ਨੰਨ੍ਹੀ ਧੀ ਦਾ ਕਤਲ

Monday, Jul 23, 2018 - 02:15 PM (IST)

ਨੰਨ੍ਹੀ ਧੀ ਦਾ ਕਤਲ

ਸਵੇਰ ਤੋਂ ਹੀ ਅਜੀਬ ਜਿਹੀ ਪ੍ਰੇਸ਼ਾਨੀ ਦਾ ਭਰਿਆ ਜਗਤਾਰ ਸਿੰਘ ਆਪਣੀ ਮਾਂ ਸੁਰਜੀਤ ਕੌਰ ਨੂੰ ਪੱਕੀ ਕਰ ਰਿਹਾ ਸੀ ਕਿ ਬੇਬੇ, ਤੇਰੇ ਕਹਿਣ ਤੇ ਮੈਂ ਡਾਕਟਰ ਕੋਲੋਂ ਟਾਇਮ ਲੈ ਲਿਆ ਹੈ। ਸ਼ਨੀਵਾਰ ਨੂੰ ਡਾਕਟਰ ਕਹਿੰਦੀ ਹੈ ਕਿ ਉਹ ਕਲੀਨਿਕ ਆ ਸਕਦੇ ਹਨ। ਜਗਤਾਰ ਦੀ ਪਤਨੀ ਸਰਬਜੀਤ ਕੌਰ ਨੂੰ ਕੁਝ ਸੁਝ ਰਹੀ ਸੀ ਕਿਉਂਕਿ ਕੁਝ ਦਿਨ ਤੋਂ ਮਾਂ ਪੁੱਤ ਘੁਸਰ ਮੁਸਰ ਕਰ ਰਹੇ ਸਨ ਪਰ ਪੂਰਾ ਪਤਾ ਨਹੀਂ ਸੀ। ਉਸਨੇ ਵੀ ਗੱਲ ਨਾ ਗੌਲੀ ਕਿਉਂਕਿ    ਉਸਨੂੰ ਜਗਤਾਰ ਤੇ ਪੂਰਾ ਭਰੋਸਾ ਸੀ ਕਿ ਉਹ ਆਪ ਹੀ ਦੱਸ ਦੇਵੇਗਾ। ਉਸ ਨੂੰ ਪਤਾ ਸੀ ਅਜੇ ਤਾਂ ਚੌਥਾ ਮਹੀਨਾ ਹੈ ਗਰਭ ਨੂੰ ਪਰ....? ਫਿਰ ਪਤੀ ਨੂੰ ਪੁੱਛਿਆ ,''ਕੀ ਗੱਲ ਹੈ ਜੀ, ਡਾਕਟਰ ਕੋਲ ਕਿਉਂ ਜਾਣਾ?'' ਮੈਂ ਤਾਂ ਬਿਲਕੁਲ ਠੀਕ ਹਾਂ। ਫਿਰ ਜਗਤਾਰ ਨੇ ਕਿਹਾ, ''ਓ ਨਹੀਂ-ਨਹੀਂ ਕੁਝ ਨਹੀਂ, ਸਰਬਜੀਤ ਕੌਰੇ ਤੂੰ ਠੀਕ ਹੈਂ ਪਰ ਮੈਂ ਚਾਹੁੰਦਾ ਸੀ ਕਿ ਡਾਕਟਰ ਨੂੰ ਮਿਲ ਲਈਏ, ਹੋਣ ਵਾਲੇ ਬੱਚੇ ਲਈ ਪੁੱਛ ਆਈਏ ਕਿ ਤੁਸੀਂ ਦੋਨੋਂ ਠੀਕ ਹੋ ਨਾ, ਮੈਨੂੰ ਫਿਕਰ ਜਿਹੀ ਰਹਿੰਦੀ ਹੈ'' ਨਾਲੇ ਟੀ.ਵੀ. ਤੇ ਵੀ ਤਾਂ ਦਿਖਾਉਂਦੇ ਰਹਿੰਦੇ ਨੇ ਕਿ ਜੱਚਾ ਅਤੇ ਬੱਚਾ ਦੋਨਾਂ ਨੂੰ ਡਾਕਟਰ ਤੋਂ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਉਸ ਦਿਨ ਜਗਤਾਰ ਨੂੰ ਸਾਰੀ ਰਾਤ ਨੀਂਦ ਨਾ ਆਈ। ਇਨਾਂ ਸੋਚਾਂ ਵਿਚ ਹੀ ਉਹ ਗੁਆਚਾਂ ਰਿਹਾ ਕਿ ਉਹ ਸਰਬਜੀਤ ਨੂੰ ਕਿਵੇਂ ਦੱਸੇ ਕਿ ਮੈਨੂੰ ਮੁੰਡਾ ਚਾਹੀਦਾ ਹੈ ਤੇ ਸਾਡੇ ਘਰ ਕੁੜੀ ਹੋਣ ਜਾ ਰਹੀ ਹੈ। ਉਹ ਆਪਣੀ ਪਤਨੀ ਤੋਂ ਇਹ ਸਭ ਲੁਕਾਉਣਾ ਨਹੀਂ ਚਾਹੁੰਦਾ ਸੀ ਪਰ ਮਾਂ ਹੱਥੋਂ ਮਜ਼ਬੂਰ ਸੀ ।   ਉਸ ਦੀ ਮਾਂ ਬੇਜਿੱਦ ਸੀ ਕਿ ਉਸਨੂੰ ਪੋਤਰਾ ਹੀ ਚਾਹੀਦਾ ਹੈ। ਉਸਨੂੰ ਘੱਟ ਜ਼ਮੀਨ, ਸਮਾਜ ਵਿਚ ਨਾਮ, ਖਾਨਦਾਨ ਦੀ ਵੇਲ ਵਧਾਉਣ ਦਾ ਫਿਕਰ ਵਧ ਸੀ। ਅਜੇ ਪਿਛਲੇ ਸਾਲ ਹੀ ਗੁਆਂਢੀ ਨਛੱਤਰ ਦੇ ਘਰੇ ਜੁੜਵੇ ਮੁੰਡੇ ਹੋਏ ਸਨ। ਜਿਸਦੇ ਜਸ਼ਨ ਤੇ ਢੋਲ ਉਸਦੇ ਅਜੇ ਤਕ ਸਿਰ ਪਾੜ ਰਹੇ ਸਨ। ਕਦੇ-ਕਦੇ ਉਹ ਚਾਰ ਬੰਦਿਆਂ ਦੇ ਸਾਹਮਣੇ ਕਹਿ ਦਿੰਦਾ ਸੀ ਕਿ ਮੇਰੇ ਘਰੇ ਦੋ ਪੁੱਤ ਹੋਏ ਨੇ, ਇਹ ਮੇਰੀਆਂ ਬਾਹਵਾਂ ਨੇ...ਬਾਹਵਾਂ। ਮਾਂ ਦੇ ਨਹੋਰੇ ਤੇ ਅਰਦਾਸਾਂ ਵੀ ਉਸ ਦਾ ਦੂਜੇ ਪਾਸੇ ਕਾਲਜਾ ਵਿੰਨਦੀਆਂ ਸਨ ਕਿ ਰੱਬ ਇਸ ਵਾਰ ਪੁੱਤ ਦੇ ਦੇਵੇ ਤੇ ਅਗਲੀ ਵਾਰ ਭਾਵੇਂ ਕੁੜੀ ਹੋਜੇ। ਮੇਰੇ ਪੁੱਤ ਨੂੰ ਜੱਗ ਨਾਲ ਰਲਾ ਦੇਵੇ। ਹੁਣ ਤਾਂ ਉਸ ਦੇ ਮਨ ਵਿਚ ਵੀ ਇਹ ਗੱਲ ਘਰ ਕਰ ਗਈ ਸੀ ਕਿ ਉਸਨੂੰ ਮੁੰਡਾ ਹੀ ਚਾਹੀਦਾ ਹੈ। ਇਸ ਲਈ ਉਹ ਇਹ ਕਦਮ ਜ਼ਰੂਰ ਉਠਾਵੇਗਾ।
ਸਰਬਜੀਤ ਜੋ ਨਿੱਤ ਹੀ ਹੋਣ ਵਾਲੇ ਬੱਚੇ ਦੇ ਚਾਵਾਂ_ਰੀਝਾਂ ਵਿਚ ਗੁਆਚੀ ਰਹਿੰਦੀ ਸੀ, ਨਿਸ਼ਚਿਤ ਦਿਨ ਚਾਈਂ-ਚਾਈਂ ਤਿਆਰ ਹੋ ਗਈ। ਹਸਪਤਾਲ ਪਹੁੰਚੇ ਤਾਂ ਇਕ ਤਾਂ ਮਰੀਜ ਵੇਖ-ਵੇਖ ਉਸਦਾ ਦਿਲ ਘਬਰਾ ਰਿਹਾ ਸੀ ਦੂਜੀ ਅਜੀਬ ਜਿਹੀ ਫਿਕਰ ਆਪਣੇ ਪਤੀ ਤੇ ਸੱਸ ਦੇ ਚੇਹਰੇ ਤੇ ਦੇਖ ਉਸਦੀ ਫਿਕਰ ਵੀ ਦੂਣੀ ਹੋ ਰਹੀ ਸੀ। ਫਿਰ ਉਸਦਾ ਪਤੀ ਤੇ ਸੱਸ ਮਹਿੰਦਰ ਕੌਰ ਉੱਠ ਕੇ ਡਾਕਟਰ ਦੇ ਕਮਰੇ ਵਿਚ ਚਲੇ ਗਏ, ਇਸ ਦੇ ਨਾਲ ਹੀ ਉਸਦੀ ਫਿਕਰ ਹੋਰ ਵਧ ਗਈ ਕਿ ਉਸਨੂੰ ਨਾਲ ਕਿਉਂ ਨਹੀਂ ਲਿਜਾਇਆ ਗਿਆ ਸੀ। ਅੱਜ ਕਿਸ ਚੀਜ ਦਾ ਟੈਸਟ ਹੈ? ਜੋ ਜਗਤਾਰ ਨੇ ਇੰਨੇ ਪੈਸੇ ਖੀਸੇ ਵਿਚ ਪਾਏ ਨੇ।
ਅਜੇ ਏਨਾਂ ਸੋਚਾਂ ਵਿਚ ਹੀ ਉਹ ਗੁੰਮ ਸੀ। ਆਹ ਲਓ, ਭੈਣ ਜੀ। ਆਹ, ਫਾਰਮ ਭਰੋ, ਕਹਿੰਦਿਆਂ ਨਰਸ ਨੇ ਉਸਦੀ ਸੋਚਾਂ ਦੀ ਲੜੀ ਤੋੜੀ। ਫਾਰਮ... ਕਾਹਦਾ ਫਾਰਮ? ਬਸ ਤੁਸੀਂ ਸਾਇਨ ਕਰ ਦਿਓ, ਭੈਣ ਜੀ, ਨਰਸ ਫਿਰ ਬੋਲੀ ਪਰ ਹੋ ਕੀ ਰਿਹਾ ਹੈ, ਕਿਸ ਚੀਜ਼ ਦਾ ਫਾਰਮ ਹੈ, ਅੱਜ ਅਸੀਂ ਡਾਕਟਰ ਸਾਹਿਬ ਕੋਲ ਕਿਉਂ ਆਏ ਹਾਂ। ਮੈਨੂੰ ਕੁਝ ਤਾਂ ਦੱਸੋ? ਸਰਬਜੀਤ ਦੀ ਫਿਕਰ ਹੋਰ ਵਧ ਰਹੀ ਸੀ। ਫਿਰ ਨਰਸ ਬੋਲੀ, 'ਕਿਉਂ ਤੁਹਾਨੂੰ ਨਹੀਂ ਪਤਾ ? ਤੁਸੀਂ ਕਿਸ ਕੰਮ ਲਈ ਆਏ ਹੋ?' ਨਹੀਂ ਭੈਣ ਬਿਲਕੁਲ ਨਹੀਂ, ਮੈਨੂੰ ਤਾਂ ਮੇਰੇ ਪਤੀ ਵੈਸੇ ਹੀ ਮੇਰੇ ਤੇ ਮੇਰੇ ਹੋਣ ਵਾਲੇ ਬੱਚੇ ਦੇ ਚੈੱਕ ਅੱਪ ਵਾਸਤੇ ਲਿਆਏ ਨੇ, ਪਹਿਲਾਂ ਵੀ ਅਸੀਂ ਆਉਂਦੇ ਹਾਂ।
ਨਰਸ ਫਿਰ ਬੋਲੀ, 'ਜਾਂ ਤਾਂ ਤੁਸੀਂ ਸੱਚੀਂ ਬਹੁਤ ਭੋਲੇ ਹੋ ਭੈਣ ਜੀ, ਜਾਂ ਫਿਰ ਤੁਸੀਂ ਜਾਣਬੁੱਝ ਕੇ ਭੋਲੇ ਬਣ ਰਹੇ ਹੋ?' ਸਰਬਜੀਤ ਬੋਲੀ, 'ਨਹੀਂ, ਨਹੀਂ, ਭੈਣੇ ਮੈਨੂੰ ਸੱਚੀਂ ਕੁਝ ਨਹੀਂ ਪਤਾ?,, ਮੇਰੀ ਛੋਟੀ ਭੈਣ ਬਣਕੇ ਦੱਸ ਦੇ ਕਿ ਕੀ ਗੱਲ ਹੈ?'ਹਾਂ, ਹਏ? ਤੁਹਾਨੂੰ ਜ਼ਰਾ ਵੀ ਨਹੀਂ ਪਤਾ, ਇੱਥੇ ਲੋਕ ਅਕਸਰ ਆਉਂਦੇ ਨੇ, ਉਹ ਵੀ ਮਾਂਵਾਂ ਦੀ ਰਜਾਮੰਦੀ ਨਾਲ, ਕਈ ਕੇਸ ਹੁੰਦੇ ਨੇ, ਤੁਹਾਡੇ ਪਤੀ ਨੇ ਤੁਹਾਨੂੰ ਕੁਝ ਵੀ ਨਹੀਂ ਦੱਸਿਆ, ਕਮਾਲ ਹੈ? ਹੁਣ ਸਰਬਜੀਤ ਦੀ ਧੜਕਣ ਤੇ ਫਿਕਰ ਹੱਦਾਂ ਬੰਨੇ ਟੱਪ ਰਹੀ ਸੀ।ਨਰਸ ਫਿਰ ਬੋਲੀ ਤੇ ਅਜੇ ਇਕ ਸ਼ਬਦ ਉਸਦੇ ਬੁੱਲਾਂ ਤੇ ਆਇਆ ਹੀ ਸੀ,, 'ਅਬੋਰਸ਼ਨ' ਇਹ ਸੁਣਦਿਆਂ ਹੀ ਸਰਬਜੀਤ ਦਾ ਦਿਲ ਕੰਭ ਗਿਆ, ਧਰਤੀ ਪੈਰਾਂ ਹੇਠੋਂ ਨਿਕਲ ਗਈ, ਇਕ ਚੱਕਰ ਜਿਹਾ ਆਇਆ ਤੇ ਉਹ ਨਰਸ ਦਾ ਹੱਥ  ਘੁੱਟਦੀ ਲੰਬੇ ਸਾਹ ਲੈਣ ਲੱਗ ਗਈ, ਮੂੰਹ ਵਿਚੋਂ ਅਚਾਨਕ ਸ਼ਬਦ ਨਿਕਲਿਆ, 'ਏਨਾ ਵੱਡਾ ਪਾਪ, ਕਤਲ...ਇਹ ਕਤਲ ਹੈ... ਨਿਰਾ ਕਤਲ ਹੈ? ਮੈਂ ਇਹ ਕਦੀ ਨਹੀਂ ਹੋਣ ਦਿਆਂਗੀ।' 
ਕਾਹਲੀ-ਕਾਹਲੀ ਉਹ ਡਾਕਟਰ ਦੇ ਕਮਰੇ ਵਿਚ ਗਈ ਜਿੱਥੇ ਉਸਦੀ ਸੱਸ ਤੇ ਪਤੀ ਜਗਤਾਰ ਡਾਕਟਰ ਸਾਹਮਣੇ ਬੈਠੇ ਸਨ ਤੇ ਗੱਲਾਂ ਕਰ ਰਹੇ ਸਨ। ਤਿੰਨਾਂ ਨੂੰ ਦੇਖਦੇ ਹੀ ਸਰਬਜੀਤ ਇੱਕੋ ਸਾਹੇ ਕਈ ਕੁਝ ਬੋਲ ਗਈ, 'ਸ਼ਰਮ ਕਰੋ ਕੁਝ, ਪਾਪੀ ਹੋ ਤੁਸੀਂ ਸਭ, ਕਾਤਿਲ ਹੋ ਅਣਜੰਮੀਆਂ ਧੀਆਂ ਦੇ, ਇਹ ਕਤਲਗਾਹ ਹੈ, ਸਿਰਫ ਕਤਲਗਾਹ, ਮੈਂ ਆਪਣੇ ਬੱਚੇ ਦਾ ਕਤਲ ਨਹੀਂ ਹੋਣ ਦਿਆਂਗੀ।' ਮੰਮੀ ਜੀ ਕਹਿਣ ਨੂੰ ਤਾਂ ਤੁਸੀਂ ਵੀ ਇਕ ਮਾਂ ਹੋ, ਜ਼ਰਾ ਮੇਰੀ ਥਾਂ ਲੈ ਕੇ ਸੋਚੋ, ਤੁਹਾਡੇ ਔਲਾਦ ਨੂੰ ਕੋਈ ਕੁੱਖ ਵਿਚ ਮਾਰ ਦਿੰਦਾ ਤਾਂ ਕਿ ਤੁਸੀਂ ਇਹ ਸਭ ਹੋਣ ਦਿੰਦੇ, ਤੁਸੀਂ ਵੀ ਇਕ ਧੀ, ਇਕ ਬੇਟੀ ਬਣੇ ਸੀ ਜੇ  ਤੁਹਾਡੀ ਮਾਂ ਤੁਹਾਨੂੰ ਇਦਾਂ ਹੀ...। 'ਨਹੀਂ ਅਜਿਹਾ ਤੁਸੀਂ ਕਦੀ ਨਾ ਹੋਣ ਦਿੰਦੇ, ਤੁਸੀਂ ਮਾਂ ਨਹੀਂ ਹੋ, ਇਕ ਕਾਤਲ ਹੋ...ਕਾਤਲ ਹੋ, ਉਸਦੀਆਂ ਅੱਖਾਂ ਗੁੱਸੇ ਵਿਚ ਲਾਲ ਸਨ ਤੇ ਹੰਝੂ ਤੇ ਹੌਕਿਆਂ ਦਾ ਸੈਲਾਬ ਹੱਦਾਂ ਬੰਨੇ ਤੋੜ ਰਿਹਾ ਸੀ, ਜਗਤਾਰ ਸਿੰਘ ਜੀ ਤੁਸੀਂ, 'ਤੁਸੀਂ ਇਸ ਕਤਲ ਦੇ ਮੁੱਖ ਦੋਸ਼ੀ ਹੋ, ਉਨਾਂ ਨੂੰ ਪੁੱਛ ਕੇ ਵੇਖੋ ਜਿਨਾਂ ਦੇ ਔਲਾਦਾਂ ਨਹੀ ਹੁੰਦੀਆਂ, ਕੀ ਹਾਲ ਹੁੰਦਾ ਹੈ ਉਨਾਂ ਦਾ, ਤੁਹਾਡੀ ਸੋਚ ਕਿਉਂ ਖੜ੍ਹ ਗਈ ਹੈ, ਮੁੰਡੇ ਕੁੜੀ ਵਿਚ ਕੋਈ ਫਰਕ ਨੀ ਅੱਜ, ਅੱਜ ਧੀਆਂ ਕਿਤੇ ਵੀ ਘੱਟ ਨਹੀਂ ਪੁੱਤਾਂ ਤੋਂ, ਪੁੱਤ ਕਪੁੱਤ ਹੋ ਜਾਂਦੇ ਨੇ, ਪਰ ਧੀਆਂ ਕਦੇ ਵੀ ਪਿੱਛੇ ਨਹੀਂ ਹੱਟਦੀਆਂ, ਇਨ੍ਹਾਂ ਠੰਡੀਆਂ ਛਾਵਾਂ ਹੁੰਦੀਆਂ ਨੇ...ਕਿਉਂ ਨੀ ਸਮਝੇ ਤੁਸੀਂ,, 'ਤੇ ਡਾਕਟਰ ਸਾਹਿਬਾ ਤੁਸੀਂ, 'ਤੁਹਾਨੂੰ ਸਾਰੇ ਰੱਬ ਰੂਪ ਮੰਨਦੇ ਨੇ, ਲੋਕਾਂ ਨੂੰ ਜ਼ਿੰਦਗੀ ਦਿੰਦੇ ਹੋ, ਬੱਚਿਆਂ ਨੂੰ ਦੁਨੀਆ ਦਿਖਾਉਂਦੇ ਹੋ, ਮੇਰੀ ਜਗ੍ਹਾ ਲੈ ਕੇ ਦੇਖੋ, ਤੁਹਾਨੂੰ ਕੋਈ ਗਰਭ ਵਿਚ ਕਤਲ ਕਰ ਦਿੰਦਾ ਤਾਂ ਕਿ ਤੁਸੀਂ ਇਹ ਦੁਨੀਆਂ ਦੇਖ ਪਾਉਂਦੇ, ਕੀ ਤਸੀਂ ਇਕ ਧੀ, ਇਕ ਬੇਟੀ, ਇਕ ਮਾਂ ਨਹੀਂ ਬਣੇ, ਸ਼ਰਮ ਆਉਂਦੀ ਹੈ, ਤੁਹਾਨੂੰ ਡਾਕਟਰ ਕਹਿੰਦੇ, ਤੁਸੀਂ ਜਲਾਦ ਹੋ, ਜਲਾਦ...ਇਹ ਤੁਹਾਡਾ ਕਲੀਨਿਕ, ਇਹ ਜ਼ਿੰਦਗੀ ਦੇਣ ਵਾਲੀ ਥਾਂ ਨਹੀਂ, ਇਕ ਕਤਲਗਾਹ ਹੈ, ਪਤਾ ਨਹੀਂ ਕਿੰਨੀਆਂ ਮਾਸੂਮ ਜਿੰਦਾਂ ਨੂੰ ਤਸੀਂ ਕਤਲ ਕੀਤਾ, ਤੁਹਾਨੂੰ ਕਿਸੇ ਜਹਾਨ ਵਿਚ ਮੁਆਫੀ ਨਹੀਂ ਮਿਲੇਗੀ...ਰੱਬ ਤੁਹਾਨੂੰ ਕਦੀ ਮੁਆਫ ਨਹੀਂ ਕਰੇਗਾ...ਕਦੀ ਵੀ ਨਹੀਂ... 
ਸਰਬਜੀਤ ਰੋਂਦੀ ਡਿੱਗਦੀ, ਢਹਿੰਦੀ ਕਲੀਨਿਕ 'ਚੋਂ ਨਿਕਲ ਕੇ, ਘਰ ਪਰਤਨ ਲਈ ਟੈਂਪੂ ਵਿਚ ਜਾ ਬੈਠ ਗਈ ਸੀ ਤੇ ਸਰਬਜੀਤ ਦੀ ਸੱਸ, ਪਤੀ ਤੇ ਡਾਕਟਰ ਸਾਹਿਬਾ ਦੋਸ਼ੀ ਤੇ ਮੂਕ ਦਰਸ਼ਕ ਬਣਕੇ, ਨਜ਼ਰ ਝੁਕਾ ਕੇ ਖੜ੍ਹੇ ਸਨ ਜਿਵੇਂ ਕਿਸੇ ਅਦਾਲਤ ਨੇ ਉਨਾਂ ਨੂੰ ਲੰਬੀ ਸਜਾ ਸੁਣਾਈ ਹੋਵੇ... ਕਤਲ ਦੀ ਸਜਾ,,।
ਗੁਰਬਾਜ ਸਿੰਘ, ਤਰਨ ਤਾਰਨ, ਪੰਜਾਬ।
ਮੋਬਾ:8837644027
ਵਟਸਐਪ_9872334944


Related News