''ਚੜ੍ਹਦੀ ਕਲਾ ਦਾ ਜਜ਼ਬਾ''

Monday, May 10, 2021 - 05:22 PM (IST)

ਸਾਡੇ ਵੱਲੋਂ ਪ੍ਰਗਟ ਕੀਤੇ ਗਏ ਸ਼ਬਦ ਸਾਡੀ ਅੰਦਰੂਨੀ ਸੋਚ ਨੂੰ ਜੱਗ ਜ਼ਾਹਿਰ ਕਰਦੇ ਹਨ। ਕਿਸੇ ਦਿਨ ਦੀ ਸ਼ੁਰੂਆਤ ਹੀਣ ਭਾਵਨਾ ਨਾਲ ਕਰੀ ਜਾਵੇ ਤਾਂ ਸਾਰਾ ਦਿਨ ਦਾ ਆਨੰਦ ਵਿਗੜ ਜਾਂਦਾ ਹੈ। ਵਿਚਾਰ ਸਾਡੇ ਸਰੀਰ 'ਤੇ ਗਹਿਰਾ ਅਸਰ ਪਾ ਜਾਂਦੇ ਹਨ। ਜਦੋਂ ਕਦੀ ਵੀ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਸਰੀਰ 'ਚ ਊਰਜਾ ਦੀ ਘਾਟ ਹੈ ਤਾਂ ਸੱਚ ਮੁੱਚ ਹੀ ਸਰੀਰ ਦਿਮਾਗ਼ ਨੂੰ ਉਸੇ ਤਰ੍ਹਾਂ ਦਾ ਸੁਨੇਹਾ ਲਾ ਦਿੰਦਾ ਹੈ, ਫਿਰ ਸਾਰਾ ਦਿਨ ਆਲਸ 'ਚ ਹੀ ਗੁਜ਼ਰ ਜਾਂਦਾ ਹੈ।

ਜੇਕਰ ਦਿਨ ਦੀ ਸ਼ੁਰੂਆਤ ਚੜ੍ਹਦੀ ਕਲਾ ਨਾਲ ਇਕ ਸ਼ੁਕਰਾਨੇ ਨਾਲ ਕੀਤੀ ਜਾਵੇ ਤਾਂ ਸਰੀਰ 'ਚ ਊਰਜਾ ਦੀ ਘਾਟ ਨਹੀਂ ਰਹਿੰਦੀ। ਇਹ ਸ਼ੁਰੂਆਤ ਦਿਨ ਦੇ ਹਰ ਕੰਮ 'ਚ ਮੋਹਰੀ ਹੋਣ ਲਈ ਕਾਫ਼ੀ ਹੈ। ਸਿੱਟੇ ਵਜੋਂ ਸਾਰਥਕ ਢੰਗ ਨਾਲ ਚੰਗੇ ਨਤੀਜੇ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਛੋਟੀਆਂ ਛੋਟੀਆਂ ਗੱਲਾਂ ਕਰਕੇ ਕਿਸੇ ਨਾਲ ਬਦਲੇ ਦੀ ਭਾਵਨਾ ਰੱਖਣਾ ਵੀ ਕਿਤੇ ਨਾ ਕਿਤੇ ਅੰਦਰੂਨੀ ਊਰਜਾ ਤੇ ਖੁਸ਼ੀ ਲਈ ਘਾਤਕ ਸਿੱਧ ਹੁੰਦੀ ਹੈ।

ਜਦੋਂ ਇਹੀ ਬਦਲੇ ਖੋਰੀ ਦੀ ਭਾਵਨਾ ਰੋਜ਼ਾਨਾ ਦੇ ਕੰਮਾਂ 'ਚ ਆ ਵੜਦੀ ਹੈ ਤਾਂ ਇਨਸਾਨ ਰੋਜ਼ ਅੰਦਰੋਂ ਅੰਦਰੀ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸੇ ਦੀ ਵਜ੍ਹਾ ਨਾਲ ਸਰੀਰ 'ਚ ਕਈ ਪ੍ਰਕਾਰ ਦੇ ਵਿਕਾਰ ਉਤਪੰਨ ਹੁੰਦੇ ਹਨ, ਜਿਨ੍ਹਾਂ 'ਚ ਰਕਤ ਚਾਪ 'ਚ ਵਾਧਾ ਅਤੇ ਦਿਮਾਗ਼ੀ ਪਰੇਸ਼ਾਨੀਆਂ ਮੁੱਖ ਸ਼ਾਮਿਲ ਹਨ। ਅਕਸਰ ਹੀ ਕਈ ਇਨਸਾਨ ਢਹਿੰਦੀ ਕਲਾ ਵਾਲੀ ਗੱਲ ਕਰਦੇ ਹਨ, ਜੇ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਕੀ ਹਾਲ ਚਾਲ ਹੈ .. ਤਾਂ ਜਵਾਬ ਬੜਾ ਹੀ ਢਿੱਲਾ ਹੁੰਦੈ। ਅਜਿਹੇ ਇਨਸਾਨ ਨਾਲ ਰਾਬਤਾ ਕਾਇਮ ਕਰਕੇ ਵੀ ਕੋਈ ਬਹੁਤਾ ਰਾਜੀ ਨਹੀਂ ਹੁੰਦਾ।

ਤੁਹਾਡੇ ਵਿਚਾਰ ਅਤੇ ਤੁਹਾਡੇ ਕੰਮ ਦੀ ਚਾਲ ਢਾਲ ਦਾ ਆਪਸ 'ਚ ਗੂੜ੍ਹਾ ਸੰਬੰਧ ਹੈ।ਇਹ ਹੁਣ ਸਾਡੇ 'ਤੇ ਹੈ ਕਿ ਅਸੀਂ ਕਿਸ ਸ਼੍ਰੇਣੀ 'ਚ ਸ਼ਾਮਿਲ ਹੋਣਾ ਹੈ। ਬੇਲੋੜੇ-ਬੋਝ ਤੇ ਬਦਲੇ ਦੀਆਂ ਭਾਵਨਾਵਾਂ ਨੂੰ ਦੂਰ ਰੱਖ ਕੇ ਚੜ੍ਹਦੀ ਕਲਾ ਵਾਲੀ ਪ੍ਰਵਿਰਤੀ ਅਪਣਾਈ ਜਾਵੇ ਤਾਂ ਜ਼ਿੰਦਗੀ ਬੇਹੱਦ ਖ਼ੂਬਸੂਰਤ ਤਰੀਕੇ ਨਾਲ ਮਾਣੀ ਜਾ ਸਕਦੀ ਹੈ। ਫ਼ੈਸਲਾ ਸਾਡੇ ਆਵਦੇ ਹੱਥ 'ਚ ਆ। ਤੁਹਾਡਾ ਚੜ੍ਹਦੀ ਕਲਾ 'ਚ ਰਹਿਣਾ ਕਿਸੇ ਲਈ ਸੇਧ ਵੀ ਬਣ ਸਕਦਾ ਹੈ। ਖੁਸ਼ ਰਹਿ ਕੇ ਸਚਾਰੂ ਢੰਗ ਨਾਲ ਕੰਮ ਨੂੰ ਤੋਰਨਾ ਹੀ ਅਸਲ ਜ਼ਿੰਦਗੀ ਦਾ ਗਹਿਣਾ ਹੈ।
ਅਮਨਦੀਪ ਸਿੰਘ
ਸਹਾਇਕ ਪ੍ਰੋਫੈਸਰ
ਆਈ.ਐਸ.ਐਫ ਫਾਰਮੈਸੀ ਕਾਲਜ, ਮੋਗਾ.
9465423413


Harnek Seechewal

Content Editor

Related News