21 ਜੂਨ ਦਾ ਕੰਗਣਾਕਾਰ ਸੂਰਜ ਗ੍ਰਹਿਣ : ਭਾਗ- 4

06/05/2020 3:57:19 PM

ਸੂਰਜ ਗ੍ਰਹਿਣ ਬਾਰੇ ਪਹਿਲਾਂ ਪ੍ਰਕਾਸ਼ਿਤ ਲੇਖਾਂ ਵਿੱਚ ਤੁਸੀਂ ਸੂਰਜ ਗ੍ਰਹਿਣ, ਇਸ ਦੀਆਂ ਕਿਸਮਾਂ ਅਤੇ ਇਸ ਸਬੰਧੀ ਮਨੁੱਖੀ ਉਤਸੁਕਤਾ ਬਾਰੇ ਪੜ੍ਹ ਚੁੱਕੇ ਹੋ। ਅੱਜ ਅਸੀਂ ਇਸ ਸੂਰਜ ਗ੍ਰਹਿਣ ਨੂੰ ਦੇਖਣ ਬਾਰੇ ਗੱਲ ਕਰਾਂਗੇ।

ਜਿਸ ਤਰ੍ਹਾਂ ਕਿ ਅਸੀਂ ਪੜ੍ਹ ਹੀ ਚੁੱਕੇ ਹਾਂ ਕਿ ਸੂਰਜ ਗ੍ਰਹਿਣ ਸਾਲ ਵਿੱਚ ਵੱਧ ਤੋਂ ਵੱਧ ਪੰਜ ਵਾਰੀ ਲੱਗ ਸਕਦਾ ਹੈ। ਇਨ੍ਹਾਂ ਵਿੱਚੋਂ ਵੀ ਕਈ ਗ੍ਰਹਿਣ ਤਾਂ ਕੇਵਲ ਸਮੁੰਦਰਾਂ ਉੱਪਰ ਜਾਂ ਧਰਤੀ ਦੇ ਅਜਿਹੇ ਭਾਗਾਂ ਉੱਪਰ ਲੱਗਦੇ ਹਨ, ਜਿੱਥੇ ਸਾਡਾ ਜਾਣਾ ਸੰਭਵ ਹੀ ਨਹੀਂ ਹੁੰਦਾ। ਅਜਿਹੇ ਸੂਰਜ ਗ੍ਰਹਿਣਾਂ ਨੂੰ ਅਸੀਂ ਦੇਖ ਨਹੀਂ ਪਾਉਂਦੇ। ਇਸ ਕਾਰਨ ਜਦੋਂ ਸੂਰਜ ਗ੍ਰਹਿਣ ਨੂੰ ਦੇਖਣ ਦਾ ਮੌਕਾ ਮਿਲੇ ਤਾਂ ਇਸ ਨੂੰ ਹੱਥੋਂ ਨਹੀਂ ਜਾਣ ਦਿੱਤਾ ਜਾਂਦਾ। ਵਿਗਿਆਨ ਪ੍ਰਿਆਕਰਨ ਨਾਲ ਜੁੜੇ ਕਾਰਜਕਰਤਾ ਅਤੇ ਵਿਗਿਆਨਕ ਰੁਚੀ ਰੱਖਣ ਵਾਲੇ ਵਿਅਕਤੀ ਅਜਿਹੇ ਕਿਸੇ ਮੌਕੇ ਨੂੰ ਹੱਥੋਂ ਗੁਆਉਣਾ ਵੀ ਨਹੀਂ ਚਾਹੁੰਦੇ ਹੁੰਦੇ। ਐਥੇ ਸਵਾਲ ਇਹ ਉੱਠਦਾ ਹੈ ਕਿ ਸੂਰਜ ਗ੍ਰਹਿਣ ਨੂੰ ਦੇਖਣ ਦਾ ਉਪਰਾਲਾ ਕਰਨ ਤੋਂ ਪਹਿਲਾਂ ਸਾਨੂੰ ਕੀ ਕੁਝ ਪਤਾ ਹੋਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - 

ਇਸ ਮਾਮਲੇ ਵਿੱਚ ਜ਼ਰੂਰੀ ਹੈ ਕਿ ਮਨੁੱਖੀ ਅੱਖ ਦੀ ਰਚਨਾ ਬਾਰੇ ਕੁਝ ਜਾਣਕਾਰੀ ਲਈ ਜਾਵੇ। ਸਾਡੀ ਅੱਖ ਦੇ ਅੰਦਰ ਦਾਖਲ ਹੋਣ ਵਾਲਾ ਪ੍ਰਕਾਸ਼ ਐਨਾ ਕੁ ਹੀ ਹੋਵੇ ਕਿ ਅੱਖ ਨੂੰ ਕੋਈ ਨੁਕਸਾਨ ਨਾ ਹੋਵੇ, ਇਸ ਲਈ ਕੁਦਰਤ ਨੇ ਅੱਖ ਦੇ ਅਗਲੇ/ਬਾਹਰਲੇ ਪਾਸੇ ਇੱਕ ਸੁੰਗੜਣਸ਼ੀਲ ਸੁਰਾਖ ਬਣਾਇਆ ਹੈ (ਵਿਗਿਆਨਕ ਭਾਸ਼ਾ ਵਿੱਚ ਇਸ ਨੂੰ ਪੁਤਲੀ/ਪਿਊਪਿਲ ਆਖਦੇ ਹਨ)। ਜਦੋਂ ਅਸੀਂ ਤੇਜ਼ ਰੋਸ਼ਨੀ ਵਿੱਚ ਹੋਈਏ ਤਾਂ ਇਹ ਸੁਰਾਖ ਸੁੰਗੜ ਜਾਂਦਾ ਹੈ ਤਾਂ ਜੋ ਜ਼ਿਆਦਾ ਰੋਸ਼ਨੀ ਅੱਖ ਅੰਦਰ ਪੁੱਜ ਕੇ ਅੱਖ ਨੂੰ ਨੁਕਸਾਨ ਨਾ ਕਰ ਸਕੇ। ਦੂਜੇ ਪਾਸੇ ਜਦੋਂ ਅਸੀਂ ਘੱਟ ਰੋਸ਼ਨੀ ਵਿੱਚ ਹੁੰਦੇ ਹਾਂ ਤਾਂ ਇਹੀ ਸੁਰਾਖ ਫੈਲ ਜਾਂਦਾ ਹੈ ਤਾਂ ਜੋ ਲੋੜ ਅਨੁਸਾਰ ਰੋਸ਼ਨੀ ਅੱਖ ਅੰਦਰ ਜਾ ਸਕੇ ਅਤੇ ਅਸੀਂ ਘੱਟ ਰੋਸ਼ਨੀ ਵਿੱਚ ਵੀ ਦੇਖ ਸਕੀਏ। ਅੱਖ ਅੰਦਰ ਪੁੱਜੀ ਰੋਸ਼ਨੀ ਅੱਖ ਦੇ ਪਰਦੇ (ਜਿਸ ਨੂੰ ਵਿਗਿਆਨਕ ਭਾਸ਼ਾ ਵਿੱਚ 'ਰੈਟੀਨਾ' ਆਖਦੇ ਹਨ) ਉੱਪਰ ਪੈ ਕੇ ਪ੍ਰਤੀਬਿੰਬ ਬਣਾਉਂਦੀ ਹੈ ਤੇ ਅਸੀਂ ਵਸਤੂ ਨੂੰ ਦੇਖ ਸਕਦੇ ਹਾਂ।

ਪੜ੍ਹੋ ਇਹ ਵੀ ਖਬਰ - ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

ਇਹੀ ਕਾਰਨ ਹੈ ਕਿ ਜਦੋਂ ਕਦੇ ਅਸੀਂ ਤੇਜ਼ ਰੋਸ਼ਨੀ ਤੋਂ ਅਚਾਨਕ ਹਨੇਰੇ ਕਮਰੇ ਵਿੱਚ ਦਾਖਲ ਹੁੰਦੇ ਹਾਂ ਤਾਂ ਕੁਝ ਸਕਿੰਟਾਂ ਲਈ ਸਾਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ (ਕਿਉਂਕਿ ਸੁੰਗੜੀ ਹੋਈ ਪੁਤਲੀ ਕਾਰਨ ਪੂਰੀ ਰੋਸ਼ਨੀ ਅੱਖ ਅੰਦਰ ਨਹੀਂ ਜਾ ਸਕਦੀ)। ਇਸੇ ਤਰ੍ਹਾਂ ਰਾਤ ਨੂੰ ਸੜਕ 'ਤੇ ਜਾਂਦਿਆਂ ਜੇਕਰ ਸਾਹਮਣੇ ਤੋਂ ਆ ਰਹੇ ਕਿਸੇ ਵਾਹਨ ਦੀਆਂ ਹੈੱਡ ਲਾਈਟਾਂ ਦੀ ਰੋਸ਼ਨੀ ਸਾਡੀਆਂ ਅੱਖਾਂ ਵਿੱਚ ਪੈ ਜਾਵੇ ਤਾਂ ਅਸੀਂ ਪਲ-ਛਿਨ ਲਈ ਅੰਨ੍ਹੇ ਜਿਹੇ ਹੀ ਹੋ ਜਾਂਦੇ ਹਾਂ। ਇਸ ਕਾਰਨ ਰਾਤਾਂ ਨੂੰ ਸੜਕਾਂ 'ਤੇ ਅਕਸਰ ਦੁਰਘਟਨਾਵਾਂ ਹੋ ਜਾਂਦੀਆਂ ਹਨ। ਇਸੇ ਸਮੱਸਿਆ ਤੋਂ ਬਚਣ ਲਈ ਡਰਾਇਵਰਾਂ ਨੂੰ ਹਦਾਇਤ ਹੁੰਦੀ ਹੈ ਕਿ ਜਦੋਂ ਰਾਤ ਨੂੰ ਸੜਕ 'ਤੇ ਉਨ੍ਹਾਂ ਦੇ ਸਾਹਮਣੇ ਤੋਂ ਕੋਈ ਵਾਹਨ ਨੇੜੇ ਆ ਜਾਵੇ ਤਾਂ ਉਹ ਡਿੱਪਰ ਵਰਤਣ। ਅਜਿਹਾ ਕਰਨ ਨਾਲ ਉਹ ਦੋਵੇਂ ਤਾਂ ਸੁਰੱਖਿਅਤ ਰਹਿੰਦੇ ਹੀ ਹਨ, ਸੜਕ 'ਤੇ ਜਾਂਦਾ ਕੋਈ ਹੋਰ ਰਾਹਗੀਰ ਵੀ ਲਪੇਟ 'ਚ ਆਉਣ ਤੋਂ ਬਚ ਜਾਂਦਾ ਹੈ। 

ਅੱਖ ਦੀ ਪੁਤਲੀ/ਪਿਊਪਿਲ ਦੇ ਇਸੇ ਵਰਤਾਰੇ ਕਾਰਨ ਹੀ ਰਾਤ ਨੂੰ ਸੜਕ 'ਤੇ ਗੱਡੀ ਚਲਾਉਣ ਵਾਲੇ ਡਰਾਇਵਰ ਗੱਡੀ ਦੇ ਅੰਦਰ ਬੱਤੀ ਨਹੀਂ ਜਗਾਉਣ ਦਿੰਦੇ, ਜੇਕਰ ਗੱਡੀ ਦੇ ਅੰਦਰ ਪੂਰਾ ਹਨੇਰਾ ਰਹੇਗਾ ਤਾਂ ਉਨ੍ਹਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਫੈਲੀਆਂ ਰਹਿਣਗੀਆਂ ਅਤੇ ਉਨ੍ਹਾਂ ਨੂੰ ਸੜਕ ਵਧੇਰੇ ਸਾਫ ਦਿਸੇਗੀ, ਕਿਉਂਕਿ ਖੁਦ ਹਨੇਰੇ ਵਿੱਚ ਹੋਣ ਨਾਲ ਬਾਹਰੋਂ ਜ਼ਿਆਦਾ ਰੋਸ਼ਨੀ ਅੱਖਾਂ ਵਿੱਚ ਦਾਖਲ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ - ਆਰਥਿਕ ਪੈਕੇਜ ''ਚੋਂ ਅਖ਼ਬਾਰਾਂ ਦਾ ਆਰਥਿਕ ਸੰਕਟ ਦਰਕਿਨਾਰ ਕਿਉਂ?

ਇਸ ਨੂੰ ਹੋਰ ਜ਼ਿਆਦਾ ਸਮਝਣ ਲਈ ਇੱਕ ਹੋਰ ਉਦਾਹਰਨ ਲੈ ਸਕਦੇ ਹਾਂ। ਜੇਕਰ ਰਾਤ ਨੂੰ ਸਾਡੇ ਸੋਏ ਹੋਣ 'ਤੇ ਕਮਰੇ ਦੀ ਬੱਤੀ ਜਗਾ ਦਿੱਤੀ ਜਾਵੇ ਤੇ ਸਾਡੀ ਅੱਖ ਖੁੱਲ੍ਹ ਜਾਵੇ ਤਾਂ ਰੋਸ਼ਨੀ ਸਾਡੀਆਂ ਅੱਖਾਂ ਨੂੰ ਬਹੁਤ ਜ਼ਿਆਦਾ ਚੁਭਦੀ ਹੈ (ਸੌਂਦੇ ਸਮੇਂ ਬੰਦ ਅੱਖਾਂ ਅੱਗੇ ਹਨੇਰਾ ਹੋਣ ਕਾਰਨ ਪੁਤਲੀ ਫੈਲੀ ਹੋਈ ਹੁੰਦੀ ਹੈ। ਅਚਾਨਕ ਬੱਤੀ ਜਗਾ ਦੇਣ ਨਾਲ ਬਹੁਤ ਸਾਰੀ ਰੋਸ਼ਨੀ ਇਸ ਫੈਲੀ ਹੋਈ ਪੁਤਲੀ ਵਿੱਚ ਦੀ ਅੱਖ ਅੰਦਰ ਦਾਖਲ ਹੋਣ ਲੱਗਦੀ ਹੈ, ਜਿਸ ਕਾਰਨ ਅੱਖਾਂ ਵਿੱਚ ਜਲਣ ਮਹਿਸੂਸ ਹੁੰਦੀ ਹੈ)।

ਰੋਜ਼ਾਨਾ ਦੇਖਿਆ ਇਹੀ ਵਰਤਾਰਾ ਸੂਰਜ ਗ੍ਰਹਿਣ ਨੂੰ ਦੇਖਣ ਲੱਗਿਆਂ ਸਾਡਾ ਮਾਰਗ ਦਰਸ਼ਕ ਬਣਨਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਕਿ ਪੂਰਨ ਸੂਰਜ ਗ੍ਰਹਿਣ ਦੌਰਾਨ ਸੂਰਜ ਦੀ ਰੋਸ਼ਨੀ ਕਾਫੀ ਘਟ ਜਾਂਦੀ ਹੈ - ਐਨੀ ਕਿ ਪੱਤਿਆਂ ਜਾਂ ਫੁੱਲਾਂ ਦੀ ਆਕ੍ਰਿਤੀ ਵਿੱਚ ਪਰਿਵਰਤਨ ਆ ਜਾਂਦਾ ਹੈ ਤੇ ਸ਼ਾਮ ਹੋਈ ਦਾ ਭੁਲੇਖਾ ਪੈਣ ਨਾਲ ਪੰਛੀ ਦਿਨੇ ਹੀ ਆਪਣੇ ਆਲ੍ਹਣਿਆਂ ਵੱਲ ਵਾਪਸ ਮੁੜਣਾ ਸ਼ੁਰੂ ਕਰ ਸਕਦੇ ਹਨ। ਇਸ ਕਾਰਨ ਸਾਡੀਆਂ ਅੱਖਾਂ ਦੀਆਂ ਪੁਤਲੀਆਂ ਵੀ ਇਸ ਸਮੇਂ ਫੈਲੀਆਂ ਹੋਈਆਂ ਹੁੰਦੀਆਂ ਹਨ। ਜੇਕਰ ਅਸੀਂ ਨੰਗੀਆਂ ਅੱਖਾਂ ਨਾਲ ਸੂਰਜ ਗ੍ਰਹਿਣ ਦੇਖ ਰਹੇ ਹੋਈਏ ਅਤੇ ਇਸ ਦੌਰਾਨ ਗ੍ਰਹਿਣ ਰਤਾ ਕੁ ਵੀ ਘਟ ਜਾਵੇ ਤਾਂ ਬਹੁਤ ਜ਼ਿਆਦਾ ਤੇਜ਼ ਰੋਸ਼ਨੀ ਦੀਆਂ ਕਿਰਨਾਂ ਸਾਡੀਆਂ ਅੱਖਾਂ ਵਿੱਚ ਦਾਖਲ ਹੋ ਸਕਦੀਆਂ ਹਨ।

ਪੜ੍ਹੋ ਇਹ ਵੀ ਖਬਰ - ਘਰਵਾਲੀ ਨੇ ਸਹੇਜੀਆਂ ਗੀਤਾਂ ਵਿੱਚ ਚਿੜੀਆਂ ਘਰਵਾਲੇ ਨੇ ਸੰਭਾਲੀਆਂ ਰੁੱਖਾਂ 'ਤੇ ਚਿੜੀਆਂ

ਅਜਿਹਾ ਹੋਣ ਨਾਲ ਸਾਡੀ ਅੱਖ ਦਾ ਪਰਦਾ ਸੜ ਸਕਦਾ ਹੈ ਅਤੇ ਅੰਨ੍ਹਾਪਣ ਹੋ ਸਕਦਾ ਹੈ - ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਵੈਲਡਿੰਗ ਦੀ ਰੋਸ਼ਨੀ ਅਚਾਨਕ ਦੇਖਣ ਨਾਲ ਕਈ ਲੋਕ ਅੱਖਾਂ ਦੀ ਜੋਤੀ ਗੁਆ ਬੈਠਦੇ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਫਿਰ ਇੱਕ ਆਮ ਵਿਅਕਤੀ/ਵਿਦਿਆਰਥੀ ਸੂਰਜ ਗ੍ਰਹਿਣ ਨੂੰ ਦੇਖ ਸਕਦਾ ਹੈ ਜਾਂ ਨਹੀਂ? ਉੱਤਰ ਹੈ - ਇੱਕ ਆਮ ਵਿਅਕਤੀ/ਵਿਦਿਆਰਥੀ ਸੂਰਜ ਗ੍ਰਹਿਣ ਨੂੰ ਬਿਲਕੁਲ ਦੇਖ ਸਕਦਾ ਹੈ। ਬਸ, ਇਸ ਕੰਮ ਲਈ ਕਿਸੇ ਵਿਗਿਆਨ ਅਧਿਆਪਕ/ਕਾਰਜਕਰਤਾ ਦੀ ਮਦਦ ਲਈ ਜਾਣੀ ਚਾਹੀਦੀ ਹੈ। 

ਖਿਆਲ ਰਹੇ ਸੂਰਜ ਗ੍ਰਹਿਣ ਨੂੰ ਸਿੱਧਿਆਂ ਬਿਲਕੁਲ ਵੀ ਨਹੀਂ ਦੇਖਣਾ। ਇੱਕ ਸੁਰੱਖਿਅਤ ਤਰੀਕਾ ਹੈ - ਸੂਈ-ਛੇਦ/ਪਿੰਨ-ਹੋਲ ਕੈਮਰੇ ਰਾਹੀਂ ਦੇਖਣਾ। ਇਸ ਲਈ ਘਰ ਵਿੱਚ ਆਮ ਮਿਲਦੀ ਕੋਈ ਵੀ ਖਾਲੀ ਡੱਬੀ ਕੰਮ ਸਾਰ ਸਕਦੀ ਹੈ। ਇਸੇ ਤਰ੍ਹਾਂ ਇੱਕ ਆਮ ਗੇਂਦ ਤੇ ਸ਼ੀਸ਼ੇ ਦੇ ਇੱਕ ਛੋਟੇ ਟੁਕੜੇ ਨਾਲ 'ਸਨ ਪ੍ਰਾਜੈਕਟਰ' ਤਿਆਰ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਨਾਲ-ਨਾਲ ਹੁਣ ਮਲੇਰੀਆ ਵੀ ਬਣ ਸਕਦਾ ਹੈ ਅਗਲੀ ਘਾਤਕ ਬੀਮਾਰੀ (ਵੀਡੀਓ)

ਇਸ ਤੋਂ ਇਲਾਵਾ ਵਿਸ਼ੇਸ਼ ਸੋਲਰ ਫਿਲਟਰ ਅਤੇ ਵੈਲਡਿੰਗ ਦੌਰਾਨ ਵਰਤੇ ਜਾਣ ਵਾਲੇ ਕੁਝ ਵਿਸ਼ੇਸ਼ ਸ਼ੀਸ਼ੇ ਵੀ ਸੂਰਜ ਗ੍ਰਹਿਣ ਦੇਖਣ ਲਈ ਵਰਤੇ ਜਾਂਦੇ ਹਨ। ਇਨ੍ਹਾਂ ਬਾਰੇ ਚਰਚਾ ਅਗਲੀ ਕੜੀ ਵਿੱਚ ਕਰਾਂਗੇ।

ਇਸ ਸੂਰਜ ਗ੍ਰਹਿਣ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਹੋਈ ਇੱਕ ਰਾਜ ਪੱਧਰੀ ਮੀਟਿੰਗ ਵਿੱਚ ਕੁਝ ਸ੍ਰੋਤਿਆਂ ਨੇ ਐਕਸ-ਰੇ ਫਿਲਮ, ਸੀ.ਡੀ. ਆਦਿ ਨਾਲ ਸੂਰਜ ਗ੍ਰਹਿਣ ਦੇਖ ਸਕਣ ਬਾਰੇ ਸਵਾਲ ਕੀਤੇ ਜਿਸ ਤੋਂ ਪਤਾ ਲੱਗਦਾ ਹੈ ਕਿ ਕਿਤੇ-ਕਿਤੇ ਅਜਿਹੀਆਂ ਭ੍ਰਾਂਤੀਆਂ ਵੀ ਸਾਡੇ ਲੋਕਾਂ ਵਿੱਚ ਹਨ। ਧਿਆਨ ਦੇਣ ਵਾਲੀ ਗੱਲ ਹੈ ਕਿ ਐਕਸ-ਰੇ ਫਿਲਮ, ਸੀ.ਡੀ., ਖੜ੍ਹੇ ਪਾਣੀ, ਸ਼ੀਸ਼ੇ ਦੀ ਲਿਸ਼ਕੋਰ, ਦੂਰਬੀਨ ਜਾਂ ਹੋਰ ਕਿਸੇ ਅਜਿਹੀ ਤਕਨੀਕ, ਜਿਸ ਦੀ ਮਾਹਿਰਾਂ ਵੱਲੋਂ ਸਿਫਾਰਿਸ਼ ਨਾ ਕੀਤੀ ਗਈ ਹੋਵੇ, ਦੀ ਵਰਤੋਂ ਕਰਕੇ ਸੂਰਜ ਗ੍ਰਹਿਣ ਦੇਖਣ ਦਾ ਖਤਰਾ ਨਹੀਂ ਉਠਾਉਣਾ ਚਾਹੀਦਾ। ਯਾਦ ਰੱਖਣਾ ਬਣਦਾ ਹੈ ਕਿ ਅੱਖਾਂ ਸਰੀਰ ਦਾ ਬਹੁਤ ਕੋਮਲ ਅਤੇ ਜ਼ਰੂਰੀ ਅੰਗ ਹਨ – ਇਨ੍ਹਾਂ ਪ੍ਰਤੀ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। 

ਪੜ੍ਹੋ ਇਹ ਵੀ ਖਬਰ - ਹੱਥਾਂ-ਪੈਰਾਂ ਦੀ ਸੋਜ ਨੂੰ ਘੱਟ ਕਰਦੈ ‘ਕੜੀ ਪੱਤਾ’, ਅੱਖਾਂ ਲਈ ਵੀ ਹੈ ਗੁਣਕਾਰੀ

ਬਸ, ਇੱਕ ਗੱਲ ਹੋਰ – ਸੂਰਜ ਗ੍ਰਹਿਣ ਦੌਰਾਨ ਸੂਰਜ ਤੋਂ ਕੋਈ ਵੀ ਵਿਸ਼ੇਸ਼ ਕਿਰਨਾਂ ਆਦਿ ਨਹੀਂ ਨਿੱਕਲਦੀਆਂ ਜਿਨ੍ਹਾਂ ਕਾਰਨ ਸੂਰਜ ਗ੍ਰਹਿਣ ਵੇਲੇ ਬਾਹਰ ਨਿੱਕਲਣਾ ਜਾਂ ਗ੍ਰਹਿਣ ਨੂੰ ਦੇਖਣਾ ਖਤਰਨਾਕ ਹੋਵੇ। ਗ੍ਰਹਿਣ ਵੇਲੇ ਤਾਂ ਸਗੋਂ ਸੂਰਜ ਦੀ ਅੱਧ-ਅਧੂਰੀ ਰੋਸ਼ਨੀ ਹੀ ਧਰਤੀ 'ਤੇ ਪਹੁੰਚਦੀ ਹੈ। ਫਿਰ ਵੀ ਸੂਰਜ ਗ੍ਰਹਿਣ ਦੇਖਣਾ ਜਾਂ ਨਹੀਂ ਦੇਖਣਾ ਹਰ ਕਿਸੇ ਦਾ ਨਿੱਜੀ ਫੈਸਲਾ ਹੈ।

ਡਾ. ਸੁਰਿੰਦਰ ਕੁਮਾਰ ਜਿੰਦਲ, 
ਮੋਹਾਲੀ
ਮੋ. 98761-35823
ਈ ਮੇਲ: drskjindal123@gmail.com

PunjabKesari

ਆਉਂਦੀ 21 ਜੂਨ ਨੂੰ ਲੱਗ ਰਹੇ ਵੱਡੇ ਸੂਰਜ ਗ੍ਰਹਿਣ ਦੇ ਮੱਦੇਨਜ਼ਰ ਅਸੀਂ ਆਪਣੇ ਪਾਠਕਾਂ ਲਈ ਛੋਟੇ-ਛੋਟੇ ਲੇਖਾਂ ਦੀ ਇੱਕ ਲੜੀ ਪ੍ਰਕਾਸ਼ਿਤ ਕਰ ਰਹੇ ਹਾਂ ਜਿਸ ਰਾਹੀਂ ਇਸ ਅਦਭੁਤ ਖਗੋਲੀ ਘਟਨਾ ਦੇ ਵਿਭਿੰਨ ਪਹਿਲੂਆਂ 'ਤੇ ਚਾਨਣਾ ਪਾਇਆ ਜਾ ਰਿਹਾ ਹੈ। ਅੱਜ ਦੀ ਚੌਥੀ ਕੜੀ ਤੋਂ ਬਾਅਦ 5ਵੀ ਕੜੀ ਤੁਸੀਂ ਅਗਲੇ ਸ਼ੁੱਕਰਵਾਰ ਪੜ੍ਹ ਸਕਦੇ ਹੋ...


rajwinder kaur

Content Editor

Related News