ਤਾਉੜੀ ਦਾ ਵਿਆਹ : ‘ਮਿੱਟੀ ਦੇ ਨਵੇਂ ਭਾਂਡੇ ਦੀ ਅਸਲ ਪਛਾਣ’

09/13/2020 5:33:09 PM

ਮੈਂ ਛੋਟਾ ਜਿਹਾ ਹੁੰਦਾ ਸੀ। ਸਕੂਲ ’ਚ ਛੁੱਟੀਆਂ ਹੋਈਆਂ ਅਤੇ ਮੈਂ ਜਿੱਦ ਕੀਤੀ ਕਿ ਮੰਮੀ ਜੀ ਮੈਂ ਨਾਨਕੇ ਜਾਣਾ ਏਂ। ਮੇਰੀ ਮੰਮੀ ਦੇ ਨਾਂਹ ਨੁੱਕਰ ਕਰਨ ’ਤੇ ਮੈਂ ਭੁੰਜੇ ਲੇਟਣ ਲੱਗ ਪਿਆ। ਮੇਰੀ ਮੰਮੀ ਨੇ ਮੈਨੂੰ ਬੁੱਕਲ ’ਚ ਲਿਆ ਤੇ ਕਿਹਾ, ਬੇਟਾ ਅਜੇ ਛੁੱਟੀਆਂ ਬੜੀਆਂ ਨੇ ਤੂੰ ਆਪਣੇ ਸਕੂਲ ਦਾ ਸਾਰਾ ਕੰਮ ਕਰ ਲੈ ਫਿਰ ਆਪਾਂ ਚਲੇ ਜਾਵਾਂਗੇ। ਮੈਂ ਉਸੇ ਵੇਲੇ ਮੰਨ ਗਿਆ ਤੇ ਆਪਣਾ ਸਕੂਲ ਦਾ ਕੰਮ ਸ਼ੁਰੂ ਕਰ ਦਿੱਤਾ। ਦਿਨ ਰਾਤ ਕਰਕੇ ਸਕੂਲ ਦਾ ਛੁੱਟੀਆਂ ਵਾਲਾ ਸਾਰਾ ਕੰਮ ਮੁਕਾ ਕੇ ਮੈਂ ਮੰਮੀ ਜੀ ਨੂੰ ਕਿਹਾ, ਮੇਰਾ ਸਕੂਲ ਦਾ ਕੰਮ ਚੈੱਕ ਕਰ ਲਉ, ਮੈਂ ਸਭ ਕਰ ਲਿਆ ਹੈ।

ਅਗਲੇ ਦਿਨ ਹੀ ਮੇਰੇ ਮੰਮੀ ਡੈਡੀ ਅਤੇ ਮੈਂ ਤਿਆਰ ਹੋ ਕੇ ਅਸੀਂ ਨਾਨਕੇ ਪਿੰਡ ਪਹੁੰਚ ਗਏ। ਸਾਨੂੰ ਗੇਟ ਵੜਦਿਆਂ ਈਂ ਵੇਖ ਕੇ ਮੇਰੇ ਨਾਨੀ ਜੀ ਪੀੜ੍ਹੀ ਤੋਂ ਉੱਠ ਕੇ ਭੱਜ ਕੇ ਅੱਗੋਂ ਦੀ ਆਏ ਅਤੇ ਮੈਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ। ਨਾਲ ਹੀ ਉੱਚੀ ਸਾਰੀ ਆਵਾਜ਼ ਮਾਰ ਕੇ ਉਨ੍ਹਾਂ ਨੇ ਕਿਹਾ, ਕੁੜੇ ਕਾੜ੍ਹਨੀ ’ਚੋਂ ਦੁੱਧ ਦਾ ਗਲਾਸ ਭਰ ਕੇ ਮਿੱਠਾ ਪਾ ਕੇ ਛੇਤੀ ਲਿਆ, ਮੇਰਾ ਦੋਹਤਾ ਆਇਆ। ਥੋੜ੍ਹੀ ਦੇਰ ਬਾਅਦ ਜਿੰਨਾਂ ਕੂੰ ਦੁੱਧ ਪੀ ਸਕਦਾ ਸੀ ਉਨਾ ਕੁ ਪੀਤਾ ਤੇ ਕੋਲ ਪਰਾਤ ’ਚ ਪਏ ਹੋਏ ਕੱਚੇ ਚੌਲਾਂ ਦੀ ਮੁੱਠ ਭਰਕੇ ਮੈਂ ਮੂੰਹ ’ਚ ਪਾ ਲਈ।

ਮੇਰੀ ਨਾਨੀ ਜੀ ਨੇ ਬੜੇ ਪਿਆਰ ਨਾਲ ਮੈਨੂੰ ਕਿਹਾ, ਪੁੱਤ ਚੌਲ ਕੱਚੇ ਨਹੀਂ ਖਾਈ ਦੇ ਢਿੱਡ ਪੀੜ ਹੋਣ ਲੱਗ ਪੈਂਦਾ ਏ। ਬੱਸ ਹੁਣੇ ਆਪਾਂ ਤਾਉੜੀ ਦਾ ਵਿਆਹ ਕਰਦੇਂ ਆਂ ਜਿੰਨੇ ਮਰਜ਼ੀ ਰੱਜ ਕੇ ਖਾ ਲਈਂ।

ਤਾਉੜੀ ਦਾ ਵਿਆਹ ਸੁਣ ਕੇ ਮੈਂ ਬੜਾ ਖੁਸ਼ ਹੋਇਆ ਤੇ ਮਨ ਹੀ ਮਨ ਸੋਚਣ ਲੱਗਾ ਕਿ ਵਿਆਹ ਬਾਰੇ ਤਾਂ ਸਾਨੂੰ ਦੱਸਿਆ ਈ ਨਹੀਂ, ਜੇ ਅਸੀਂ ਆਪ ਨਾ ਆਂਉਦੇ ਤਾਂ ਇਨ੍ਹਾਂ ਸਾਨੂੰ ਸੱਦਣਾ ਈਂ ਨਹੀਂ ਸੀ?

ਚਲੋ ਖੈਰ ਮੈਂ ਬੜਾ ਖੁਸ਼ ਸੀ ਕਿ ਤਾਉੜੀ ਦਾ ਵਿਆਹ ਵੇਖਾਂਗੇ।

ਮੈਂ ਟੀਵੀ ਵੇਖਣ ਦੇ ਲਾਲਚ ਲੱਗ ਗਿਆ ਤੇ ਘੰਟੇ ਕੂੰ ਬਾਅਦ ਮੇਰੇ ਨਾਨੀ ਜੀ ਗੁੜ ਵਾਲੇ ਚੌਲ ਉੱਤੇ ਮੱਖਣੀ ਪਾ ਕੇ ਮੇਰੇ ਲਈ ਅੰਦਰ ਲੈ ਆਏ, ਤੇ ਕਹਿਣ ਲੱਗੇ ਲੈ ਪੁੱਤ ਖਾ ਲੈ ਤੈਨੂੰ ਭੁੱਖ ਲੱਗੀ ਹੋਣੀ ਐਂ।

ਮੈਂ ਗੁੜ ਵਾਲੇ ਚੌਲ ਖਾ ਕੇ ਰੱਜ ਗਿਆ, ਸਚਮੁੱਚ ਨਾਨੀ ਜੀ ਦੇ ਹੱਥਾਂ ਦੇ ਚੌਲ ਮੈਨੂੰ ਬੜੇ ਸਵਾਦ ਲੱਗੇ। ਮੈਂ ਤਾਉੜੀ ਦਾ ਵਿਆਹ ਵੇਖਣ ਲਈ ਉਤਾਵਲਾ ਹੋ ਰਿਹਾ ਸਾਂ, ਮੈਨੂੰ ਹੋਰ ਕੁੱਝ ਵੀ ਨਹੀਂ ਸੁੱਝ ਰਿਹਾ ਸੀ। ਸੂਰਜ ਛਿਪ ਗਿਆ ਹਨੇਰਾ ਹੋ ਰਿਹਾ ਸੀ, ਮੈਂ ਕਦੇ ਇੱਧਰ ਕਦੇ ਉੱਧਰ ਵੇਖ ਰਿਹਾ ਸਾਂ, ਹਾਰ ਕੇ ਮੈਂ ਨਾਨੀ ਜੀ ਦੇ ਕੋਲ ਗਿਆ, ਜਿੱਥੇ ਮੇਰੇ ਮੰਮੀ ਡੈਡੀ, ਤੇ ਹੋਰ ਬਹੁਤ ਸਾਰੇ ਬੈਠੇ ਗੱਲਾਂ ਕਰ ਰਹੇ ਸਨ। 

ਮੈਂ ਹੌਲੀ ਜਿਹੀ ਨਾਨੀ ਜੀ ਨੂੰ ਪੁੱਛਿਆ, ਨਾਨੀ ਜੀ ਤਾਉੜੀ ਦਾ ਵਿਆਹ ਕਦੋਂ ਕਰਨਾ, ਮੈਂ ਵੇਖਣਾ ਏਂ। ਮੇਰੇ ਨਾਨੀ ਜੀ ਨੇ ਆਪਣਾ ਮੂੰਹ ਚੁੰਨੀ ਨਾਲ ਘੁੱਟ ਕੇ, ਮੈਨੂੰ ਕਿਹਾ, ਪੁੱਤ ਉੱਚੀ ਬੋਲ ਕੀ ਕਿਹਾ, ਸ਼ਾਇਦ ਨਾਨੀ ਜੀ ਮੇਰੇ ਮੂੰਹੋਂ ਦੁਬਾਰਾ ਸੁਣਨਾ ਚਾਹੁੰਦੇ ਸਨ।ਮੈਂ ਫਿਰ ਦੋਹਾਂ ਹੱਥਾਂ ਨਾਲ ਮੰਜੀ ਦੀ ਬਾਹੀ ਨੂੰ ਫੜਕੇ, ਰਿਕਸ਼ਾ ਚਲਾਉਣ ਵਾਂਗ ਟੱਪਦੇ ਹੋਏ ਨੇ ਕਿਹਾ, ਮੈਂ ਤਾਉੜੀ ਦਾ ਵਿਆਹ ਵੇਖਣਾ ਏਂ, ਅਜੇ ਮੈਂ ਇੰਨਾ ਕਿਹਾ ਈ ਸੀ ਕਿ ਮੇਰੇ ਨਾਨੀ ਜੀ, ਮੰਮੀ ਜੀ ,ਤੇ ਹੋਰ ਸਾਰੇ ਖਿੜ-ਖਿੜਾ ਉੱਚੀ

ਉੱਚੀ ਹੱਸਣ ਲੱਗ ਪਏ। ਸਾਰੇ ਜਣੇ ਬੜੀ ਜੋਰ ਜੋਰ ਨਾਲ ਹੱਸ ਰਹੇ ਸਨ, ਮੈਂ ਚੁੱਪ ਹੋਇਆ ਵਾਰੀ ਵਾਰੀ ਸਭਨਾਂ ਦੇ ਮੂੰਹ ਵੱਲ ਵੇਖ ਰਿਹਾ ਸਾਂ। ਸੋਚ ਰਿਹਾ ਸੀ ਕਿ ਸ਼ਾਇਦ ਮੈਂ ਕੁੱਝ ਗਲਤ ਕਹਿ ਦਿੱਤਾ ਹੋਵੇ। ਜਦੋਂ ਸਾਰੇ ਹੱਸਣੋ ਚੁੱਪ ਹੋਏ ਤਾਂ ਮੈਨੂੰ ਨਾਨੀ ਜੀ ਗੋਦੀ ’ਚ ਬਿਠਾਉਂਦੇ ਹੋਏ ਕਹਿਣ ਲੱਗੇ, ਮੇਰੇ ਸੋਹਣੇ ਲਾਲ ਜੀ, ਜਿਹੜੇ ਤੁਸੀਂ ਮਿੱਠੇ ਗੁੜ ਵਾਲੇ ਚੌਲ ਖਾਧੇ ਆ ਨਾ ਉਹਨੂੰ ਹੀ ਤਾਉੜੀ ਦਾ ਵਿਆਹ ਕਰਨਾ ਕਹਿੰਦੇ ਆ।ਆਪਾਂ ਜਦੋਂ ਵੀਂ ਕੋਈ ਘਰ ਵਿੱਚ ਕੋਰਾ ਮਿੱਟੀ ਦਾ ਬਣਿਆ ਭਾਂਡਾ

ਚਾਟੀ ਜਾਂ ਤਾਉੜੀ ਖਾਸ ਕਰਕੇ ਜਿਹਨੂੰ ਆਪਾਂ ਚੁੱਲੇ ’ਤੇ ਰੱਖ ਕੇ ਕੋਈ ਚੀਜ ਬਣਾਉਣ ਵਾਸਤੇ ਲਿਆਉਨੇ ਆਂ, ਤਾਂ ਸਭ ਤੋਂ ਪਹਿਲਾਂ ਉਹਦੇ ਵਿੱਚ ਮਿੱਠੇ ਗੁੜ ਵਾਲੇ ਚੌਲ ਬਣਾਈ ਦੇ ਆ, ਜਿਹਨੂੰ ਆਪਾਂ ਕਹਿੰਨੇ ਆਂ ਬਈ ਤਾਉੜੀ ਦਾ ਵਿਆਹ ਕਰਨ ਲੱਗੇ ਆਂ। ਉਸਤੋਂ ਬਾਅਦ ਵਿੱਚ ਭਾਵੇਂ ਦੁੱਧ ਕਾੜ੍ਹ ਲਓ, ਭਾਵੇਂ ਸਾਗ ਬਣਾਓ, ਜੋ ਮਰਜੀ ਕੰਮ ਲਈ ਜਾਓ, ਹੁਣ ਤਾਂ ਸਮਝ ਗਿਆ ਹੋਣਾ ਮੇਰਾ ਸ਼ੇਰ, ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਅੱਜ ਵੀ ਜਦੋਂ ਨਾਨੀ ਜੀ ਦੀ ਯਾਦ ਆਉਂਦੀ ਹੈ ਤਾਂ ਤਾਉੜੀ ਦਾ ਵਿਆਹ ਚੇਤੇ ਆ ਜਾਂਦਾ ਹੈ । 

(ਸਮਾਪਤ)
ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ 
ਮੋਬ ÷ 9855069972, 9780253156


rajwinder kaur

Content Editor

Related News