ਮੌਤ ਦਾ ਦੂਜਾ ਨਾਂ ਐਕਸੀਡੈਂਟ

04/17/2017 5:57:35 PM

ਜਲੰਧਰ—ਅਜੋਕੇ ਸਮੇਂ ਦੀ ਜੇ ਮੈਂ ਗੱਲ ਕਰਾਂ ਤਾਂ ਇਹ ਗੱਲ ਮੈਨੂੰ ਬਿਲਕੁਲ ਵੀ ਝੂਠ ਨਹੀ ਜਾਪਦੀ ਕਿ ਮੌਤ ਦਾ ਦੂਜਾ ਨਾਂ ਐਕਸੀਡੈਂਟ ਹੀ ਹੈ ਕਿਉਂਕਿ ਮੈਂ ਜਦੋਂ ਵੀ ਕੋਈ ਅਖਬਾਰ ਪੜ੍ਹਦਾ ਹਾਂ ਜਾਂ ਫਿਰ ਟੀ. ਵੀ. ਉੱਤੇ ਖਬਰਾਂ ਵੇਖਦਾ ਹਾਂ ਤਾਂ ਮੈਨੂੰ ਸਿਰਫ ਇੱਕੋ ਗੱਲ ਜਿਆਦਾ ਪੜ੍ਹਨ ਜਾਂ ਜਿਆਦਾ ਸੁਣਨ ਨੂੰ ਮਿਲਦੀ ਹੈ ਕਿ ਭਿਆਨਕ ਐਕਸੀਡੈਂਟ ''ਚ ਇੰਨੀਆਂ ਮੌਤਾਂ ਜਾਂ ਫਿਰ ਇੰਨੇ ਜ਼ਖਮੀ ਹੋਏ। ਜੇਕਰ ਵੇਖਿਆ ਜਾਵੇ ਤਾਂ ਇਹ ਨਤੀਜੇ ਦਿਨੋਂ-ਦਿਨੀਂ ਘੱਟਣ ਦੀ ਥਾਂ ਵੱਧਦੇ ਹੀ ਜਾ ਰਹੇ ਹਨ।
ਇਨ੍ਹਾਂ ਐਕਸੀਡੈਂਟਾਂ ਦੇ ਵੱਧਣ ਦੇ ਕਾਰਨਾਂ ਨੂੰ ਜੇਕਰ ਵੇਖਿਆ ਜਾਵੇ ਤਾਂ ਬਹੁਤ ਕਾਰਨ ਅੱਗੇ ਉਭਰ ਕੇ ਸਾਹਮਣੇ ਆਉਂਦੇ ਹਨ ਪਰ ਮੈਨੂੰ ਸਭ ਤੋ ਪਹਿਲਾਂ ''ਤੇ ਅਹਿਮ ਕਾਰਨ ਲੱਗਦਾ ਹੈ ਗੈਰ ਕਾਨੂੰਨੀ ਡਰਾਇਵਰੀ। ਤੁਸੀਂ ਮੇਰੀ ਗੱਲ ਨਾਲ ਕਾਫੀ ਹੱਦ ਤੱਕ ਸਹਿਮਤ ਹੋਵੋਗੇ ਕਿਉਂਕਿ ਐਕਸੀਡੈਂਟ ਹੋਣ ਦਾ ਮੁੱਖ ਕਾਰਨ ਇਹੀ ਜਾਪਦਾ ਹੈ। ਅੱਜ ਦੇ ਇਸ ਚੱਲਦੇ ਦੌਰ ਵਿੱਚ ਮਸ਼ੀਨਰੀ ਬਹੁਤ ਜਿਆਦਾ ਹੋ ਚੁੱਕੀ ਹੈ ''ਤੇ ਹਰ ਉਮਰ ਦਾ ਨਿੱਕਾ ਜਾਂ ਵੱਡਾ ਆਉਣ-ਜਾਣ ਲਈ ਮੋਟਰ ਸਾਈਕਲ ਕਾਰ ਜਾਂ ਕੋਈ ਹੋਰ ਮਸ਼ੀਨਰੀ ਦੀ ਵਰਤੋਂ ਕਰਦਾ ਹੈ ਪਰ ਮੈਨੂੰ ਨਹੀਂ ਜਾਪਦਾ ਕਿ ਇਹ ਸਾਰੇ ਲੋਕ ਮਸ਼ੀਨਰੀ ਚਲਾਉਣ ''ਚ ਮਾਹਿਰ ਹਨ। ਇੱਥੇ ਹੀ ਦਿਮਾਗ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਕੀ ਸਾਰੇ ਮਸ਼ੀਨਰੀ ਚਲਾਉਣ ਵਾਲੇ ਕਾਨੂੰਨ ਮੁਤਾਬਕ ਪਾਸ ਹਨ ਪਰ ਜੇਕਰ ਦੇਖਿਆ ਜਾਵੇ ਤਾਂ ਇਸ ਦਾ ਜਵਾਬ ਸਿਰਫ ਤੇ ਸਿਰਫ ਨਹੀਂ ਹੋਵੇਗਾ।ਫਿਰ ਇਨ੍ਹਾਂ ਨੂੰ ਕਿਸ ਸਰਕਾਰ ਜਾਂ ਕਿਸ ਸੰਵਿਧਾਨ ਨੇ ਇਹ ਕਾਨੂੰਨ ਜਾਂ ਹੱਕ ਦਿੱਤਾ ਹੈ ਕਿ ਇਹ ਸੜਕ ਉਪਰ ਮਸ਼ੀਨਰੀ ਦੀ ਵਰਤੋਂ ਕਰ ਸਕਣ। ਅਸੀਂ ਸਾਰੇ ਚੰਗੀ ਤਰ੍ਹਾਂ ਇਹ ਜਾਣਦੇ ਹਾਂ ਕਿ ਇਸ ਤਰ੍ਹਾਂ ਦੇ ਲੋਕਾਂ ਦੀ ਗਿਣਤੀ ਸਾਡੇ ਦੇਸ਼ ''ਚ ਕਿੰਨੀ ਹੈ ਅਤੇ ਇਹ ਗਿਣਤੀ  ਬਿਨਾਂ ਕਿਸੇ ਰੋਕ-ਟੋਕ ਦੇ ਸੜਕਾਂ ''ਤੇ ਵੱਧਦੀ ਜਾ ਰਹੀ ਹੈ। 
ਨਾਲ ਹੀ ਦੂਜੀ ਅਤੇ ਅਹਿਮ ਗੱਲ ਇਹ ਵੀ ਜੁੜਦੀ ਹੈ ਕਿ ਕਾਨੂੰਨ ਮੁਤਾਬਕ ਮਸ਼ੀਨਰੀ ਚਲਾਉਣ ਲਈ ਡਰਾਇਵਰੀ ਲਾਇਸੈਂਸ ਵੀ
ਬਹੁਤ ਜ਼ਰੂਰੀ ਹੈ ਪਰ ਜਿੰਨਾ ਕੋਲ ਡਰਾਇਵਰੀ ਲਾਇਸੈਂਸ ਬਣੇ ਹਨ ਕੀ ਉਹ ਡਰਾਇਵਰੀ ਕਰਨ ਲਈ ਕੋਈ ਟੈਸਟ ਦੇ ਕੇ ਆਏ ਹਨ। ਇੱਥੇ ਵੀ ਸਾਡਾ ਸਭ ਦਾ ਜਵਾਬ ਸਿਰਫ ਤੇ ਸਿਰਫ ਨਹੀਂ ਹੋਵੇਗਾ। ਫਿਰ ਸਾਨੂੰ ਲੋਕਾਂ ਨੂੰ ਡਰਾਇਵਰੀ ਲਾਇਸਂੈਸ ਦੀ ਕੀ ਲੋੜ ਹੈ ਜੇਕਰ ਅਸੀਂ ਕੋਈ ਟੈਸਟ ਹੀ ਨਹੀ ਦਿੱਤਾ ਤੇ ਸਾਨੂੰ ਕਿਸ ਦੀ ਮਦਦ ਨਾਲ ਇਹ ਹੱਕ ਮਿਲਦਾ ਹੈ ਕਿ ਅਸੀਂ ਕੋਈ ਵੀ ਮਸ਼ੀਨਰੀ ਚਲਾਉਣ ਦੇ ਯੋਗ ਹਾਂ।ਜਦਕਿ ਡਰਾਇਵਰੀ ਲਾਇਸੈਂਸ ਹੋਣ ਦੇ ਬਾਵਜੂਦ ਅਸੀਂ ਮਸ਼ੀਨਰੀ ਚਲਾਉਣ ਵਿੱਚ ਮਾਹਿਰ ਨਹੀ ।
ਇੱਕ ਹੋਰ ਅਹਿਮ ਗੱਲ ਸ਼ਹਿਰਾਂ ਦੇ ਬਜ਼ਾਰਾਂ ''ਚ ਪੁਲਸ ਹਰ ਸਮੇਂ ਰਹਿੰਦੀ ਹੈ ਪਰ ਜਦੋਂ 10 ਤੋ 17 ਸਾਲ ਦੇ ਬੱਚੇ ਸਕੂਟਰ, ਮੋਟਰ ਸਾਇਕਲ ਉੱਤੇ ਬਜ਼ਾਰ ''ਚ ਪੁਲਸ ਦੇ ਕੋਲੋ ਦੀ ਲੰਘਦੇ ਹਨ ਤਾਂ ਪੁਲਸ ਨੂੰ ਇਹ ਕਾਨੂੰਨ ਕਿਉਂ ਚੇਤੇ ਨਹੀਂ ਆਉਂਦਾ ਕਿ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਜਾਂ ਬੱਚੀ ਮਸ਼ੀਨਰੀ ਨਹੀਂ ਚਲਾ ਸਕਦਾ ਪਰ ਅੱਜ ਦੇ ਸਮੇਂ ''ਚ ਅਸੀ ਬਜ਼ਾਰਾਂ ''ਚ ਆਮ ਹੀ 15-15 ਸਾਲ ਦੇ ਬੱਚੇ ਮਸ਼ੀਨਰੀ ਚਲਾਉਂਦੇ ਵੇਖਦੇ ਹਾਂ।ਜੇਕਰ ਸਾਨੂੰ ਇਹ ਨਜ਼ਰ ਆਉਂਦਾ ਹੈ ਤਾਂ ਪ੍ਰਸ਼ਾਸਨ ਨੂੰ ਕਿਉਂ ਨਹੀਂ। ਕੀ ਅਸੀਂ ਖੁਦ ਦੁਰਘਟਨਾਵਾਂ ਨੂੰ ਸੱਦਾ ਨਹੀਂ ਦੇ ਰਹੇ ਹਾਂ।ਗੈਰ ਕਾਨੂੰਨੀ ਡਰਾਇਵਰੀ ਵਾਲਾ ਕਾਰਨ ਸਭ ਨੂੰ ਸਮਝ ਲੱਗਾ ਹੋਵੇਗਾ। 
ਹੁਣ ਦੂਜਾ ਕਾਰਨ ਜਿਸ ਬਾਰੇ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਉਹ ਕਾਰਨ ਹੈ ਨਸ਼ਾ।ਆਮ ਹੀ ਟਰੱਕਾਂ ਜਾਂ ਗੱਡੀਆਂ ਪਿੱਛੇ ਵੱਡੇ-ਵੱਡੇ ਅੱਖਰਾਂ ''ਚ ਲਿਖਿਆ ਹੁੰਦਾ ਹੈ ਡਰਾਇਵਰੀ ਤੇ ਸ਼ਰਾਬ (ਨਸ਼ੇ) ਦਾ ਕੋਈ ਮੇਲ ਨਹੀਂ ਪਰ ਉਹੀ ਟਰੱਕ ਜਾਂ ਗੱਡੀ ਦਾ ਡਰਾਇਵਰ ਖੁਦ ਨਸ਼ੇ ''ਚ ਮਦਹੋਸ਼ ਹੋਇਆ ਅੱਗੇ ਜਾ ਕੇ ਕਿਸੇ ਦੇ ਪੁੱਤ, ਪਿਉ, ਮਾਂ, ਬੱਚੇ ਜਾਂ ਪੂਰੇ ਪਰਿਵਾਰ ਨੂੰ ਲਤਾੜ ਕੇ ਆਪਣਿਆਂ ਕੋਲੋਂ ਹਮੇਸਾ ਲਈ ਦੂਰ ਕਰ ਦਿੰਦਾ ਹੈ ।
ਇੱਕ ਗੱਲ ਹੋਰ ਜਿੱਥੇ ਰਾਤਾਂ ਨੂੰ ਆਮ ਹੀ ਵਿਆਹਾਂ-ਸ਼ਾਦੀਆਂ ਜਾਂ ਹੋਰ ਖੁਸੀ ਦੀਆਂ ਪਾਰਟੀਆਂ ਕੀਤੀਆਂ ਜਾਂਦੀਆਂ ਹਨ, ਉੱਥੇ ਸਭ ਤੋਂ ਮੁੱਖ ਕੰਮ ਨਸ਼ਾ ਖਾਧਾ ਜਾਂ ਪੀਤਾ ਜਾਂਦਾ ਹੈ। ਨਸ਼ੇ ''ਚ ਚੂਰ ਹੋਇਆ ਡਰਾਇਵਰ ਖੁਦ ਤਾਂ ਮਰਦਾ ਹੀ ਹੈ ਪਰ ਕੁਝ ਹੋਰ ਬੇ-ਗੁਨਾਹਾਂ ਦੀ ਜਿੰਦਗੀ ਨੂੰ ਆਪਣੀ ਮਸ਼ੀਨਰੀ ਦੇ ਟਾਇਰ ਹੇਠ ਖਤਮ ਕਰ ਦਿੰਦਾ ਹੈ ਜਾਂ ਫਿਰ ਆਪਣੇ ਹੀ ਪਰਿਵਾਰ ਤੋਂ ਦੂਰ ਹੋ ਜਾਂਦਾ ਹੈ।
ਮੁੱਖ ਧਿਆਨ ਦੇਣ ਵਾਲੀ ਗੱਲ ਇਹ ਹੈ ਕੀ ਖੁਸ਼ੀ ਦੀਆਂ ਪਾਰਟੀਆਂ ਜਾਂ ਵਿਆਹ ਨਸ਼ਾ ਕੀਤੇ ਬਿਨਾਂ ਮਨਾਉਣਾ ਸੰਭਵ ਨਹੀ। ਕੀ ਅਸੀਂ ਆਪਣੇ ਨਸ਼ਾ ਕੀਤੇ ਡਰਾਇਵਰਾਂ ਨੂੰ ਜਵਾਬ ਨਹੀ ਦੇ ਸਕਦੇ ਕਿ ਨਸ਼ਾ ਕਰਨ ਉਪਰੰਤ ਅਸੀਂ ਉਸਦੇ ਨਾਲ ਨਹੀਂ ਜਾਵਾਂਗੇ। ਮੇਰਾ ਦੂਜਾ ਕਾਰਨ ਨਸ਼ਾ ਆਪ ਸਭ ਨੂੰ ਸਮਝ ਆ ਗਿਆ ਹੋਵੇਗਾ।
ਤੀਜਾ ਤੇ ਆਖਰੀ ਕਾਰਨ ਹੈ ਪ੍ਰਸ਼ਾਸਨ ਦਾ ਦਿਨ-ਰਾਤ ਸੁੱਤੇ ਰਹਿਣਾ। ਅਸੀਂ ਸਭ ਜਾਣਦੇ ਹਾਂ ਕਿ ਪਰਦੇਸ਼ਾਂ ''ਚ ਐਕਸੀਡੈਂਟ ਆਪਣੇ ਦੇਸ਼ ਨਾਲੋਂ ਬਹੁਤ ਘੱਟ ਹੁੰਦੇ ਹਨ।ਇਸ ਦਾ ਮੁੱਖ ਕਾਰਨ ਉੱਥੋਂ ਦੇ ਪ੍ਰਸ਼ਾਸਨ ਦਾ ਜਾਗਦੇ ਰਹਿਣਾ ਹੈ ਪਰ ਆਪਣਾ ਪ੍ਰਸ਼ਾਸਨ ਇਸ ਦੇ ਉਲਟ ਹੈ । ਜੇਕਰ ਸਾਡਾ ਪ੍ਰਸ਼ਾਸਨ ਥੋੜ੍ਹਾ ਬਹੁਤ ਜਾਗਦਾ ਵੀ ਹੈ ਤਾਂ ਸਿਰਫ 1 ਮਾਰਚ ਤੋਂ 31 ਮਾਰਚ ਲਈ ।ਜੇਕਰ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਹੀ ਅਤੇ ਕਾਨੂੰਨ ਮੁਤਾਬਕ ਨਿਭਾਏ ਤਾਂ ਐਕਸੀਡੈਂਟ ਦੀ ਗਿਣਤੀ ਬਹੁਤ ਘੱਟ ਸਕਦੀ ਹੈ। 
ਐਕਸੀਡੈਂਟ ''ਚ ਮਰਨ ਵਾਲਿਆਂ ਦਾ ਦੁੱਖ ਉਹੀ ਲੋਕ ਮਹਿਸੂਸ ਕਰ ਸਕਦੇ ਹਨ, ਜੋ ਦਿਨ-ਰਾਤ ਕਿਸੇ ਆਪਣੇ ਦਾ ਇੰਤਜ਼ਾਰ ਕਰ ਰਹੇ ਹਨ ਪਰ ਉਨ੍ਹਾਂ ਦਾ ਆਪਣਾ ਆਇਆ ਤਾਂ ਸਿਰਫ ਲਾਸ਼ ਦੇ ਰੂਪ ''ਚ। ਅਜੋਕੇ ਸਮੇਂ ''ਚ ਬਹੁਤ ਸਾਰੇ ਪਰਿਵਾਰ ਇਸ ਦੁੱਖ ਨਾਲ ਪੀੜਤ ਹਨ। ਇਨ੍ਹਾਂ ਲੋਕਾਂ ''ਚੋਂ ਕਿਸੇ ਨੇ ਆਪਣਾ ਸਾਰਾ ਪਰਿਵਾਰ ਗਵਾ ਦਿੱਤਾ।
ਸੋ ਇਕੱਲੇ ਪ੍ਰਸ਼ਾਸਨ ਦਾ ਹੀ ਨਹੀਂ ਬਲਕਿ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਵੱਧ ਰਹੇ ਐਕਸੀਡੈਂਟਾਂ ਨੂੰ ਘੱਟ ਕਰਨ ਲਈ ਕੋਈ ਠੋਸ ਉੱਦਮ ਕਰੀਏ।
ਧੰਨਵਾਦ ਸਹਿਤ।
ਸੰਪਾਦਕ ਸੰਦੀਪ ਕਾਹਨੇ ਕੇ।
ਮੋਬਾ: 99889-67399

Related News