੁਆਲ ਹੈ ਤਾਂ ਇਹ ਨਤੀਜੇ ਉਨ੍ਹਾਂ ਨੂੰ ਇਹੋ ਸੁਨੇਹਾ ਦਿੰਦੇ ਜਾਪਦੇ ਹਨ ਕਿ ਇਨ੍ਹਾਂ ਖੇਤਰੀ ਪਾਰਟੀਆਂ ਦੇ ਆਗੂਆਂ ਨੂੰ ਜ਼ਮੀਨੀ ਸਤਹ 'ਤੇ ਹੋਰ ਵਧੇਰੇ ਸੁਚਾਰੂ ਢੰਗ ਨਾਲ ਲੋਕਾਂ ਵਿੱਚ ਵਿਚਰਨ ਦੀ ਲੋੜ ਹੈ। 
ਨੋਟ: ਵਿਧਾਨ ਸਭਾ ਚੋਣ ਨਤੀਜਿਆਂ ਨੂੰ ਤੁਸੀਂ ਕਿਵੇਂ ਵੇਖਦੋ ਹੋ? ਕੁਮੈਂਟ ਕਰਕੇ ਦਿਓ ਆਪਣੀ ਰਾਏ

 


Harnek Seechewal

Content Editor Harnek Seechewal