ਈਦ ਦੇ ਤਿਉਹਾਰ 'ਤੇ ਵਿਸ਼ੇਸ਼ : ਜਾਣੋ 'ਖੁਸ਼ੀਆਂ ਦੇ ਤਿਉਹਾਰ ਈਦ-ਉਲ-ਫਿਤਰ ਦਾ ਮਹੱਤਵ'
Thursday, Apr 11, 2024 - 07:48 AM (IST)

ਦੁਨੀਆ 'ਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਵੱਸਦੇ ਨੇ ਅਤੇ ਕੋਈ ਵੀ ਤਿਓਹਾਰ ਉਸ ਦੇ ਮੰਨਣ ਵਾਲਿਆਂ ਦੇ ਆਚਰਣ ਤੇ ਅਖਲਾਕ ਦੀ ਸੱਚੀ ਗਵਾਹੀ ਭਰਦਾ ਹੈ। ਗੱਲ ਜਦੋਂ ਇਸਲਾਮ ਦੀ ਕਰਦੇ ਹਾਂ ਤਾਂ ਇਸ ਨੂੰ ਮੰਨਣ ਵਾਲੇ ਸਾਲ 'ਚ ਦੋ ਤਿਓਹਾਰ ਈਦ-ਉਲ-ਫ਼ਿਤਰ ਤੇ ਈਦ-ਉਲ-ਜੁਹਾ ਮਨਾਉਂਦੇ ਹਨ। ਈਦ-ਉਲ-ਜੁਹਾ ਜਿੱਥੇ ਪੈਗੰਬਰ ਇਬਰਾਹਿਮ ਤੇ ਇਸਮਾਈਲ ਅਲੈਹ-ਸਲਾਮ ਦੀ ਲਾਸਾਨੀ ਕੁਰਬਾਨੀ ਦੀ ਯਾਦ ਵਜੋਂ ਮਨਾਇਆ ਜਾਂਦਾ ਹੈ। ਉੱਥੇ ਹੀ ਈਦ-ਉਲ-ਫਿਤਰ ਰਮਜਾਨ ਦੇ ਮਹੀਨੇ ਦੇ ਖ਼ਤਮ ਹੋਣ ਉਪਰੰਤ ਸ਼ਵਾਲ ਦੀ ਪਹਿਲੀ ਤਾਰੀਖ਼ ਨੂੰ ਮਨਾਇਆ ਜਾਂਦਾ ਹੈ।
ਜੇਕਰ ਸ਼ਬਦ ਈਦ-ਉਲ-ਫ਼ਿਤਰ ਦੀ ਗੱਲ ਕਰੀਏ ਤਾਂ ਇਹ ਦੋ ਸ਼ਬਦਾਂ ਈਦ ਅਤੇ ਫਿਤਰ ਨੂੰ ਮਿਲ ਕੇ ਬਣਿਆ ਹੈ। 'ਈਦ' ਅਰਬੀ ਭਾਸ਼ਾ ਦੇ 'ਊਦ' ਤੋਂ ਬਣਿਆ ਹੈ, ਜਿਸ ਦਾ ਇੱਕ ਅਰਥ ਹੈ ਵਾਰ-ਵਾਰ ਆਉਣਾ ਤੇ ਦੂਜੇ ਈਦ ਨੂੰ ਖ਼ੁਸ਼ੀ, ਫਰਹਤ ਅਤੇ ਰਾਹਤ ਆਦਿ ਅਰਥਾਂ ਵਜੋਂ ਵੀ ਜਾਣਿਆ ਜਾਂਦਾ ਹੈ। ਜਦੋਂ ਕਿ 'ਫਿਤਰ' ਦਾ ਅਰਥ ਹੈ ਤੋੜਨਾ ਜਾਂ ਖੋਲ੍ਹਣਾ, ਭਾਵ ਈਦ ਦੇ ਦਿਨ ਰਮਜ਼ਾਨ ਦਾ ਮਹੀਨਾ ਸਮਾਪਤ ਹੋ ਜਾਂਦਾ ਹੈ ਤੇ ਮੁਸਲਮਾਨਾਂ ਨੂੰ ਦਿਨ ਵੇਲੇ ਵੀ ਖਾਣ-ਪੀਣ ਲਈ ਖੁੱਲ੍ਹ ਮਿਲ ਜਾਂਦੀ ਹੈ।
ਉਂਝ ਈਦ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਕ ਰਵਾਇਤ 'ਚ ਮਿਲਦਾ ਹੈ ਕਿ ਜਦੋਂ ਹਜ਼ਰਤ ਆਦਮ (ਅਲੈਹ ਅਲਸਾਮ) ਦੀ ਤੋਬਾ ਕਬੂਲ ਹੋਈ ਤਾਂ ਉਸ ਦਿਨ ਦੁਨੀਆ ਵਿਚ ਪਹਿਲੀ ਈਦ ਮਨਾਈ ਗਈ। ਇਸੇ ਤਰ੍ਹਾਂ ਜਦੋਂ ਹਜ਼ਰਤ ਇਬਰਾਹੀਮ (ਅਲੈਹ ਅਸਲਾਮ) ਨੂੰ ਨਮਰੂਦ ਨੇ ਅੱਗ ਦੇ ਹਵਾਲੇ ਕੀਤਾ ਤੇ ਅੱਗ ਨੇ ਫੁੱਲਾਂ ਦਾ ਰੂਪ ਧਾਰਨ ਕਰ ਲਿਆ ਤਾਂ ਇਬਰਾਹੀਮ ਦੀ ਕੌਮ ਨੇ ਖ਼ੁਸ਼ੀ 'ਚ ਈਦ ਮਨਾਈ। ਫਿਰ ਜਦੋਂ ਹਜ਼ਰਤ ਯੂਨਸ (ਅਲੈਹ ਅਸਲਾਮ) ਨੂੰ ਮੱਛੀ ਦੇ ਢਿੱਡ 'ਚੋਂ ਰਿਹਾਈ ਮਿਲੀ ਤਾਂ ਉਨ੍ਹਾਂ ਦੀ ਉਮਤ ਨੇ ਈਦ ਮਨਾਈ। ਇਸ ਤੋਂ ਇਲਾਵਾ ਜਦੋਂ ਮੂਸਾ (ਅਲੈਹ ਅਸਲਾਮ) ਦੀ ਕੌਮ ਬਨੀ ਇਸਰਾਈਲ ਨੂੰ ਰੱਬ ਨੇ ਫਿਰੌਨ ਦੇ ਜ਼ੁਲਮਾਂ ਤੋਂ ਨਿਜ਼ਾਤ ਦਿਵਾਈ ਤਾਂ ਉਨ੍ਹਾਂ ਨੇ ਵੀ ਈਦ ਮਨਾਈ।
ਈਦ-ਉਲ-ਫਿਤਰ ਦਾ ਜੋ ਤਿਉਹਾਰ ਅਜੋਕੇ ਸਮੇਂ ਇਸਲਾਮ ਦੇ ਮੰਨਣ ਵਾਲੇ ਮਨਾਉਂਦੇ ਹਨ, ਇਸ ਦੀ ਸ਼ੁਰੂਆਤ ਸਨ 624 ਈ: ਤੋਂ ਹੋਈ ਮੰਨੀ ਜਾਂਦੀ ਹੈ। ਇਸਲਾਮ ਹਰ ਮੌਕੇ ਮੁਸਲਮਾਨਾਂ ਨੂੰ ਗ਼ਰੀਬਾਂ ਕਮਜ਼ੋਰਾਂ ਤੇ ਯਤੀਮਾਂ ਨਾਲ ਭਲਾਈ ਕਰਨ ਦਾ ਦਰਸ ਦਿੰਦਾ ਹੈ। ਇਸੇ ਸੰਦਰਭ ਵਿੱਚ ਈਦ-ਉਲ-ਫ਼ਿਤਰ ਦੇ ਨਾਲ ਜੁੜਿਆ ਸਦਕਾ-ਏ-ਫਿਤਰ ਖਾਸ ਮਹੱਤਵ ਰੱਖਦਾ ਹੈ। ਦਰਅਸਲ ਰੋਜ਼ਿਆਂ ਦੌਰਾਨ ਰੋਜ਼ਾਦਾਰ ਤੋਂ ਜੋ ਕੋਤਾਹੀਆਂ ਗਲਤੀਆਂ ਹੋ ਜਾਂਦੀਆਂ ਹਨ, ਉਨ੍ਹਾਂ ਦੀ ਤਲਾਫ਼ੀ ਲਈ ਹਜ਼ਰਤ ਮੁਹੰਮਦ( ਸ) ਨੇ ਗ਼ਰੀਬਾਂ ਨੂੰ ਸਦਕਾ-ਏ-ਫ਼ਿਤਰ ਦੇਣ ਦੇ ਨਿਰਦੇਸ਼ ਦਿੱਤੇ ਹਨ।
ਸਦਕਾ-ਏ-ਫ਼ਿਤਰ ਘਰ ਦੇ ਹਰ ਜੀਅ (ਬਾਲਗ, ਨਾਬਾਲਿਗ ਵਲੋਂ ਉਸ ਦੇ ਸਰਪ੍ਰਸਤਾਂ ਜਾਂ ਮਾਂ ਬਾਪ ) ਵਲੋਂ ਦਿੱਤਾ ਜਾਂਦਾ ਹੈ, ਇਹ ਈਦ ਪੜ੍ਹਨ ਤੋਂ ਪਹਿਲਾਂ ਪਹਿਲਾਂ ਕੱਢਿਆ ਜਾਣਾ ਵਾਜਿਬ ਹੈ। ਸਦਕਾ-ਏ-ਫ਼ਿਤਰ ਦਾ ਜੋ ਅੱਜ ਦੀ ਤਾਰੀਖ਼ 'ਚ ਪ੍ਰਤੀ ਜੀਅ ਦੇ ਹਿਸਾਬ ਨਾਲ ਹਿੱਸਾ ਬਣਦਾ ਹੈ, ਉਹ ਦੋ ਕਿੱਲੋ ਕਣਕ, ਜੌਂ ਜਾਂ ਖਜੂਰ, ਕਿਸ਼ਮਿਸ਼ ਆਦਿ ਹੈ ਜਾਂ ਇਸ ਦੀ ਕੀਮਤ ਦੇ ਬਰਾਬਰ ਨਕਦੀ ਰੂਪ ਵਿੱਚ ਪੈਸੇ ਵੀ ਦਿੱਤੇ ਜਾ ਸਕਦੇ ਹਨ। ਸਦਕਾ ਏ ਫਿਤਰ ਜ਼ਕਾਤ ਦੇ ਪੈਸਿਆਂ ਵਾਂਗੂ ਗ਼ਰੀਬ ਲੋਕਾਂ ਚ ਵੰਡਿਆ ਜਾਂਦਾ ਹੈ ਤਾਂ ਜੋ ਉਹ ਵੀ ਅਪਣੇ ਬੱਚਿਆਂ ਸਮੇਤ ਈਦ ਦੀਆਂ ਖ਼ੁਸ਼ੀਆਂ 'ਚ ਸ਼ਾਮਲ ਹੋ ਸਕਣ।
ਈਦ ਦੀਆਂ ਸੁੰਨਤਾਂ (ਸੁੱਨਤ ਉਸ ਕੰਮ ਨੂੰ ਆਖਿਆ ਜਾਂਦਾ ਹੈ ਜੋ ਹਜ਼ਰਤ ਮੁਹੰਮਦ (ਸ) ਨੇ ਆਪਣੀ ਜ਼ਿੰਦਗੀ 'ਚ ਕੰਮ ਕੀਤਾ ਹੋਵੇ) ਗੁਸਲ ਕਰਨਾ ਭਾਵ ਇਸ਼ਨਾਨ ਕਰਨਾ 'ਆਪਣੀ ਹੈਸੀਅਤ ਮੁਤਾਬਿਕ ਫ਼ਜ਼ੂਲ ਖ਼ਰਚੀ ਤੋਂ ਬਚਦੇ ਹੋਏ ਨਵੇਂ ਕੱਪੜੇ ਪਾਉਣਾ, ਖੁਸ਼ਬੂ ਲਗਾਉਣਾ' ਟਾਂਕ ਦੀ ਗਿਣਤੀ ਵਿੱਚ ਖਜੂਰਾਂ ਖਾਣਾ, ਈਦ ਪੜ੍ਹਨ ਲਈ ਈਦਗਾਹ ਪੈਦਲ ਜਾਣਾ' ਇੱਕ ਰਸਤੇ ਜਾਣਾ ਤੇ ਦੂਜੇ ਰਸਤੇ ਵਾਪਸ ਆਉਣਾ, ਰਸਤੇ ਵਿਚ ਆਉਂਦੇ-ਜਾਂਦੇ ਧੀਮੀ ਆਵਾਜ਼ ਵਿਚ ਤਕਬੀਰਾਂ (ਅਲ੍ਹਾ-ਹੂ- ਅਕਬਰ, ਅਲ੍ਹਾ-ਹੂ-ਅਕਬਰ, ਲਾ-ਇਲਾਹਾ ਇਲਲਾਹ ਹੂ ਵਲਾਹ- ਹੂ-ਅਕਬਰ, ਅਲਾਹ-ਹੂ-ਅਕਬਰ, ਵਾਲਿੱਲਾਹ ਹਿਲ-ਹਮਦ: ਪੜਨਾ ਸੁੱਨਤ ਹੈ। ਇਨ੍ਹਾਂ ਤਕਰੀਰਾਂ ਦੇ ਅਰਥ ਹਨ (ਅੱਲ੍ਹਾ ਬਹੁਤ ਵੱਡਾ ਹੈ। ਅੱਲਾ ਬੜਾ ਵੱਡਾ ਹੈ। ਅੱਲ੍ਹਾ ਤੋਂ ਬਿਨਾਂ ਕੋਈ ਵੀ ਪੂਜਨ ਦੇ ਲਾਇਕ ਨਹੀਂ। ਅੱਲਾ ਬਹੁਤ ਵੱਡਾ ਹੈ ਤੇ ਸਾਰੀਆਂ ਵਡਿਆਈਆਂ ਉਸੇ ਲਈ ਹਨ) ਪੜ੍ਹਨਾ ਸੁੱਨਤ ਹੈ।
ਈਦ ਦੀ ਨਮਾਜ਼ ਪੜ੍ਹਨ ਉਪਰੰਤ ਇਮਾਮ ਵੱਲੋਂ ਜੋ ਖੁਤਬਾ (ਪ੍ਰਵਚਨ) ਦਿੱਤਾ ਜਾਂਦਾ ਹੈ, ਜਿਸ ਵਿਚ ਰੱਬ ਦੀ ਵਡਿਆਈ ਤੇ ਉਸਤਤ ਦੇ ਨਾਲ-ਨਾਲ ਸੰਸਾਰ ਦੀ ਸੁੱਖ-ਸ਼ਾਂਤੀ ਲਈ ਅਰਦਾਸਾਂ ਤੇ ਆਪਣੇ ਗ਼ੁਨਾਹਾਂ ਦੀ ਮਾਫ਼ੀ ਮੰਗੀ ਜਾਂਦੀ ਹੈ, ਉਸ ਨੂੰ ਸੁਨਣਾ ਹਰ ਈਦ ਦੀ ਨਮਾਜ਼ ਪੜ੍ਹਨ ਵਾਲੇ ਮੁਸਲਮਾਨ ਤੇ ਵਾਜਿਬ ਹੈ। ਇਕ ਰਵਾਇਤ 'ਚ ਆਇਆ ਹੈ ਕਿ ਹਜ਼ਰਤ ਮੁਹੰਮਦ ( ਸਲੱਲਾਹੋ ਅਲੈਵਸਲੱਮ) ਨੇ ਫਰਮਾਇਆ ਹੈ ਕਿ ਈਦ ਦੀ ਨਮਾਜ਼ ਤੋਂ ਫਾਰਿਗ਼ ਹੋ ਕੇ ਜਦੋਂ ਬੰਦੇ ਆਪਣੇ ਘਰੀਂ ਵਾਪਸ ਪਰਤਦੇ ਹਨ ਤਾਂ ਰੱਬ ਵਲੋਂ ਉਨ੍ਹਾਂ ਦੇ ਗੁਨਾਹ ਮਾਫ਼ ਕੀਤੇ ਜਾ ਚੁੱਕੇ ਹੁੰਦੇ ਹਨ।
ਮੁਹੰਮਦ ਅੱਬਾਸ ਧਾਲੀਵਾਲ
ਮਲੇਰਕੋਟਲਾ।