ਕਹਾਣੀਨਾਮਾ: ਪੁੱਤਾਂ ਨਾਲ ਜਿਉਂਦੀਆਂ ਮਾਂਵਾਂ

07/28/2022 2:33:36 PM

ਮਾਂ ਨੂੰ ਬੀਮਾਰ ਮੰਜੇ ’ਤੇ ਪਿਆਂ ਨੂੰ ਅੱਜ ਵਾਹਵਾ ਦਿਨ ਹੋ ਗਏ ਸਨ। ਛੋਟੇ ਭਰਾ ਦੇ ਬੂਹੇ ਰਹਿੰਦੀ ਹੋਈ ਮਾਂ ਦਿਨੋ ਦਿਨ ਠੀਕ ਹੋਣ ਦੀ ਬਜਾਏ, ਸਗੋਂ ਅੱਗੇ ਨਾਲੋਂ ਜ਼ਿਆਦਾ ਈ ਰਹਿੰਦੀ ਜਾਂਦੀ ਸੀ। ਕਿਸੇ ਨੇ ਵੱਡੇ ਪੁੱਤ ਨੂੰ ਕਿਹਾ, ਵੇ ਜਾਹ ਆਪਣੀ ਮਾਂ ਦਾ ਪਤਾ ਲੈ, ਤੇਰੀ ਮਾਂ ਤਾਂ ਲੱਗਦਾ ਕੁੱਝ ਦਿਨਾਂ ਦੀ ਪ੍ਰਾਹੁਣੀ ਆਂ। ਵੱਡੇ ਪੁੱਤ ਨੂੰ ਜਦੋਂ ਪਤਾ ਲੱਗਾ ਤਾਂ ਝੱਟ ਹੀ ਆਪਣੀ ਮਾਂ ਦਾ ਪਤਾ ਲੈਣ ਲਈ ਛੋਟੇ ਭਰਾ ਦੇ ਵਿਹੜੇ ਜਾ ਵੜਿਆ। ਮਾਂ ਨੂੰ ਬੀਮਾਰ ਵੇਖ ਕੇ ਵੱਡੇ ਪੁੱਤ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਨਿੱਕਾ ਵੀਰ ਥਾਲੀ ਵਿੱਚ ਰੋਟੀ ਪਾ ਕੇ ਲੈ ਆਇਆ ਤੇ ਮਾਂ ਨੂੰ ਆਖਣ ਲੱਗਾ, ਲੈ ਮਾਂ ਉੱਠ ਰੋਟੀ ਖਾ ਲੈ, ਰੋਜ ਵਾਂਗ ਮਾਂ ਨੇ ਅੱਜ ਵੀ ਬਾਂਹ ਖੜੀ ਕਰ ਕੇ ਇਸ਼ਾਰਾ ਕੀਤਾ ਕਿ ਪੁੱਤ ਮੇਰਾ ਜੀਅ ਨਹੀਂ ਕਰਦਾ ਤੂੰ ਖਾ ਲੈ।

ਅਚਾਨਕ ਉਸੇ ਹੀ ਟਾਈਮ ਮਾਂ ਨੇ ਕੋਸ਼ਿਸ਼ ਕੀਤੀ ਅਤੇ ਥੋੜੀ ਜਿਹੀ ਉਠ ਬੈਠੀ। ਅੱਜ ਮਾਂ ਨੇ ਦੋਹਾਂ ਪੁੱਤਾਂ ਵੱਲ ਇਸ਼ਾਰਾ ਕਰਕੇ ਇਹ ਕਿਹਾ ਕਿ ਤੁਸੀਂ ਦੋਵੇਂ ਭਰਾ ਇੱਕੋ ਕੌਲੀ ਵਿੱਚ ਮੇਰੇ ਸਾਹਮਣੇ ਰੋਟੀ ਖਾਓ। ਦੋਵੇਂ ਭਰਾ ਮਾਂ ਦੀ ਗੱਲ ਮੰਨ ਕੇ ਇੱਕੋ ਕੌਲੀ ਵਿੱਚੋ ਰੋਟੀ ਖਾਣ ਲੱਗ ਪਏ, ਦੋਵੇਂ ਪੁੱਤ ਰੋਟੀ ਅਜੇ ਖਾ ਹੀ ਰਹੇ ਸਨ ਕਿ ਦੋਵਾਂ ਪੁੱਤਾਂ ਨੂੰ ਇਕੱਠੇ ਰੋਟੀ ਖਾਂਦਿਆਂ ਵੇਖ ਮਾਂ ਝੱਟ ਉੱਠ ਕੇ ਚੰਗੀ ਤਰ੍ਹਾਂ ਬੈਠ ਗਈ। ਇਸ਼ਾਰੇ ਨਾਲ ਮਾਂ ਨੇ ਰੋਟੀ ਵਾਲੀ ਥਾਲੀ ਆਪਣੇ ਵੱਲ ਨੂੰ ਕਰਨ ਲਈ ਕਿਹਾ...ਨਿੱਕੇ ਪੁੱਤ ਨੇ ਛੇਤੀ ਨਾਲ ਥਾਲੀ ਮਾਂ ਦੇ ਅੱਗੇ ਕਰ ਦਿੱਤੀ। 

ਮਾਂ ਨੇ ਕੰਬਦੇ ਹੋਏ ਹੱਥਾਂ ਨਾਲ ਪਹਿਲੀ ਬੁਰਕੀ ਤੋੜੀ ਅਤੇ ਵੱਡੇ ਪੁੱਤ ਦੇ ਮੂੰਹ ਵਿੱਚ ਪਾ ਦਿੱਤੀ ਅਤੇ ਆਖਿਆ, ਮੇਰੀ ਰਹਿੰਦੀ ਉਮਰ ਤੈਨੂੰ ਲੱਗ ਜਾਏ ਪੁੱਤ। ਇਸੇ ਤਰ੍ਹਾਂ ਫਿਰ ਦੂਜੀ ਵਾਰੀ ਰੋਟੀ ਦੀ ਬੁਰਕੀ ਤੋੜੀ ਤੇ ਛੋਟੇ ਪੁੱਤ ਦੇ ਮੂੰਹ ਵਿੱਚ ਪਾ ਕੇ ਅਸ਼ੀਰਵਾਦ ਦਿੱਤਾ ਤੇ ਨਾਲ ਹੀ ਦੋਵਾਂ ਪੁੱਤਾਂ ਨੂੰ ਗਲ ਨਾਲ ਲਾ ਲਿਆ। ਮਾਂ ਆਖਣ ਲੱਗੀ ਮੇਰੇ ਨਿੱਕੇ ਪੁੱਤ, ਤੂੰ ਮੇਰੀ ਬਹੁਤ ਸੇਵਾ ਕੀਤੀ ਏ, ਅੱਜ ਤੁਹਾਨੂੰ ਦੋਵਾਂ ਵੀਰਿਆਂ ਨੂੰ ਇਕੱਠੇ ਰੋਟੀ ਖਾਂਦਿਆਂ ਵੇਖ ਮੇਰਾ ਕਿਲੋ ਖੂਨ ਵਧ ਗਿਆ। ਮਾਂ ਗੱਲਾਂ ਕਰੀ ਜਾ ਰਹੀ ਸੀ। ਮਾਂ ਨੂੰ ਗੱਲਾਂ ਕਰਦਿਆਂ ਵੇਖ ਨਿੱਕੇ ਪੁੱਤ ਨੂੰ ਇੰਝ ਲੱਗਿਆ ਜਿਵੇਂ ਮਾਂ ਤਾਂ ਸੱਚਮੁੱਚ ਠੀਕ ਹੋ ਗਈ ਹੈ।

ਕਈਆਂ ਦਿਨਾਂ ਤੋਂ ਬੀਮਾਰ ਪਈ ਮਾਂ ਜਿਹੜੀ ਬੋਲ ਵੀ ਨਹੀਂ ਸਕਦੀ ਸੀ, ਅੱਜ ਝੱਟ ਦੋਵਾਂ ਪੁੱਤਾਂ ਨੂੰ ਇਕੱਠਿਆਂ ਰੋਟੀ ਖਾਂਦਿਆਂ ਵੇਖ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਸੀ। ਨਿੱਕੇ ਪੁੱਤ ਨੂੰ ਆਖਣ ਲੱਗੀ ਜਾਹ ਪੁੱਤ ਮੇਰੇ ਲਈ ਵੀ ਰੋਟੀ ਪਾ ਕੇ ਲਿਆ, ਮਾਂ ਦੇ ਮੂੰਹੋਂ ਨਿਕਲੇ ਹੋਏ ਬੋਲ ਸੁਣ ਕੇ ਨਿੱਕਾ ਪੁੱਤ ਖੁਸ਼ੀ ਨਾਲ ਹੰਝੂ ਨਾ ਰੋਕ ਸਕਿਆ ਤੇ ਅੱਖਾਂ ਪੂੰਝਦਾ ਹੋਇਆ ਮਾਂ ਲਈ ਰੋਟੀ ਲੈਣ ਲਈ ਚਲਾ ਗਿਆ। ਵੱਡਾ ਪੁੱਤ ਮਾਂ ਵਾਸਤੇ ਬਾਹਰੋਂ ਪਾਣੀ ਲਿਆਉਣ ਲਈ ਗਿਲਾਸ ਲੈ ਕੇ ਬਾਹਰ ਵੱਲ ਨੂੰ ਹੋ ਤੁਰਿਆ।

ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ
 ਸਾਹਿਤ ਸਭਾ ਪੀਰ ਮੁਹੰਮਦ 
ਮੋਬ ÷ 9855069972-9780253156

+++++++++++++++++++++++++++++++++

 


rajwinder kaur

Content Editor

Related News