ਸੰਗਤ ਦਾ ਅਸਰ

Thursday, Aug 19, 2021 - 10:27 PM (IST)

ਸੰਗਤ ਦਾ ਅਸਰ

ਅੱਜ ਦਸ ਦਿਨ ਦੀ ਯਾਤਰਾ ਤੋਂ ਬਾਅਦ ਵਾਪਸ ਆਉਂਦਿਆਂ ਛਿੰਦਾ ਘਰੇ ਵੜਦਿਆਂ ਹੀ ਬਿਨਾਂ ਸਾਮਾਨ ਉਤਾਰਿਆਂ ਸਾਈਕਲ ਇੱਕ ਪਾਸੇ ਕੰਧ ਨਾਲ ਡੱਕ ਕੇ ਉੱਚੀ-ਉੱਚੀ ਰੋਂਦਾ ਹੋਇਆ ਆਪਣੀ ਮਾਂ ਦੇ ਕਦਮਾਂ ’ਚ ਮੂਧਾ ਲੇਟ ਗਿਆ ਅਤੇ ਮਾਂ ਦੇ ਦੋਵੇਂ ਪੈਰ ਫੜ ਕੇ ਆਪਣਾ ਸਿਰ ਮਾਂ ਦੇ ਸੱਜੇ ਪੈਰ ’ਤੇ ਰੱਖ ਕੇ ਇੰਝ ਰੋ ਰਿਹਾ ਸੀ, ਜਿਵੇਂ ਕੋਈ ਛੋਟਾ ਬੱਚਾ ਜ਼ਿੱਦ ਕਰ ਰਿਹਾ ਹੋਵੇ ਤੇ ਇੱਕੋ ਗੱਲ ਵਾਰ-ਵਾਰ ਦੁਹਰਾਅ ਰਿਹਾ ਸੀ ਕਿ ਮਾਂ ਮੈਨੂੰ ਮੁਆਫ ਕਰ ਦੇ, ਮੈਨੂੰ ਮੁਆਫ ਕਰ ਦੇ, ਮੈਂ ਤੇਰੇ ਨਾਲ ਬਹੁਤ ਮਾੜਾ ਸਲੂਕ ਕਰਦਾ ਰਿਹਾ ਹਾਂ। ਮੈਂ ਤੈਨੂੰ ਸ਼ਰਾਬੀ ਹੋ ਕੇ ਮਾਰਦਾ-ਕੁੱਟਦਾ ਰਿਹਾ ਹਾਂ, ਨਸ਼ੇ ਦੀ ਹਾਲਤ ਵਿੱਚ ਪਤਾ ਨਹੀਂ ਕੀ-ਕੀ ਬਕਵਾਸ ਕਰਦਾ ਰਿਹਾ ਹਾਂ, ਮੈਂ ਤੇਰਾ ਪੁੱਤ ਅਖਵਾਉਣ ਦੇ ਲਾਇਕ ਨਹੀਂ ਹਾਂ, ਮੈਨੂੰ ਮੁਆਫ ਕਰਦੇ ਮਾਂ ਪਰ ਮਾਂ ਚੁੱਪ ਧਾਰ ਕੇ ਖੜ੍ਹੀ ਸੀ।

ਮਾਂ ਨੇ ਆਪਣੇ ਇਕੋ ਸੱਜੇ ਹੱਥ ਨਾਲ ਪੁੱਤ ਨੂੰ ਫੜ ਕੇ ਉਠਾਉਣਾ ਚਾਹਿਆ ਪਰ ਉਠਾ ਨਾ ਸਕੀ ਕਿਉਂਕਿ ਦੂਜੇ ਹੱਥ ਦਾ ਗੁੱਟ ਛਿੰਦੇ ਨੇ ਯਾਤਰਾ ਜਾਣ ਤੋਂ ਪਹਿਲਾਂ ਧੱਕਾ ਮਾਰ ਕੇ ਤੋੜ ਸੁੱਟਿਆ ਸੀ, ਅੱਜ ਮਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਇਹ ਮੇਰਾ ਉਹੀ ਛਿੰਦਾ ਪੁੱਤ ਹੈ ? ਜੋ ਦਿਨ-ਰਾਤ ਆਪਣੇ ਯਾਰਾਂ-ਦੋਸਤਾਂ ਨਾਲ ਨਸ਼ੇ ’ਚ ਧੁੱਤ ਰਹਿੰਦਾ ਸੀ, ਅੱਧੀ-ਅੱਧੀ ਰਾਤ ਘਰੇ ਵੜਦਾ ਸੀ, ਜੋ ਬਿਨਾਂ ਗੱਲ ਤੋਂ ਮਾਂ ਨੂੰ ਕੁੱਟ ਸੁੱਟਦਾ ਸੀ। ਹੈਂਅ ਇਹਨੂੰ ਅੱਜ ਕੀ ਹੋ ਗਿਆ, ਮਾਂ ਸੋਚਾਂ ’ਚ ਗੁਆਚੀ ਹੋਈ ਸੀ। ਉਸ ਨੂੰ ਪੁੱਤ ਦੀਆਂ ਕੀਤੀਆਂ ਹੋਈਆਂ ਵਧੀਕੀਆਂ ਚੇਤੇ ਆ ਰਹੀਆਂ ਸਨ ਪਰ ਮਾਂ ਅਜੇ ਵੀ ਚੁੱਪ ਸੀ, ਛਿੰਦੇ ਨੇ ਮਾਂ ਦੇ ਪੈਰ ਛੱਡੇ ਅਤੇ ਉੱਠ ਕੇ ਮਾਂ ਦੇ ਗਲ ਲੱਗ ਕੇ ਉੱਚੀ-ਉੱਚੀ ਰੋਂਦਾ ਹੋਇਆ ਕਹਿਣ ਲੱਗਾ, ਮਾਂ ਜਦੋਂ ਮੈਂ ਮਾਤਾ ਦੇ ਦਰਸ਼ਨਾਂ ਲਈ ਯਾਤਰਾ ’ਤੇ ਗਿਆ ਸੀ ਤਾਂ ਮੈਨੂੰ ਇੰਝ ਲੱਗਿਆ, ਜਿਵੇਂ ਮੈਂ ਕੋਈ ਵੱਡਾ ਅਪਰਾਧ ਕਰ ਕੇ ਗਿਆ ਹੋਵਾਂ, ਮੈਨੂੰ ਬੜੀ ਬੇਚੈਨੀ ਮਹਿਸੂਸ ਹੋਣ ਲੱਗ ਪਈ।

ਮੇਰੇ ਨਾਲ ਦੇ ਸਾਥੀ ਬੜੇ ਖੁਸ਼ ਸਨ ਅਤੇ ਯਾਤਰਾ ਦਾ ਆਨੰਦ ਮਾਣ ਰਹੇ ਸਨ ਪਰ ਪਤਾ ਨਹੀਂ ਕਿਉਂ ਮੈਨੂੰ ਖੋਹਾ-ਤੋੜੀ ਜਿਹੀ ਲੱਗੀ ਰਹੀ, ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸੀ, ਫਿਰ ਇੱਕ ਜਗ੍ਹਾ ’ਤੇ ਅਸੀਂ ਰੁਕੇ, ਜਿਥੇ ਬਹੁਤ ਸਾਰੀ ਸੰਗਤ ਬੈਠੀ ਸੀ। ਉੱਥੇ ਇੱਕ ਰੱਬ ਦਾ ਪਿਆਰਾ ਭਗਤ ਕਥਾ ਸੁਣਾ ਰਿਹਾ ਸੀ, ਉਸ ਨੇ ਇਹ ਕਥਾ ਸੁਣਾਈ ਸੀ ਕਿ ਇੱਕ ਵਾਰੀ ਇੱਕ ਮਈਆ ਜੀ ਦਾ ਭਗਤ ਬੀਮਾਰ ਮਾਂ ਨੂੰ ਛੱਡ ਕੇ ਤੇ ਉਹਦੇ ਨਾਲ ਲੜ ਕੇ ਮਾਤਾ ਜੀ ਦੇ ਦਰਸ਼ਨਾਂ ਲਈ ਘਰੋਂ ਗਿਆ ਪਰ ਉਸ ਦੇ ਮਨ ਨੂੰ ਚੈਨ ਨਹੀਂ ਆ ਰਿਹਾ ਸੀ, ਉਸ ਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ, ਫਿਰ ਰਾਤ ਨੂੰ ਜਦੋਂ ਉਹ ਸੁੱਤਾ ਤੇ ਮਾਤਾ ਜੀ ਨੇ ਸੁਫ਼ਨੇ ਵਿਚ ਆ ਕੇ ਉਸ ਨੂੰ ਕਿਹਾ ਕਿ ਹੇ ਬੇਟਾ, ਮੈਂ ਮੰਨਦੀ ਹਾਂ ਕਿ ਤੇਰੇ ਦਿਲ ’ਚ ਮੇਰੇ ਲਈ ਪਿਆਰ ਹੈ, ਸ਼ਰਧਾ ਹੈ, ਭਾਵਨਾ ਹੈ, ਮੈਂ ਤੇਰੀ ਕਦਰ ਕਰਦੀ ਹਾਂ ਪਰ ਮੇਰੇ ਨਾਲੋਂ ਪਹਿਲਾਂ ਜ਼ਿਆਦਾ ਉਹ ਮਾਂ ਹੈ, ਜਿਸ ਨੇ ਤੈਨੂੰ ਜਨਮ ਦਿੱਤਾ, 9 ਮਹੀਨੇ ਆਪਣੇ ਗਰਭ ’ਚ ਰੱਖਿਆ, ਜਿਸ ਨੇ ਤੈਨੂੰ ਆਪਣੀ ਛਾਤੀ ਦਾ ਨੀਰ ਪਿਲਾ ਕੇ ਵੱਡਾ ਕੀਤਾ, ਅੱਜ ਉਹ ਬੀਮਾਰ ਹੈ, ਜਿਸ ਨੂੰ ਤੇਰੀ ਬਹਤ ਜਿਆਦਾ ਲੋੜ ਸੀ, ਤੈਨੂੰ ਉਹਦੇ ਕੋਲ ਰਹਿਣਾ ਚਾਹੀਦਾ ਸੀ, ਉਹਦੇ ’ਚ ਵੀ ਮੈਂ ਹੀ ਹਾਂ ਪਰ ਤੂੰ ਪਛਾਣ ਨਾ ਸਕਿਆ, ਜੋ ਆਪਣੀ ਸਕੀ ਮਾਂ ਨੂੰ ਪਿਆਰ ਨਹੀਂ ਕਰਦਾ, ਆਪਣੀ ਮਾਂ ਦੀ ਸੇਵਾ ਨਹੀਂ ਕਰਦਾ, ਮੈਂ ਉਹਦੇ ਨਾਲ ਨਾਰਾਜ਼ ਹਾਂ। ਮੈਂ ਬਲਿਹਾਰ ਜਾਨੀ ਆਂ ਉਨ੍ਹਾਂ ਭਗਤਾਂ ਤੋਂ ਜੋ ਆਪਣੇ ਮਾਪਿਆਂ ਦੀ ਸੇਵਾ ਕਰਦੇ ਹਨ, ਸੰਭਾਲ ਕਰਦੇ ਹਨ, ਉਹ ਜਦੋਂ ਵੀ ਮੇਰੇ ਦਰਸ਼ਨਾਂ ਲਈ ਆਉਂਦੇ ਹਨ, ਮੈਂ ਉਨ੍ਹਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੰਦੀ ਹਾਂ, ਮੈਂ ਤਾਂ ਆਪਣੇ ਭਗਤਾਂ ਨੂੰ ਉਡੀਕਦੀ ਰਹਿੰਦੀ ਹਾਂ।

ਮਾਂ ਮੇਰੇ ਨਾਲ ਵੀ ਇੰਝ ਹੀ ਹੋਇਆ, ਫਿਰ ਮੈਂ ਮਾਂ ਦੇ ਅੱਗੇ ਨਤਮਸਤਕ ਹੋਇਆ ਅਤੇ ਆਪਣੀ ਭੁੱਲ ਬਖਸ਼ਾਈ, ਉਸ ਤੋਂ ਬਾਅਦ ਮੈਨੂੰ ਇੰਝ ਲੱਗਿਆ ਜਿਵੇਂ ਮਾਤਾ ਮੈਨੂੰ ਖੁਦ ਆ ਕੇ ਕਹਿ ਰਹੀ ਹੋਵੇ ਜਾਹ ਅੱਜ ਤੈਨੂੰ ਮੁਆਫ ਕੀਤਾ ਤੇ ਆਪਣੀ ਮਾਂ ਤੋਂ ਮੁਆਫੀ ਮੰਗ, ਜਿਹਦਾ ਤੂੰ ਦਿਲ ਦੁਖਾਇਆ ਹੈ, ਆਪਣੇ ਪੁੱਤ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਛਿੰਦੇ ਦੀ ਮਾਂ ਨੇ ਮਾਤਾ ਰਾਣੀ ਦੇ ਅੱਗੇ ਦੋਵੇਂ ਹੱਥ ਜੋੜੇ ਤੇ ਕਿਹਾ ਤੇਰਾ ਲੱਖ-ਲੱਖ ਸ਼ੁਕਰ ਏ, ਮਾਂ ਮੇਰੇ ਪੁੱਤ ਨੂੰ ਸਿੱਧੇ ਰਾਹੇ ਪਾਇਆ, ਇੱਕ ਦੁਖੀ ਮਾਂ ਦੀ ਫਰਿਆਦ ਸੁਣ ਲਈ, ਇਹ ਤੇਰੀ ਸੰਗਤ ਦਾ ਹੀ ਅਸਰ ਹੈ ਮਾਂ, ਤੇਰੀ ਸੰਗਤ ਦਾ ਹੀ ਅਸਰ ਹੈ, ਛਿੰਦੇ ਦੀ ਮਾਂ ਨੇ ਆਪਣੇ ਛਿੰਦੇ ਪੁੱਤ ਦੇ ਆਪਣੀ ਚੁੰਨੀ ਨਾਲ ਅੱਥਰੂ ਪੂੰਝੇ ਅਤੇ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ। (ਸਮਾਪਤ)

ਵੀਰ ਸਿੰਘ ਵੀਰਾ
ਪੰਜਾਬੀ ਲਿਖਾਰੀ ਸਾਹਿਤ ਸਭਾ ਪੀਰ ਮੁਹੰਮਦ
ਮੋ. 98550-69972, 97802-53156


author

Manoj

Content Editor

Related News