ਪੰਜਾਬ ਵਿੱਚ ਪੱਗਾਂ ਅਤੇ ਚੁੰਨੀਆਂ ਦੀ ਘੱਟ ਰਹੀ ਗਿਣਤੀ ਦੀ ਚਿੰਤਾਂ ਤੇ ਚਿੰਤਨ ਦੀ ਲੋੜ

Wednesday, Oct 25, 2017 - 05:12 PM (IST)

ਪੰਜਾਬ ਵਿੱਚ ਪੱਗਾਂ ਅਤੇ ਚੁੰਨੀਆਂ ਦੀ ਘੱਟ ਰਹੀ ਗਿਣਤੀ ਦੀ ਚਿੰਤਾਂ ਤੇ ਚਿੰਤਨ ਦੀ ਲੋੜ

ਪੁਰਾਣਾ ਪੰਜਾਬ ਖਾਸ ਤੌਰ ਤੇ ਪੱਗਾਂ ਅਤੇ ਚੁੰਨੀਆਂ ਕਰਕੇ ਹੀ ਪਹਿਚਾਣਿਆ ਜਾਂਦਾ ਸੀ। ਇਹ ਪੱਗਾਂ ਅਤੇ ਚੁੰਨੀਆਂ ਪੰਜਾਬੀ ਪਹਿਰਾਵੇਂ ਦੀ ਅਹਿਮ ਪਹਿਚਾਣ ਹੁੰਦੀ ਸੀ। ਇਹੀ ਕਾਰਣ ਸੀ ਕਿ ਪੰਜਾਬੀ ਪ੍ਰੇਮੀ ਪੱਗ ਬੰਨਣ ਅਤੇ ਔਰਤਾਂ ਸਿਰ ਤੇ ਚੁੰਨੀ ਲੈ ਕੇ ਪੰਜਾਬੀਅਤ ਤੇ ਮਾਣ ਕਰਦੀਆਂ ਸਨ। ਮਰਦਾਂ ਲਈ ਪੱਗ ਨੂੰ ਸਿੱਖ ਗੁਰੂਆਂ ਨੇ ਦਸਤਾਰ ਦਾ ਨਾਂ ਦੇ ਕੇ ਸਤਿਕਾਰ ਬਖਸ਼ਿਆ ਅਤੇ ਸਿੱਖ ਮਰਿਯਾਦਾ ਅਨੁਸਾਰ ਦਸਤਾਰ ਸਿੱਖ ਦੀ ਸ਼ਾਨ ਹੀ ਨਹੀਂ ਸਗੋਂ ਧਾਰਮਿਕ ਲੋੜ ਦੇ ਤੌਰ ਤੇ ਉਭਰ ਕੇ ਸਾਹਮਣੇ ਆਈ। ਇੱਕ ਸਿੱਖ ਲਈ ਦਸਤਾਰ ਸਜਾਉਣਾ ਸਿੱਖੀ ਅਸੂਲਾਂ ਅਨੁਸਾਰ ਲਾਜ਼ਮੀ ਹੈ। ਇਹੀ ਕਾਰਣ ਸੀ ਕਿ ਪੰਜਾਬ ਵਿੱਚ ਜਿਉਂ-ਜਿਉਂ ਸਿੱਖੀ ਦਾ ਪ੍ਰਸਾਰ ਅਤੇ ਪ੍ਰਚਾਰ ਵਧਦਾ ਗਿਆ ਤਾਂ ਪੱਗਾਂ(ਦਸਤਾਰਾਂ) ਦੀ ਗਿਣਤੀ ਵੀ ਵਧਦੀ ਗਈ ਅਤੇ ਦਸਤਾਰ ਪੂਰੇ ਸੰਸਾਰ ਵਿੱਚ ਇੱਕ ਸਤਿਕਾਰ ਯੋਗ ਸਥਾਨ ਪ੍ਰਾਪਤ ਕਰ ਗਈ।
ਅਜਿਹੀ ਹੀ ਹਾਲਤ ਪੰਜਾਬੀ ਔਰਤਾਂ ਦੀ ਸੀ ਜਿਹੜੀਆਂ ਚੁੰਨੀ ਨੂੰ ਆਪਣੀ ਇੱਜ਼ਤ ਦਾ ਮਾਣ ਦੇਂਦੀਆਂ ਸਨ। ਨੰਗੇ ਸਿਰ ਕਿਤੇ ਬਾਹਰ ਜਾਣਾ ਉਨ੍ਹਾਂ ਨੂੰ ਬਿਲਕੁਲ ਨਹੀਂ ਸੀ ਸ਼ੋਭਦਾ ਸਗੋਂ ਘਰ ਵਿੱਚ ਵੀ ਸਿਰ ਨੂੰ ਕਦੇ ਨੰਗਾ ਨਹੀਂ ਸੀ ਹੋਣ ਦੇਂਦੀਆਂ। ਵੱਡਿਆਂ ਦੇ ਸਾਹਮਣੇ ਤਾਂ ਔਰਤਾਂ ਚੁੰਨੀ ਨੂੰ ਵਿਸ਼ੇਸ਼ ਮਹੱਤਤਾ ਦੇਂਦੀਆਂ ਸਨ। ਚੁੰਨੀ ਹੀ ਔਰਤ ਦਾ ਸਭ ਤੋਂ ਪਹਿਲਾ ਗਹਿਣਾ ਹੁੰਦਾ ਸੀ ਅਤੇ ਇਸ ਦੀ ਆਨ-ਸ਼ਾਨ ਲਈ ਉਹ ਮਰ ਮਿੱਟਦੀਆਂ ਸਨ। ਪਰਿਵਾਰਾਂ ਵਿੱਚ ਔਰਤ ਦਾ ਸਨਮਾਨ ਚੁੰਨੀ ਨਾਲ ਜੁੜਿਆ ਹੁੰਦਾ ਸੀ। ਬਜ਼ੁਰਗ ਔਰਤਾਂ ਜਿੱਥੇ ਆਪ ਵੀ ਸਦਾ ਸਿਰ ਢੱਕ ਕੇ ਚਲਦੀਆਂ, ਉਥੇ ਉਹ ਆਪਣੀਆਂ ਨੂੰਹਾਂ-ਧੀਆਂ ਨੂੰ ਸਦਾ ਸਿਰ ਕੱਜ ਕੇ ਰੱਖਣ ਲਈ ਵਾਰ-ਵਾਰ ਕਹਿੰਦੀਆਂ ਰਹਿੰਦੀਆਂ ਸਨ। ਸਿੱਟੇ ਵਜੋਂ ਚੁੰਨੀ ਪੂਰੇ ਸਮਾਜ ਵਿੱਚ ਇੱਕ ਸ਼ਾਨ ਦੀ ਨਿਸ਼ਾਨੀ ਵਜੋਂ ਜਾਣੀ ਜਾਂਦੀ ਸੀ।
ਪਰ ਇਹ ਗੱਲ ਬੜੇ ਦੁੱਖ ਨਾਲ ਲਿਖਣੀ ਪੈ ਰਹੀ ਹੈ ਕਿ ਅੱਜ ਦੇ ਸਾਡੇ ਸਮਾਜ ਵਿੱਚ ਪੰਜਾਬ ਵਿੱਚ ਵੀ ਇਹ ਹਾਲਤ ਹੈ ਕਿ ਦਿਨ ਪ੍ਰਤੀ ਪੱਗਾਂ ਅਤੇ ਚੁੰਨੀਆਂ ਦੀ ਗਿਣਤੀ ਘਟਦੀ ਜਾਂਦੀ ਹੈ। ਖ਼ਾਸ ਕਰਕੇ ਨੌਜਵਾਨ ਪੀੜੀ ਵਿਚੋਂ ਬਹੁਤ ਸਾਰੇ ਤਾਂ ਪਤਾ ਨਹੀਂ ਇਸ ਤੋਂ ਕਿਉਂ ਬੇ-ਮੁੱਖ ਹੋ ਰਹੇ ਹਨ? ਵੱਡੇ-ਵੱਡੇ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਜੇ ਅਸੀਂ ਪੰਜਾਬ ਦੇ ਸ਼ਹਿਰਾਂ ਵਿੱਚ ਵਿਚਰਦੇ ਲੋਕਾਂ ਨੂੰ ਦੇਖੀਏ ਤਾਂ ਪੱਗਾਂ ਅਤੇ ਚੁੰਨੀਆਂ ਦੀ ਗਿਣਤੀ ਬਹੁਤ ਸਾਲ ਪਹਿਲਾਂ ਦੇ ਪੰਜਾਬ ਨਾਲੋਂ ਬਹੁਤ ਘੱਟ ਨਜ਼ਰ ਆਉਂਦੀ ਹੈ। ਵੱਡੇ ਸ਼ਹਿਰਾਂ ਵਿੱਚ ਤਾਂ ਬਹੁਤੇ ਮਜ਼ਦੂਰ ਕਾਮੇ ਯੂ. ਪੀ., ਬਿਹਾਰ ਜਾਂ ਦੂਜੇ ਪ੍ਰਾਂਤਾਂ ਤੋਂ ਆਏ ਹੁੰਦੇ ਹਨ ਅਤੇ ਪੱਗਾਂ ਵਾਲੇ ਪੰਜਾਬੀ ਬਹੁਤ ਘੱਟ ਗਿਣਤੀ ਵਿੱਚ ਦਿਖਦੇ ਹਨ। ਜੇ ਲੁਧਿਆਣੇ ਸ਼ਹਿਰ ਦੇ ਉੱਚੇ ਪੁੱਲ ਤੇ ਖੜ੍ਹ ਕੇ ਦੇਖਿਆ ਜਾਵੇ ਤਾਂ ਟਾਮੀ-ਟਾਮੀ ਪੱਗ ਹੀ ਨਜ਼ਰ ਆਉਂਦੀ ਹੈ, ਅਜਿਹੀ ਹੀ ਹਾਲਤ ਮੰਡੀ ਗੋਬਿੰਦਗੜ੍ਹ ਅਤੇ ਖੰਨੇ ਵਰਗੇ ਛੋਟੇ ਸ਼ਹਿਰਾਂ ਦੀ ਹੈ। ਪਰ ਇਹ ਇੱਕ ਕਾਰਣ ਹੈ। ਹੋਰ ਵੀ ਇਸਦੇ ਕਈ ਕਾਰਣ ਹਨ।
ਦੇਖਣ ਵਿੱਚ ਆਇਆ ਹੈ ਕਿ ਚੰਗੇ ਭਲੇ ਸਿੱਖ ਪਰਿਵਾਰਾਂ ਦੇ ਲੜਕੇ ਵੀ ਵਾਲ ਕੱਟਾ ਕੇ ਪੱਗਾਂ ਨੂੰ ਤਿਰਾਜਲੀ ਦੇਂਈ ਜਾਂਦੇ ਹਨ ਅਤੇ ਪੱਗ ਨੂੰ ਸਿਰ ਤੇ ਫਾਲਤੂ ਭਾਰ ਦੱਸਦੇ ਹਨ, ਕਈ ਤਾਂ ਐਵੇਂ ਸਿਰ ਦੁੱਖਣ ਜਾਂ ਕਿਸੇ ਹੋਰ ਮਰਜ਼ ਦਾ ਬਹਾਨਾ ਬਣਾ ਕੇ ਪੱਗ ਬੰਨਣੀ ਬੰਦ ਕਰ ਦੇਂਦੇ ਹਨ।  ਪੰਜਾਬ ਵਿੱਚ ਸਿੱਖ ਘਰਾਂ ਦੇ ਬੱਚੇ, ਸਿੱਖੀ ਤੋਂ ਕਿਨਾਰਾ ਕਰ ਪੱਗ ਤੋਂ ਵੀ ਦੂਰ ਜਾਈ ਜਾ ਰਹੇ ਹਨ। ਭਾਵੇਂ ਅਜਿਹੇ ਨੌਜਵਾਨ ਸਿੱਖੀ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਗੁਰਦੁਆਰਾ ਸਾਹਿਬ ਦੇ ਸਾਲਾਨਾ ਸਮਾਗਮ ਵਿੱਚ ਵੀ ਆਮ ਜਾਂਦੇ ਹਨ ਪਰ ਉਹ ਪਤਾ ਨਹੀਂ ਫਿਰ ਪੱਗਾਂ ਨੂੰ ਕਿਉਂ ਵਿਸਾਰੀ ਜਾ ਰਹੇ ਹਨ? ਜਦੋਂ ਕਿ ਸਿੱਖੀ ਦੀ ਪਹਿਚਾਣ ਤਾਂ ਪੱਗ ਹੀ ਹੈ। ਪਿੰਡਾਂ ਵਿੱਚ ਵੀ ਅੱਜ ਕੱਲ ਪੱਗਾਂ ਨਾ ਬੰਨਣ ਵਾਲੇ ਨੌਜਵਾਨਾਂ ਦੀ ਗਿਣਤੀ ਵਧਦੀ ਹੀ ਜਾਂਦੀ ਹੈ।
ਇਹ ਗੱਲ ਵੀ ਸੱਚ ਹੈ ਕਿ ਅੱਜ ਕੱਲ ਧਾਰਮਿਕ ਸਮਾਗਮ ਬਹੁਤ ਹੀ ਵੱਡੇ ਪੱਧਰ ਤੇ ਮਨਾਏ ਜਾਂਦੇ ਹਨ ਅਤੇ ਬਹੁਤ ਸਾਰੇ ਸਿੱਖ ਧਰਮ ਪ੍ਰਚਾਰਿਕ ਸਿੱਖੀ ਅਸੂਲਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕਰਦੇ ਹਨ, ਅੰਮ੍ਰਿਤ ਛਕਾਉਣ ਦੇ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਬਹੁਤ ਸਾਰੀਆਂ ਜਥੇਬੰਦੀਆਂ, ਬੱਚਿਆਂ ਲਈ ਦਸਤਾਰ ਸਿਖਲਾਈ ਦੇ ਪ੍ਰੋਗਰਾਮ ਵੀ ਉਲੀਕਦੀਆਂ ਹਨ ਪਰ ਫਿਰ ਵੀ ਪੱਗਾਂ ਅਤੇ ਚੁੰਨੀਆਂ ਦੀ ਗਿਣਤੀ ਦਾ ਘਟਦੇ ਜਾਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਖਾਸ ਕਰਕੇ ਸਿੱਖ ਚਿੰਤਕਾਂ ਜਾਂ ਸਿੱਖ-ਬੁੱਧੀਜੀਵੀਆਂ ਲਈ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਜ਼ਿਆਦਾ ਮਾਡਰਨ ਬਨਣ ਦੀ ਆੜ ਵਿੱਚ ਅੱਜ ਕੱਲ ਦੀਆਂ ਨੌਜਵਾਨ ਕੁੜੀਆਂ ਨੇ ਸਿਰ ਤੇ ਚੁੰਨੀ ਲੈਣੀ ਛੱਡ ਦਿੱਤੀ ਹੈ ਸ਼ਾਇਦ ਉਹ ਸਿਰ ਦੀ ਚੁੰਨੀ ਨੂੰ ਸ਼ਾਨ ਦੀ ਥਾਂ ਵੱਡਾ ਭਾਰ ਸਮਝਣ ਲੱਗੀਆਂ ਹਨ ਜਾਂ ਆਪਣੇ ਆਪ ਨੂੰ ਇੱਕ ਦੂਜੀ ਤੋਂ ਵੱਧ ਮਾਡਰਨ ਦੱਸਣ ਦਾ ਯਤਨ ਕਰਦੀਆਂ ਹਨ। ਸਿੱਖ ਪਰਿਵਾਰਾਂ ਨਾਲ ਸਬੰਧਤ ਅਜਿਹੀਆਂ ਲੜਕੀਆਂ ਜਦੋਂ ਕਿਸੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਜਾਂਦੀਆਂ ਹਨ ਤਾਂ ਉਹ ਸਿਰ ਕੱਜਣ ਲਈ ਰੁਮਾਲੇ ਭਾਲਣ ਲੱਗਦੀਆਂ ਹਨ ਜਿਹੜੇ ਕਿ ਹਿੰਦੂ-ਵੀਰਾਂ ਜਾਂ ਛੋਟੇ ਬੱਚਿਆਂ ਦੇ ਸਿਰ ਢੱਕਣ ਲਈ ਰੱਖੇ ਹੁੰਦੇ ਹਨ। ਪਰ ਇਹ ਉਨ੍ਹਾਂ ਦੀ ਆਪਣੀ ਸੋਚਣੀ ਹੈ ਕੋਈ ਕੁਝ ਕਹਿੰਦਾ ਵੀ ਨਹੀਂ ਹੈ।
ਇੰਝ ਲੱਗਦਾ ਹੈ ਕਿ ਇਸ ਸਭ ਕੁਝ ਦਾ ਕਾਰਣ, ਸਾਡੇ ਫਿਲਮੀ ਅਦਾਰੇ ਜਾਂ ਟੀ. ਵੀ.  ਚੈਨਲ ਹਨ ਜੋ ਸਾਨੂੰ ਪੰਜਾਬੀ ਸੱਭਿਆਚਾਰ ਤੋਂ ਕਿਤੇ ਦੂਰ ਪਤਾ ਨਹੀਂ ਕਿਹੜੇ ਖੂਹ-ਖਾਈ ਵੱਲ ਲਿਜਾ ਰਹੇ ਹਨ। ਕਿਸੇ ਵੀ ਸਮਾਜ ਦਾ ਸੱਭਿਅਤ ਹੋਣਾ ਬਹੁਤ ਜ਼ਰੂਰੀ ਹੈ। ਸੱਭਿਅਤ ਸਮਾਜ ਲਈ ਨੈਤਿਕਤਾ ਅਤੀ ਜ਼ਰੂਰੀ ਹੈ। ਇਸ ਨੈਤਿਕਤਾ ਲਈ ਕੁਝ ਅਸੂਲਾਂ-ਨਿਯਮਾਂ ਜਾਂ ਧਾਰਮਿਕ ਮਰਿਆਦਾਵਾਂ ਨੂੰ ਅਪਣਾਉਣਾ ਜ਼ਰੂਰੀ ਹੁੰਦਾ ਹੈ। ਇਨ੍ਹਾਂ ਗੱਲਾਂ ਦੀ ਘਾਟ ਕਾਰਣ ਹੀ ਸਮਾਜ ਵਿੱਚ ਊਣਤਾਈਆਂ ਆਉਂਦੀਆਂ ਹਨ ਅਤੇ ਪੂਰਾ ਸਮਾਜ ਨਿਘਾਰ ਵੱਲ ਚਲਾ ਜਾਂਦਾ ਹੈ।
ਪੰਜਾਬ ਵਿੱਚ ਖਾਸ ਤੌਰ ਤੇ ਘੱਟ ਰਹੀਆਂ ਪੱਗਾਂ ਦੀ ਗਿਣਤੀ ਦਾ ਵਿਸ਼ਾ ਬੜਾ ਗੰਭੀਰ ਹੈ ਅਤੇ ਖਾਸ ਕਰਕੇ ਸਿੱਖ ਮਰਿਯਾਦਾ ਨੂੰ ਠੇਸ ਪਹੁੰਚਾਉਣ ਵਾਲਾ ਹੈ, ਇਸ ਲਈ ਤੁਰੰਤ ਚਿੰਤਨ ਦੀ ਲੋੜ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਬੁੱਧੀਜੀਵੀ, ਸਾਹਿਤਕਾਰ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਮਿਲ ਕੇ ਵੱਡੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਸਮਾਜ ਨੂੰ ਅਣਚਾਹੇ ਨਿਘਾਰ ਤੋਂ ਬਚਾਉਣਾ ਚਾਹੀਦਾ ਹੈ। ਜਿਹੜੀਆਂ ਜਥੇਬੰਦੀਆਂ ''ਦਸਤਾਰ ਸਜਾਉਣ'' ਦੀ ਸਿੱਖਲਾਈ ਵਿੱਚ ਲੱਗੀਆਂ ਹੋਈਆਂ ਹਨ ਉਨ੍ਹਾਂ ਦਾ ਸਨਮਾਨ ਕਰਕੇ ਉਤਸ਼ਾਹਿਤ ਕਰਨਾ ਚਾਹੀਦਾ ਹੈ। ਟੀ.ਵੀ. ਚੈਨਲਾਂ ਤੇ ਵੀ ਬੇ-ਲੋੜੀ ਫੈਸ਼ਨਬਾਜ਼ੀ ਨੂੰ ਨਕੇਲ ਪਾਉਣ ਦੀ ਲੋੜ ਹੈ। ਸਕੂਲਾਂ-ਕਾਲਜਾਂ ਵਿੱਚ ਨੈਤਿਕਤਾ ਨੂੰ ਉਤਸ਼ਾਹਿਤ ਕਰਕੇ ਪਾਠ-ਪੁਸਤਕਾਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
ਫੋਟੋ ਕੈਪਸ਼ਨ -ਬਹਾਦਰ ਸਿੰਘ ਗੋਸਲ ਦੀ ਤਸਵੀਰ।
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ, 
ਚੰਡੀਗੜ੍ਹ। ਮੋ. ਨੰ: 98764-52223


 


Related News