1947 ਵੰਡ ਦੀ ਪੀੜ: ''ਆਵਾਜ਼ ਦੇ ਕਹਾਂ ਹੈ''

Saturday, Aug 14, 2021 - 06:06 PM (IST)

ਵੈਸੇ ਇਹ ਤਨਵੀਰ ਨਕਵੀ ਸਹਿਬ ਦਾ ਲਿਖਿਆ ਅਤੇ ਨੂਰ ਜਹਾਂ-ਸੁਰਿੰਦਰ ਵਲੋਂ ਗਾਇਆ ਗਿਆ ਹਿੰਦੀ ਫ਼ਿਲਮ ‘ਅਨਮੋਲ ਘੜੀ’ (1946) ਦਾ ਗੀਤ ਹੈ, ਜੋ ਕਿ ਆਪਣੇ ਸਮੇਂ 'ਚ ਬਹੁਤ ਮਕਬੂਲ ਰਿਹੈ। ਦੂਜੇ ਪਾਸੇ ਇਹ ਗੀਤ ਦੀ ਮੁੱਢਲੀ ਸਤਰ 1947 ਭਾਰਤ ਦੀ ਵੰਡ ਦੇ ਭਿਆਨਕ ਦੁਖਦਾਈ ਦੌਰ ਦੇ ਵਿੱਛੜਿਆਂ ਦੇ ਮੁੜ ਮਿਲਾਪ ਲਈ ਬਹੁਤ ਸਾਰਥਿਕ ਰਹੀ। ਕਹਾਣੀ ਇੰਞ ਹੈ ਕਿ ਉਸ ਕਾਲੇ ਭਿਆਨਕ ਅਤੇ ਦੁਖਦਾਈ ਦੌਰ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਆਪਸੀ ਨਾਸਾਜ ਸਬੰਧਾਂ ’ਤੇ ਚਲਦਿਆਂ, ਕਸ਼ਮੀਰ ਯੁੱਧ ਤੇ ਫਿਰ 1965 'ਚ ਭਾਰਤ-ਪਾਕਿਸਤਾਨ ਜੰਗ ਹੋਣ ਉਪਰੰਤ ਸਬੰਧ ਕਾਫ਼ੀ ਵਿਗੜ ਗਏ।

 ਲੰਬੀ ਕਸ਼ਮ-ਕਸ਼ ਤੋਂ ਬਾਅਦ ਜ਼ਖ਼ਮਾਂ ’ਤੇ ਮੱਲ੍ਹਮ ਲਾਉਂਦਿਆਂ ਜਨਵਰੀ 1966 'ਚ ਤਦੋਂ ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਂਧੀ ਵੱਲੋਂ ਸ਼ੁਰੂ ਕੀਤੀ, ਆਲ ਇੰਡੀਆ ਰੇਡੀਓ ਦੀ ਉਰਦੂ ਸਰਵਿਸ ਜ਼ਰੀਆ, 'ਆਵਾਜ਼ ਦੇ ਕਹਾਂ ਹੈ' 47 'ਚ ਵਿੱਛੜਿਆਂ ਦੀ ਭਾਲ ਅਤੇ ਮੁੜ ਮਿਲਾਪ ਲਈ ਇਹ ਪਰੋਗਰਾਮ ਸ਼ੁਰੂ ਕੀਤਾ ਗਿਆ। ਬਜ਼ੁਰਗਾਂ ਦੇ ਦੱਸਣ ਮੁਤਾਬਕ ਉਸ ਪ੍ਰੋਗਰਾਮ ਦਾ ਸੰਚਾਲਨ ਅਬਦੁੱਲ ਜੱਬਾਰ ਨਾਮੇ ਕਰਮਚਾਰੀ ਕਰਦਾ ਸੀ। ਪ੍ਰੋਗਰਾਮ ਦੇ ਸ਼ੁਰੂਆਤ ਵਿਚ 'ਆਵਾਜ਼ ਦੇ ਕਹਾਂ ਹੈ-ਦੁਨੀਆਂ ਮੇਰੀ ਜਵਾਂ ਹੈ' ਗੀਤ ਦੀਆਂ ਮੁੱਢਲੀਆਂ ਸਤਰਾਂ ਵੱਜਦੀਆਂ ਸਨ। ਆਪਣਿਆਂ ਦੀ ਭਾਲ ਕਰਨ ਵਾਲੇ ਪੀੜਤ, ਰੇਡੀਓ ਸਟੇਸ਼ਨ ਨੂੰ ਆਪਣੇ ਸ਼ਰਨਾਰਥੀ ਕੈਂਪ/ਰਿਹਾਇਸ਼ੀ ਪਤੇ ਸਮੇਤ ਖ਼ਤ ਲਿਖਦੇ ਸਨ। ਉਹ ਖ਼ਤ ਰੇਡੀਓ ਸਟੇਸ਼ਨ ’ਤੇ ਅਬਦੁੱਲ ਜੱਬਾਰ ਵਲੋਂ ਪੜ੍ਹੇ ਜਾਂਦੇ।

ਇਹ ਵੀ ਪੜ੍ਹੋ: ਪੰਜਾਬ ਪੁਲਸ ਵਿੱਚ ਭਰਤੀ: ਜਾਣੋ ਯੋਗਤਾ, ਲਿਖਤੀ ਪੇਪਰ ਅਤੇ ਕੱਦ-ਕਾਠ ਬਾਰੇ ਇੱਕ-ਇੱਕ ਗੱਲ

ਇਸ ਤਰ੍ਹਾਂ ਵਿੱਛੜਿਆ ਹੋਇਆ ਲੋੜਵੰਦ ਰੇਡੀਓ ਜ਼ਰੀਏ ਸਬੰਧਿਤ ਪਤੇ ’ਤੇ ਆਪਣੇ ਪਰਿਵਾਰਕ ਮੈਂਬਰਾਂ/ਸਨੇਹੀਆਂ ਨਾਲ ਸੰਪਰਕ ਕਰ ਲੈਂਦਾ। ਹੋਰ ਵੀ ਸੈਂਕੜੇ ਦਰਦਮੰਦ ਜਗਿਆਸੂਆਂ ਨੇ ਇਸ ਪ੍ਰੋਗਰਾਮ ਨਾਲ ਜੁੜ ਕੇ ਵਿੱਛੜਿਆਂ ਦੇ ਮੁੜ ਮਿਲਾਪ ਲਈ ਯਤਨ ਕੀਤੇ। ਮੈਂ ਇਸ ਪਰੋਗਰਾਮ ਦੇ ਤਦੋਂ ਦੇ ਤਮਾਮ ਪ੍ਰਬੰਧਕਾਂ ਨਾਲ ਜੁੜੇ ਦਰਦਮੰਦ ਜਗਿਆਸੂਆਂ ਨੂੰ ਦਿਲ ਦੇ ਬਹੁਤ ਕਰੀਬ ਤੋਂ ਸਲਾਮ ਆਖਦਾ ਹਾਂ। 

ਆਪਣੇ ਪੁਰਖਿਆਂ ਦੀ ਜੰਮਣ ਭੋਇੰ ਦੇਖਣ ਦੀ ਇਹ ਇਤਿਹਾਸਕ ਤੜਫ ਦੋਹਾਂ ਵੰਨੀਓਂ ਹਾਲੇ ਤੱਕ ਉਵੇਂ ਹੀ ਬਰਕਰਾਰ ਹੈ। ਭਲੇ ਜਿੱਥੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੇ ਵੱਡੀ ਮੱਲ੍ਹਮ ਦਾ ਕੰਮ ਕੀਤਾ ਹੈ, ਉਥੇ ਦੋਹਾਂ ਵੰਨੀਓਂ ਬਹੁਤ ਹੀ ਉਦਮੀ ਨੌਜਵਾਨ ਵੱਡੀ ਪੱਧਰ ’ਤੇ ਵੰਡ ਦੀ ਪੀੜ ਹੰਢਾਅ ਰਹੇ ਬਜ਼ੁਰਗਾਂ ਦੀਆਂ ਵੀਡੀਓਜ ਸ਼ੇਅਰ ਕਰ ਰਹੇ ਹਨ। ਇਹ ਸਾਰਿਆਂ ਦੀ ਪਹੁੰਚ ਵਿਚ ਨਹੀਂ। ਅਜੇ ਵੀ ਲੋੜ ਹੈ ਕਿ ਵੰਡ ਦੀ ਪੀੜ ਅਤੇ ਨਾ ਮੁੱਕਣ ਵਾਲੀ ਮੁੜ ਮਿਲਾਪ ਦੀ ਲੰਬੀ ਉਡੀਕ ਹੰਢਾਅ ਰਹੇ ਬਜ਼ੁਰਗਾਂ ਲਈ ਅਜਿਹਾ ਵਿਰਾਸਤੀ ਰੇਡੀਓ ਸਿਲਸਿਲਾ ਮੁੜ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ।

ਸਤਵੀਰ ਸਿੰਘ ਚਾਨੀਆਂ
92569-73526

 ਨੋਟ: 1947 ਭਾਰਤ-ਪਾਕਿ ਵੰਡ ਦੀ ਪੀੜ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਵੇਖਦੇ ਹੋ ? ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News