ਵਿਅੰਗ: ਰਾਜਨੀਤੀ ''ਚ ਮਕਬੂਲ ਹੋ ਰਿਹੈ ਨਵਾਂ ਸ਼ਬਦ ''ਮਿਸਗਾਈਡਡ ਮਿਜ਼ਾਈਲ''

Sunday, Nov 07, 2021 - 05:39 PM (IST)

ਵਿਅੰਗ: ਰਾਜਨੀਤੀ ''ਚ ਮਕਬੂਲ ਹੋ ਰਿਹੈ ਨਵਾਂ ਸ਼ਬਦ ''ਮਿਸਗਾਈਡਡ ਮਿਜ਼ਾਈਲ''

ਦੇਸ਼ ਦੀ ਰਾਜਨੀਤੀ ਨੇ ਇਕ ਨਵਾਂ ਨਾਮ ਜਨਮਿਆ ਹੈ ‘ਮਿਸਗਾਈਡਡ ਮਿਜ਼ਾਈਲ’। ਵਿਗਿਆਨ ਨਾਲ ਜੁੜਿਆ ਇਹ ਸ਼ਬਦ ਦੇਸੀ ਫਾਰਮੂਲੇ ਨਾਲ ਜੋੜ ਦਿੱਤਾ ਗਿਆ ਹੈ । ਉਂਝ ਭਾਵੇਂ ਸਾਡੇ ਲੀਡਰਾਂ ਨੇ ਦੇਸ਼ ਦੇ ਵਿਕਾਸ ਲਈ ਕੋਈ ਵਿਗਿਆਨਕ ਤਰੱਕੀ ਨਾ ਲਿਆਂਦੀ ਹੋਵੇ ਨਾ ਹੀ ਲੋਕਾਂ ਨੂੰ ਖ਼ੁਸ਼ ਕਰਨ ਲਈ ਕੋਈ ਖੁਸ਼ਹਾਲੀ ਵਾਲਾ ਕਾਰਜ ਕੀਤਾ ਹੋਵੇ ਪਰ ਇਕ ਲੀਡਰ ਦੂਜੇ ਲੀਡਰ ਨੂੰ ਚਿੜ੍ਹਾਉਣ ਲਈ ਉਨ੍ਹਾਂ ਨੂੰ ਕਾਮੇਡੀਨੁਮਾ ਨਾਮ ਦੇ ਕੇ ਲੋਕਾਂ ਨੂੰ ਹਸਾਉਣ ਦਾ ਕੰਮ ਜ਼ਰੂਰ ਕਰੀ ਜਾ ਰਹੇ ਨੇ । ਇਹ ਲੀਡਰ ਇਸ ਤਰ੍ਹਾਂ ਦੇ ਨਾਮ ਇਕ ਦੂਜੇ  ਲਈ ਵਰਤ ਰਹੇ ਹਨ ਜਿਨ੍ਹਾਂ ਨੂੰ ਸੁਣ ਕੇ ਇਹ ਲੀਡਰ ਘੱਟ ਤੇ ਕਾਮੇਡੀਅਨ ਜ਼ਿਆਦਾ ਨਜ਼ਰ ਆ ਰਹੇ ਹਨ। ਜਿਸ ਲੀਡਰ ਨੇ ‘ਪੱਪੂ’ ਅਤੇ 'ਮੁੰਨੀ ਬਾਈ' ਵਰਗੇ ਨਾਂਵਾਂ ਦਾ ਸਿਆਸੀਕਰਨ ਕੀਤਾ ਸੀ ਉਸ ਲੀਡਰ ਦੇ ਹਿੱਸੇ ਹੁਣ ‘ਮਿਸਗਾਈਡਡ ਮਿਜ਼ਾਈਲ’ ਦਾ ਨਾਮ ਵਿਕਸਿਤ ਹੋ ਗਿਆ ਹੈ। ਹਾਲਾਂਕਿ ਇਹ ਨਾਮ ਵਿਕਸਿਤ ਕਰਨ ਵਾਲੇ ਸਾਡੇ  ਲੀਡਰ ਨੂੰ ਪਹਿਲਾਂ ਹੀ ‘ਹਵਾ 'ਚ ਗੱਲਾਂ ਕਰਨ ਵਾਲਾ’ ਨਾਮ ਦਾ ਖਿਤਾਬ ਮਿਲਿਆ ਹੋਇਆ ਹੈ। ਖ਼ੈਰ , ਆਪਾਂ ਰਾਜਨੇਤਾਵਾਂ ਦੇ ਰੌਲੇ ’ਚ ਪੈ ਕੇ ਕੀ ਲੈਣਾ ! ਆਪਾਂ ਤਾਂ ਗੱਲ ਕਰਦੇ ਸੀ ਮਿਸਗਾਈਡਡ ਮਿਜ਼ਾਈਲ ਦੀ ।

ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਖ਼ੁਲਾਸਾ, ਦੱਸਿਆ ਕਿਉਂ ਦਿੱਲੀ ਹਵਾਈ ਅੱਡੇ ਨਹੀਂ ਜਾਂਦੀਆਂ ਪੰਜਾਬ ਸਰਕਾਰ ਦੀਆਂ ਬੱਸਾਂ (ਵੀਡੀਓ)

 ਕੁਝ ਸਮਾਂ ਪਹਿਲਾਂ ਅਸੀਂ ਆਪਣੇ ਉਨ੍ਹਾਂ ਦੋਸਤਾਂ ਨੂੰ ‘ਦੇਸੀ ਰਾਕਟ’ ਕਹਿ ਕੇ ਚਿੜ੍ਹਾਇਆ ਕਰਦੇ ਸੀ ਜਿਨ੍ਹਾਂ ਦਾ ਪਤਾ ਨਹੀਂ ਕਿਹੜੇ ਸਮੇਂ ਕਿਸ ਨਾਲ ਭਾਰਤ ਪਾਕਿਸਤਾਨ ਵਾਲਾ ਮੈਚ ਲਾ ਲੈਣ। ਦੇਸੀ ਰਾਕਟ ਇਸ ਕਰਕੇ ਕਿਹਾ ਜਾਂਦਾ ਸੀ ਕਿ ਦੀਵਾਲੀ ਮੌਕੇ ਰਾਕਟ ਚਲਾਉਣ ਦੇ ਸ਼ੌਕੀਨਾਂ ਦੇ ਫੁੱਟੇ ਹੋਏ ਮੂੰਹ ਅਤੇ ਅੱਖਾਂ ਇਹ ਦੱਸ ਦਿੰਦੀਆਂ ਸਨ ਕਿ ਇਹ ਰਾਕਟ ਚਲਾਉਣ ਵਾਲੇ ਦੇ ਮੂੰਹ ’ਤੇ ਹੀ ਜਾ ਵੱਜਾ। ਬਿਲਕੁਲ ਇਸੇ ਤਰ੍ਹਾਂ ਉਹ ਦੋਸਤ ਕਈ ਵਾਰ ਆਪਣੇ ਨਾਲ ਦੇ ਮਿੱਤਰਾਂ ਨਾਲ ਡਾਂਗ ਸੋਟਾ ਕਰ ਲੈਂਦੇ ਸਨ। ਮਿਸਗਾਈਡਡ ਜਾਂ ਫਿਰ ਦੇਸੀ ਰਾਕਟ ਵਰਗੀਆਂ ਸ਼ਖ਼ਸੀਅਤਾਂ ਸਾਡੇ ਘਰ ਤੋਂ ਲੈ ਕੇ ਦੇਸ਼ ਦੇ ਹਰ ਖੇਤਰ ਵਿਚ ਕਿਸੇ ਨਾ ਕਿਸੇ ਰੂਪ ਵਿਚ ਪਾਈਆਂ ਜਾ ਰਹੀਆਂ ਹਨ।  

ਇਹ ਵੀ ਪੜ੍ਹੋ:ਹੈਰਾਨੀਜਨਕ : ‘ਫੈਂਟਨੀਅਲ’ ਦੀ ਓਵਰਡੋਜ਼ ਨਾਲ ਅਮਰੀਕਾ ’ਚ ਹੋਈਆਂ 61,000 ਮੌਤਾਂ

ਹੁਣ ਪਿਛਲੇ ਦਿਨਾਂ ਦੀ ਗੱਲ ਹੈ ਕਿ ਪਿੰਡ ਦੀ ਸੱਥ ਵਿਚ ਬੈਠੇ ਤਾਸ਼ ਖੇਡਦੇ ਬੁਜ਼ਰਗਾਂ ’ਚ ਗੱਲ ਚੱਲੀ ਕਿ ਇਹ ਜੋ ਸਾਡੇ ਲੀਡਰ ਰੌਲਾ ਪਾ ਰਹੇ ਨੇ ਮਿਸਗਾਈਡਡ ਮਿਜ਼ਾਈਲ ਦਾ, ਉਹ ਹੁੰਦੀ ਕੀ ਏ? ਭਾਗ ਸਿੰਘ ਦਾ ਇਹ ਸਵਾਲ ਅਜੇ ਪੂਰਾ ਵੀ ਨਹੀਂ ਸੀ ਹੋਇਆ ਕਿ ਉਸਦੇ ਸਾਥੀਆਂ ਨੇ ਟਿੱਚਰ ਕਰਦੇ ਹੋਏ ਕਿਹਾ , ਅਸੀਂ ਦੱਸਦੇ ਆਂ , ਇਹ ਜੋ ਤੇਰੀ ਘਰਵਾਲੀ ਆ ਨਾ ਮੋਟੋ, ਬਿਲਕੁਲ ਓਸੇ ਤਰ੍ਹਾਂ ਦੀ ਹੁੰਦੀ ਆ ਮਿਸਗਾਈਡਡ ਮਿਜ਼ਾਈਲ। ਵਿਚੋਂ ਹੀ ਕਿਸੇ ਨੇ ਆਖ ਦਿੱਤਾ ਕਿ ਨਾ ਯਾਰ ਇਸ ਤਰ੍ਹਾਂ ਨਾ ਕਹੋ ਸਾਡੀ ਭਾਬੀ ਨੂੰ । ਉਹ ਫਿਰ ਬੋਲੇ ਤੁਸੀਂ ਆਪ ਵੇਖ ਲਓ, ਤਾਸ਼ ਤਾਂ ਇਹ ਕੁੱਟ ਰਿਹੈ ਇਥੇ ਆ ਕੇ ਤੇ ਉਸ ਤਪੀ ਹੋਈ ਨੇ ਗਾਲ੍ਹਾਂ ਸਾਨੂੰ ਕੱਢ ਦੇਣੀਆਂ ਨੇ, ਭਲਾ ਕੋਈ ਪੁੱਛਣ ਵਾਲਾ ਹੋਵੇ ਕਿ ਇਸ ਵਿਚ ਸਾਡਾ ਕੀ ਕਸੂਰ ਹੈ। ਭਾਗ ਸਿੰਘ ਗੁੱਸਾ ਕਰਨ ਦੀ ਥਾਂ ਹੱਸਦਾ ਹੋਇਆ ਬੋਲਿਆ ਸੱਚੀ ਗੱਲ ਆ ਯਾਰ, ਓਹ ਇੱਥੇ ਆ ਕੇ ਥੋਡੇ ’ਤੇ ਮਿਜ਼ਾਇਲ ਬਣ ਕੇ  ਡਿੱਗ ਪੈਂਦੀ ਹੈ ਤੇ ਘਰ ਜਾ ਕੇ ਮੇਰੇ ’ਤੇ ਚੜ੍ਹਾਈ ਕਰ ਦਿੰਦੀ ਹੈ। ਫਿਰ ਓਸ ਨੂੰ ਰੋਕਣ ਜਾਂ ਬੰਦ ਕਰਨ ਵਾਲਾ ਕੋਈ ਵੀ ਬਟਨ ਨਹੀਂ ਹੁੰਦਾ । ਇੰਨੀ ਗੱਲ ਸੁਣ ਕੇ ਇਕ ਹੋਰ ਬੋਲ ਪਿਆ, ਸੱਚ ਕਿਹਾ ਯਾਰ, ਆਹ ਮੇਰੀ ਆਲੀ ਵੀ ਇਕ ਮਿਜ਼ਾਈਲ ਈ ਐ ਪਰ ਓਹ ਮਿਸਗਾਈਡਡ ਨੀ , ਓਹ ਤਾਂ ਸਾਈਲੈਂਟ ਮਿਜ਼ਾਈਲ ਆ। ਬਾਕੀਆਂ ਨੇ ਪੁੱਛਿਆ , ਉਹ ਕਿੱਦਾਂ ਬਈ ? ਮੈਂ ਦੱਸਦਾਂ, ਜਦੋਂ ਕਦੇ ਮੈਂ ‘ ਘੁੱਟ ਪੀ ਕੇ’ ਘਰ ਚਲਾ ਜਾਨੈਂ ਉਹ ਬੋਲਦੀ ਤਾਂ ਕੁਸ਼ ਨੀ ਪਰ ਅੱਖਾਂ ਜਿਹੀਆਂ ਕੱਢ ਕੇ ਰਸੋਈ ਵਿਚੋਂ ਹੀ ਵੇਲਣਾ ਫੇਰ ਤੋਪ ਦੇ ਗੋਲੇ ਵਾਂਗ ਮਾਰਦੀ ਐ। ਇੰਨੀ ਗੱਲ ਸੁਣ ਕੇ ਸਾਰੇ ਜਣੇ ਤਿੜ–ਤਿੜ ਕਰਕੇ ਹੱਸ ਪਏ ਤੇ ਕਹਿਣ ਲੱਗੇ, ਫਿਰ ਤਾਂ ਭਾਈ ‘ਸਾਈਲੈਂਟ’ ਹੋਵੇ ਜਾਂ  ‘ਮਿਸਗਾਈਡਡ’ ਦੋਹੇ ਮਿਜ਼ਾਈਲਾਂ ਖ਼ਤਰਨਾਕ ਹੁੰਦੀਆਂ ਨੇ। 

ਰਾਮਦਾਸ ਬੰਗੜ

ਨੋਟ : ਤੁਹਾਨੂੰ ਇਹ ਵਿਅੰਗ ਕਿਵੇਂ ਦਾ ਲੱਗਾ?ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News