ਸਵੈ-ਨਿਰਭਰਤਾ ਦਾ ਮਾਰਗ ਦਰਸ਼ਕ ‘ਅਣਥੱਕ ਪੇਂਡੂ ਔਰਤਾਂ’

6/2/2020 5:53:11 PM

ਅਤੀਤ ਅਤੇ ਵਰਤਮਾਨ ਦੇ ਫਾਸਲੇ ਨੇ ਸਾਡੇ ਸੱਭਿਆਚਾਰ ਨੂੰ ਕੀ ਤੋਂ ਕੀ ਬਣਾ ਦਿੱਤਾ ਹੈ। ਇਹ ਉਹ ਸੱਭਿਆਚਾਰ ਹੈ, ਜਿਸਦੇ ਸਦਕਾ ਪੰਜਾਬ ਦਾ ਨਾਮ ਪੂਰੇ ਵਿਸ਼ਵ ਵਿੱਚ ਜਾਣਿਆ ਜਾਂਦਾ ਹੈ ਪਰ ਸਮੇਂ ਦੀ ਚਾਲ ਨਾਲ ਲੋਕਾਂ ਦੇ ਵਿਚਾਰਾਂ ਵਿੱਚ ਪੱਛਮੀ ਸੱਭਿਆਚਾਰ ਦੇ ਘਰ ਕਰ ਜਾਣ ਕਾਰਨ ਉਨ੍ਹਾਂ ਦੀ ਸਧਾਰਨ ਜ਼ਿੰਦਗੀ ਜਿਊਣ ਦੇ ਵਰਤਾਰੇ ਪ੍ਰਤੀ ਮੁੱਖ ਮੋੜਨ ਦੀ ਪ੍ਰਵਿਰਤੀ ਨੇ ਸਮਾਜਿਕ ਅਤੇ ਸੱਭਿਆਚਾਰਕ ਵਰਤਾਰੇ ਦਾ ਪਤਨ ਕਰ ਦਿੱਤਾ। ਪੰਜਾਬੀ ਵਿਰਾਸਤ ਦੇ ਹੱਥੋਂ ਖੁੱਸ ਜਾਣ ਦਾ ਘਾਟਾ ਅਸੀਂ ਚਾਹ ਕੇ ਵੀ ਪੂਰਾ ਨਹੀਂ ਕਰ ਪਾਵਾਂਗੇ ਪਰ ਇਨ੍ਹਾਂ ਹਾਲਾਤਾਂ ਵਿੱਚ ਸਮਾਜ ਦਾ ਇੱਕ ਅਜਿਹਾ ਵਰਗ ਵੀ ਹੈ, ਜਿਸ ਦੀ ਅਣਥੱਕ ਮਿਹਨਤ ਅਤੇ ਪ੍ਰਤਿਭਾ ਕਰਕੇ ਇਨ੍ਹਾਂ ਵਿਰਾਸਤੀ ਚੀਜ਼ਾਂ ਨੂੰ ਸੰਭਾਲਣ ਵਿੱਚ ਮਦਦ ਮਿਲੀ ਹੈ। ਇਹ ਪਿੰਡਾਂ ਵਿੱਚ ਰਹਿਣ ਵਾਲੀਆਂ ਉਹ ਸੁਆਣੀਆਂ ਹਨ, ਜਿਨ੍ਹਾਂ ਦੀ ਸਮਾਜ ਅਤੇ ਸੱਭਿਆਚਾਰ ਨੂੰ ਸਭ ਤੋਂ ਵੱਧ ਦੇਣ ਹੈ।

ਅੱਜ ਕੋਰੋਨਾ ਦੀ ਇਸ ਮੁਸ਼ਕਲ ਘੜੀ ਵਿੱਚ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਵੈ ਨਿਰਭਰ ਹੋਣ ਦਾ ਸੁਨੇਹਾ ਦਿੱਤਾ ਹੈ। ਇਨ੍ਹਾਂ ਹਾਲਾਤਾਂ ਵਿੱਚ ਸਵੈ-ਨਿਰਭਰਤਾ ਦੇ ਮੁੱਦੇ ਨੇ ਕਿਤੇ ਨਾ ਕਿਤੇ ਪੁਰਾਣੇ ਸਮੇਂ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਇਹ ਉਹ ਸਮੇਂ ਦੀ ਗੱਲ ਹੈ ਜਦ ਪੰਜਾਬ ਵਿੱਚ ਮਸ਼ੀਨੀ ਯੁੱਗ ਨਹੀਂ ਆਇਆ ਸੀ। ਉਹ ਸਮਾਂ ਚੰਗੇ ਹੋਣ ਦੀ ਗਵਾਹੀ ਭਰਦਾ ਸੀ, ਕਿਉਂਕਿ ਪੇਂਡੂ ਤਬਕੇ ਦੇ ਲੋਕ ਖਾਸ ਕਰ ਔਰਤਾਂ ਸਵੈ-ਨਿਰਭਰ ਸਨ ਅਤੇ ਆਪਣੇ ਕਬੀਲਿਆਂ ਵਿੱਚ ਰਹਿ ਕੇ ਉਹ ਹਰ ਇੱਕ ਚੀਜ਼ ਨੂੰ ਹੱਥੀਂ ਸਿਰਜਣ ਵਿੱਚ ਵਿਸ਼ਵਾਸ ਰੱਖਦੀਆਂ ਸਨ। ਅਜੋਕੇ ਵਿਗਿਆਨਕ ਯੁੱਗ ਦੀਆਂ ਮਸ਼ੀਨਾਂ ਦੁਆਰਾ ਬਣੀਆਂ ਵਸਤਾਂ ਦੇ ਮੁਕਾਬਲੇ ਉਨ੍ਹਾਂ ਦਸਤਕਾਰੀਆਂ ਦਾ ਕੋਈ ਮੁਕਾਬਲਾ ਨਹੀਂ ਹੈ।

ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਡੇਅਰੀ ਦੇ ਧੰਦਿਆਂ ਵਿੱਚ ਇਨ੍ਹਾਂ ਘਰੇਲੂ ਔਰਤਾਂ ਦਾ ਅਹਿਮ ਯੋਗਦਾਨ ਹੈ। ਹਾਲਾਂਕਿ ਦੂਜੇ ਸੂਬਿਆਂ ਵਿੱਚ ਇਹ ਕਿਸਾਨ ਔਰਤਾਂ, ਇੱਕ ਮਰਦ ਕਿਸਾਨ ਦੇ ਦੁਆਰਾ ਕੀਤੇ ਜਾਂਦੇ ਹਰ ਕੰਮ ਵਿੱਚ ਸਹਾਈ ਹੁੰਦੀਆਂ ਹਨ। ਪੰਜਾਬ ਵਿੱਚ ਸੱਜਰੇ ਸਵੇਰੇ ਕੁੱਕੜ ਦੀ ਬਾਂਗ ਨਾਲ ਉੱਠ ਖਲ਼ੋਦੀਆਂ, ਚਾਰਾ ਚਰਾਉਂਦੀਆਂ, ਪਸ਼ੂ ਸੰਭਾਲਦੀਆਂ ਅਤੇ ਇਸ ਤੋਂ ਇਲਾਵਾ ਖੇਤੀ ਵਿੱਚ ਵੀ ਹੱਥ ਵਟਾਉਂਦੀਆਂ, ਜਿਸ ਵਿੱਚ ਸਾਉਣੀ ਦੀਆਂ ਫਸਲਾਂ ਵਿੱਚ ਪ੍ਰਮੁੱਖ ਫਸਲ ਨਰਮਾ ਜਾਂ ਕਪਾਹ ਚੁੱਗਣ ਖੁਦ ਜਾਂਦੀਆਂ। ਉਸ ਤੋਂ ਬਾਅਦ ਦੀ ਪ੍ਰਕਿਰਿਆ, ਜੋ ਅੱਜ ਕੱਲ ਦੇ ਸਮੇਂ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਪੁਰਾਣੇ ਸਮੇਂ ਵਿੱਚ ਇਹ ਸੁਆਣੀਆਂ ਪਹਿਲਾਂ ਤਾਂ ਕਪਾਹ ਨੂੰ ਪਿੰਜਦੀਆਂ ਤੇ ਫਿਰ ਉਸ ਦੀਆਂ ਪੂਣੀਆਂ ਬਣਾਉਂਦੀਆਂ। ਫਿਰ ਚਰਖਾ ਕੱਤ ਉਸ ਨੂੰ ਧਾਗੇ ਦਾ ਰੂਪ ਦਿੰਦੀਆਂ। ਜਦ ਧਾਗਾ ਬਣ ਜਾਂਦਾ ਫਿਰ ਉਸ ਤੋਂ ਬਾਅਦ ਖੇਸ ਖੇਸੀਆਂ, ਦਰੀਆਂ, ਚਾਦਰਾਂ, ਮੰਜੇ ਜਾਂ ਕੁਝ ਹੋਰ ਘਰੇਲੂ ਚੀਜ਼ਾਂ ਬਣਾਉਂਦੀਆਂ। ਇਸ ਨੂੰ ਹੋਰ ਅਨੋਖਾ ਰੂਪ ਦੇਣ ਵਾਸਤੇ ਦਰੀਆਂ ਚਾਦਰਾਂ ਉੱਤੇ ਮੋਰਨੀਆਂ, ਚਿੜੀਆਂ, ਘੁੱਗੀਆਂ, ਕੁੱਕੜੀਆਂ, ਚਿੜੀਆਂ ਅਤੇ ਬਰਫੀ ਕਟ ਪਾਉਣ ਲਈ ਇਨ੍ਹਾਂ ਧਾਗਿਆਂ ਨੂੰ ਅਲੱਗ-ਅਲੱਗ ਰੰਗ ਦਿੰਦੀਆਂ। 

ਇਹ ਸਭ ਕੁਝ ਘਰ ਵਿੱਚ ਧੀ ਜੰਮਣ ਤੋਂ ਹੀ ਸ਼ੁਰੂ ਹੋ ਜਾਂਦਾ ਸੀ। ਧੀ ਵੀ ਆਪਣੀ ਮਾਂ ਦੇ ਨਾਲ ਰਹਿ ਕੇ ਕੰਮ ਕਰਦੀ ਕਰਦੀ ਉਹ ਸਭ ਕੁਝ ਸਿੱਖ ਜਾਂਦੀ ਤਾਂ ਜੋ ਆਪਣੀ ਧੀ ਨੂੰ ਉਹ ਸਭ ਕੁਝ ਦੇ ਸਕੇ। ਇਨ੍ਹਾਂ ਸਭ ਮਨ ਮੋਹ ਲੈਣ ਵਾਲੀਆਂ ਘਰੇਲੂ ਚੀਜ਼ਾਂ ਦੀ ਅੱਜ ਦੀਆਂ ਮਸ਼ੀਨੀ ਵਸਤਾਂ ਚਾਹ ਕੇ ਵੀ ਰੀਸ ਨਹੀਂ ਕਰ ਸਕਦੀਆਂ। ਵਿਆਹ ਤੱਕ ਉਸ ਕੋਲ ਆਪਣੀ ਧੀ ਨੂੰ ਦੇਣ ਲਈ ਸਭ ਕੁਝ ਹੁੰਦਾ, ਜੋ ਉਸ ਨੂੰ ਲੋੜੀਂਦਾ ਹੈ। ਅੱਜ ਕੱਲ ਦੇ ਸਮੇਂ ਵਿਆਹ ਤੋਂ ਕੁਝ ਕੁ ਦਿਨ ਪਹਿਲਾਂ ਘਰ ਸਮਾਨ ਇੱਕਠਾ ਕਰਨਾ ਸ਼ੁਰੂ ਕਰ ਦਿੰਦੀਆਂ ਹਨ, ਜਿਸ ਉੱਪਰ ਖਰਚਾ ਵੀ ਚੋਖਾ ਹੁੰਦਾ ਹੈ। ਇਹ ਸੁਆਣੀਆਂ ਆਪਣੀ ਮਿਹਨਤ ਮੁਸ਼ਕੱਤ ਦਾ ਮੁੱਲ ਦਾਣਿਆਂ ਵਿੱਚ ਵੀ ਲੈਂਦੀਆਂ। ਬੁਣੇ ਹੋਏ ਕੱਪੜੇ ਦੇ ਬਰਾਬਰ ਅਨਾਜ ਵੀ ਲੈ ਲੈਂਦੀਆਂ। ਇਹ ਮਿਹਨਤਾਨਾ ਉਨ੍ਹਾਂ ਦੀ ਕਰੜੀ ਘਾਲਣਾ ਮੁਤਾਬਕ ਭਾਵੇਂ ਘੱਟ ਹੀ ਹੁੰਦਾ ਪਰ ਇਹ ਏਸੇ ਵਿੱਚ ਹੀ ਖੁਸ਼ ਹੁੰਦੀਆਂ ਪਰ ਅਜੋਕੇ ਸਮੇਂ ਇਹ ਕੁੰਭਲਾਂ ਅਤੇ ਖੱਡੀਆਂ ਭਾਲੀਆਂ ਵੀ ਨਹੀਂ ਲੱਭਦੀਆਂ ਪਰ ਇਹ ਸਾਡੀ ਵਿਰਾਸਤ ਦਾ ਸੁੰਦਰ ਨਮੂਨਾ ਹਨ ਅਤੇ ਇਨ੍ਹਾਂ ਦੀ ਬਣਤਰ ਨਾਲ ਹੀ ਅਗਾਂਹਵਧੂ ਮਸ਼ੀਨਾਂ ਬਣੀਆਂ।

ਅੱਜ ਇਨ੍ਹਾਂ ਸੁਆਣੀਆਂ ਨੇ ਜੱਦੀ ਪੁਸ਼ਤੈਨੀ ਕਿੱਤਾ ਛੱਡ ਦਿੱਤਾ ਹੈ। ਇਸ ਤੋਂ ਇਲਾਵਾਂ ਸਾਡੇ ਹੱਥੋਂ ਉਹ ਖੁਸ਼ੀਆਂ, ਜਿਸ ਦਾ ਦੁੱਖਦਾਈ ਦ੍ਰਿਸ਼ ਸਾਡੇ ਵਿਰਾਸਤ ਦੀ ਅਣਹੋਂਦ ਨੂੰ ਦਰਸਾਉਂਦਾ ਹੈ। ਇਨ੍ਹਾਂ ਸਚਿਆਰੀਆਂ ਸਵਾਨੀਆਂ ਦੀ ਅਣਥੱਕ ਮਿਹਨਤ ਅਲੋਪ ਹੁੰਦੀ ਜਾਪਦੀ ਹੈ। ਕਿਉਂ ਅਸੀਂ ਇਨ੍ਹਾਂ ਵਿੱਚ ਮੌਜੂਦ ਪ੍ਰਤਿਭਾ ਨੂੰ ਸਮਝਣ ਵਿੱਚ ਅਣਜਾਣ ਰਹੇ। ਇਨ੍ਹਾਂ ਔਰਤਾਂ ਨੇ ਖੱਡੀਆਂ ਅਤੇ ਕੁੰਭਲਾਂ ਉੱਤੇ ਰਾਤਾਂ ਜਾਗ ਜਾਗ ਮਿਹਨਤਾਂ ਕੀਤੀਆਂ, ਉਹ ਅੱਜ ਉਹਨਾਂ ਪਲਾਂ ਨੂੰ ਚੇਤੇ ਕਰਕੇ ਉਦਾਸ ਹੋ ਜਾਂਦੀਆਂ ਹਨ, ਜਿਨ੍ਹਾਂ ਵਿੱਚ ਅੱਜ ਦੇ ਸਮੇਂ ਵਾਲੀ ਕਾਹਲ ਨਹੀਂ ਸੀ। ਉਹ ਥੋੜੇ ਵਿੱਚ ਗੁਜ਼ਾਰਾ ਕਰਕੇ ਵੀ ਖੁਸ਼ ਸਨ।  ਇਹ ਸੁਆਣੀਆਂ ਪ੍ਰਤਿਭਾ ਦਾ ਅਨੋਖਾ ਰੂਪ ਹਨ ਜਿਸ ਨੂੰ ਅੱਜ ਕੱਲ ਦੇ ਲੋਕਾਂ ਦੁਆਰਾ ਅਣਦੇਖਾ ਕਰ ਦਿੱਤਾ ਜਾਂਦਾ ਹੈ। ਐਸਾ ਕੋਈ ਵੀ ਪਿੰਡ ਨਹੀਂ ਹੋਵੇਗਾ ਜਿੱਥੇ ਇਸ ਤਰ੍ਹਾਂ ਦੀਆਂ ਅਣਥੱਕ ਮਿਹਨਤੀਆਂ ਔਰਤਾਂ ਨਾ ਮਿਲਣ। ਬਸ ਲੋੜ ਹੈ ਇਨ੍ਹਾਂ ਵਿੱਚ ਹੁਨਰ ਨੂੰ ਪਛਾਨਣ ਦੀ।

ਇਸ ਨੂੰ ਵੇਖਦੇ ਹੋਏ ਕਈ ਗੈਰ-ਸਰਕਾਰੀ ਸੰਗਠਨ ਅਤੇ ਸਵੈ ਸੇਵੀ ਸੰਸਥਾਵਾਂ ਇਨ੍ਹਾਂ ਔਰਤਾਂ ਨੂੰ ਰੁਜ਼ਗਾਰ ਦੇ ਵਸੀਲੇ ਪ੍ਰਦਾਨ ਕਰਨ ਲਈ ਜਾਂ ਇਨ੍ਹਾਂ ਨੂੰ ਸਵੈ ਨਿਰਭਰ ਬਣਾਉਣ ਲਈ ਉਤਸ਼ਾਹਿਤ ਕਰਦੇ ਹਨ। ਜਿਸ ਦੇ ਨਾਲ ਇਨ੍ਹਾਂ ਦੀ ਪ੍ਰਤਿਭਾ ਨੂੰ ਹੋਰ ਨਿਖਾਰ ਹੀ ਨਹੀਂ ਮਿਲਦਾ ਬਲਕਿ ਇਸਦੇ ਨਾਲ ਨਾਲ ਕਈ ਹੋਰ ਔਰਤਾਂ ਦੇ ਲਈ ਰੁਜ਼ਗਾਰ ਦੇ ਕਈ ਵਸੀਲੇ ਉਤਪੰਨ ਹੁੰਦੇ ਹਨ। ਇਸ ਵਿੱਚ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਦੁਆਰਾ ਸਥਾਪਤ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਮੌਜੂਦ ਸਾਇੰਸਦਾਨਾਂ ਦਾ ਵੀ ਅਹਿਮ ਯੋਗਦਾਨ ਹੈ, ਜਿਨ੍ਹਾਂ ਦੁਆਰਾ ਸਮੇਂ-ਸਮੇਂ ਤੇ ਸਿਖਲਾਈ ਕੋਰਸ ਕਰਵਾ ਕੇ ਇਨ੍ਹਾਂ ਵਿਰਾਸਤੀ ਕਿੱਤਿਆਂ ਨੂੰ ਹੋਰ ਪ੍ਰਫੁੱਲਤ ਕੀਤਾ ਜਾਂਦਾ ਹੈ। ਅੱਜ ਦੇ ਅਜੋਕੇ ਸਮਿਆਂ ਵਿੱਚ ਪ੍ਰਸ਼ਾਸਨ ਨੂੰ ਇਨ੍ਹਾਂ ਲੋਕਾਂ ਦੀ ਅੰਦਰੂਨੀ ਯੋਗਤਾ ਦੇ ਅਨੁਸਾਰ ਰੁਜ਼ਗਾਰ ਦੇ ਵਸੀਲੇ ਉਤਪੰਨ ਕਰਨੇ ਚਾਹੀਦੇ ਹਨ ਤਾਂ ਜੋ ਆਪਣੀ ਅਲੋਪ ਹੋ ਰਹੀ ਇਸ ਵਿਰਾਸਤ ਨੂੰ ਬਚਾਉਣ ਦੇ ਨਾਲ ਨਾਲ ਉਹ ਮਿਹਨਤੀ ਕਿਰਤੀ ਆਪਣੀ ਨਿੱਜੀ ਜ਼ਿੰਦਗੀ ਵਿੱਚ ਬਣਦੀ ਖੁਸ਼ੀ ਹਾਸਿਲ ਕਰ ਸਕਣ।

ਸੰਨੀ ਕੁਮਾਰ, ਖੋਜਕਰਤਾ, ਪੀ. ਏ. ਯੂ., ਲੁਧਿਆਣਾ
ਮੋ. 97802-74741ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur