ਸਿੱਖ ਪੰਥ ਦੇ ‘ਮਹਾਨ ਜਰਨੈਲ’ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

06/14/2023 2:52:01 PM

18ਵੀਂ ਸਦੀ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਮਈ 1723 ਈ. ਨੂੰ ਲਾਹੌਰ ਜ਼ਿਲ੍ਹੇ ਦੇ ‘ਈਚੋਗਿਲ’ ਪਿੰਡ ਵਿਚ ਗਿਆਨੀ ਭਗਵਾਨ ਸਿੰਘ ਦੇ ਘਰ ਹੋਇਆ ਸੀ।  ਉਹਨਾਂ  ਦੇ ਦਾਦਾ ਹਰਦਾਸ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕ ਕੇ ਬੰਦਾ ਸਿੰਘ ਬਹਾਦਰ ਦੀ ਫੌਜ ’ਚ ਸ਼ਾਮਲ ਹੋ ਕੇ ਮੁਗ਼ਲਾਂ ਨਾਲ ਲੋਹਾ ਲੈਂਦਿਆਂ ਸਰਹੰਦ, ਸਢੌਰਾ, ਬਜਵਾੜਾ ਤੇ ਰਾਹੋਂ ਦੀ ਲੜਾਈ ਵਿਚ ਹਿੱਸਾ ਲਿਆ। ਜੱਸਾ ਸਿੰਘ ਰਾਮਗੜ੍ਹੀਆ ਦੇ ਪਿਤਾ ਵੀ ਸ. ਭਗਵਾਨ ਸਿੰਘ ਇਕ ਬਹਾਦਰ ਯੋਧਾ ਹੋਣ ਦੇ ਨਾਲ-ਨਾਲ ਸੰਤ ਸੁਭਾਅ ਵਾਲੇ ਵਿਅਕਤੀ ਸਨ ਤੇ ਮਸ਼ਹੂਰ ਧਾਰਮਿਕ ਪ੍ਰਚਾਰਕ ਵੀ ਸਨ।  25 ਸਾਲ ਦੀ ਉਮਰ ਵਿਚ ਆਪ ਦਾ ਵਿਆਹ ਬੀਬੀ ਦਿਆਲ ਕੌਰ ਨਾਲ ਹੋਇਆ ਤੇ ਉਹਨਾਂ ਦੇ ਘਰ ਦੋ ਸਪੁੱਤਰ ਜੋਧ ਸਿੰਘ ਅਤੇ ਵੀਰ ਸਿੰਘ ਪੈਦਾ ਹੋਏ। 

ਜੱਸਾ ਸਿੰਘ ’ਤੇ ਬਚਪਨ ਤੋਂ ਹੀ ਸਿੱਖਾਂ ’ਤੇ ਵਾਪਰ ਰਹੇ ਅਣਮਨੁੱਖੀ ਕਹਿਰ ਦਾ ਅਸਰ ਪੈ ਗਿਆ। ਆਪਣੇ ਵਡੇਰਿਆਂ ਦੀ ਬਹਾਦਰੀ ਭਰੇ ਕਾਰਨਾਮਿਆਂ ਨੇ ਉਹਨਾਂ ਅੰਦਰ ਸਿੱਖੀ ਲਈ ਕੁਰਬਾਨ ਹੋਣ ਦਾ ਜਜ਼ਬਾ ਭਰਿਆ। ਸ. ਜੱਸਾ ਸਿੰਘ ਰਾਮਗੜ੍ਹੀਆ ਗੁਰੀਲਾ ਯੁੱਧ ਦੇ ਮਾਹਿਰ ਸਨ। ਉਨ੍ਹਾਂ ਨੇ ਪਹਿਲੀ ਲੜਾਈ 14 ਸਾਲ ਦੀ ਉਮਰ ਵਿਚ ਆਪਣੇ ਪਿਤਾ ਭਗਵਾਨ ਸਿੰਘ ਦੀ ਪਿੱਠ ਨਾਲ ਪਿੱਠ ਜੋੜ ਕੇ ਨਾਦਰ ਸ਼ਾਹ ਨਾਲ ਲੜੀ। ਇਸ ਲੜਾਈ ਵਿਚ ਜੱਸਾ ਸਿੰਘ ਨੇ ਯੁੱਧ ਕਲਾ ਦੇ ਉਹ ਜੌਹਰ ਦਿਖਾਏ, ਜਿਸ ਨੂੰ ਵੇਖ ਕੇ ਵੱਡੇ-ਵੱਡੇ ਜਰਨੈਲ ਹੈਰਾਨ ਰਹਿ ਗਏ ਪਰ ਇਸ ਲੜਾਈ ਵਿਚ ਉਨ੍ਹਾਂ ਦੇ ਪਿਤਾ ਸ: ਭਗਵਾਨ ਸਿੰਘ ਵੀ ਸ਼ਹੀਦ ਹੋ ਗਏ। ਸਿੱਖ ਪੰਥ ਬਾਰਾਂ ਮਿਸਲਾਂ ਵਿਚ ਵੰਡਿਆ ਹੋਇਆ ਸੀ। ਇਕ ਮਿਸਲ ਜੱਸਾ ਸਿੰਘ ਦੇ ਨਾਂ ’ਤੇ ਰਾਮਗੜ੍ਹੀਆ ਮਿਸਲ ਵਜੋਂ ਜਾਣੀ ਗਈ। ਮਿਸਲਾਂ ਭਾਵੇਂ ਦੁਸ਼ਮਣ ਵਿਰੁੱਧ ਇਕੱਠੀਆਂ ਹੋ ਜਾਂਦੀਆਂ ਸਨ ਪਰ ਇਲਾਕਿਆ ’ਤੇ ਕਬਜ਼ੇ ਕਰਨ ਲਈ ਇਨ੍ਹਾਂ ਵਿਚ ਆਪਸੀ ਲੜਾਈਆਂ ਵੀ ਹੁੰਦੀਆਂ ਰਹਿੰਦੀਆਂ। 

ਜੱਸਾ ਸਿੰਘ ਰਾਮਗੜ੍ਹੀਆ ਦੀ ਮਿਸਲ ਦੀ ਲੜਾਈ ਜੱਸਾ ਸਿੰਘ ਆਹਲੂਵਾਲੀਆ ਦੀ ਮਿਸਲ ਨਾਲ ਅਕਸਰ ਹੁੰਦੀ ਰਹਿੰਦੀ ਸੀ। ਆਪਸੀ ਲੜਾਈ ਦਾ ਜੱਸਾ ਸਿੰਘ ਰਾਮਗੜ੍ਹੀਆ ਨੂੰ ਕਈ ਵਾਰ ਖਮਿਆਜ਼ਾ ਵੀ ਭੁਗਤਣਾ ਪਿਆ ਸੀ। ਅਕਤੂਬਰ 1748 ਈ. ਵਿਚ ਜਦੋਂ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਵਿਚ ਸਰਬੱਤ ਖ਼ਾਲਸਾ ਜੁੜਿਆ ਤਾਂ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਨੇ ਸਿੱਖਾਂ ਨੂੰ ਖਦੇੜਨ ਲਈ ਅੰਮ੍ਰਿਤਸਰ ਉਤੇ ਹਮਲਾ ਕਰ ਦਿੱਤਾ। ਬਹੁਤੇ ਸਿੱਖ ਨੇੜਲੇ ਜੰਗਲ ਵੱਲ ਖਿਸਕ ਗਏ ਪਰ ਲਗਭਗ 500 ਸਿੱਖਾਂ ਨੇ ਨਵੀਂ ਬਣੀ ਰਾਮ ਰੌਣੀ ਨਾਂ ਦੀ ਕੱਚੀ ਗੜ੍ਹੀ ਵਿਚ ਸ਼ਰਨ ਲੈ ਲਈ। ਮੁਗ਼ਲ ਸੈਨਾ ਨੇ ਚਾਰ ਮਹੀਨੇ ਘੇਰਾ ਪਾਈ ਰੱਖਿਆ, ਜਿਸ ਵਿਚ ਲਗਭਗ 200 ਸਿੰਘ ਸ਼ਹੀਦ ਹੋ ਗਏ। ਬਾਕੀ ਬਚੇ ਅੰਦਰਲਿਆਂ ਸਿੰਘਾਂ ਨੇ ਸ. ਜੱਸਾ ਸਿੰਘ ਨੂੰ ਮਦਦ ਲਈ ਕਿਹਾ। ਜੱਸਾ ਸਿੰਘ ਨੇ ਦੀਵਾਨ ਕੌੜਾ ਮੱਲ ਰਾਹੀਂ ਗੜ੍ਹੀ ਦਾ ਘੇਰਾ ਹਟਵਾਇਆ।

ਨਵੰਬਰ, 1753 ਈ. ਵਿਚ ਮੀਰ ਮੰਨੂ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਅਰਾਜਕਤਾ ਪਸਰ ਗਈ। ਸਿੱਖਾਂ ਨੇ ਆਪਣੀ ਸ਼ਕਤੀ ਸੰਗਠਿਤ ਕਰਨੀ ਸ਼ੁਰੂ ਕਰ ਦਿੱਤੀ। ‘ਰਾਮ ਰੌਣੀ’ ਗੜ੍ਹੀ ਨੂੰ ਫਿਰ ਤੋਂ ਉਸਾਰਨ ਦਾ ਕੰਮ ਜੱਸਾ ਸਿੰਘ ਨੂੰ ਸੌਂਪਿਆ ਗਿਆ। ਉਨ੍ਹਾਂ ਇਸ ਗੜ੍ਹੀ ਦਾ ਨਿਰਮਾਣ ਕਰਾ ਕੇ ਉਸ ਦਾ ਨਾਂ ‘ਰਾਮਗੜ੍ਹ’ ਰੱਖਿਆ। ਉਸ ਦਿਨ ਤੋਂ ਇਸ ਨੂੰ ‘ਰਾਮਗੜ੍ਹੀਆ’ ਕਿਹਾ ਜਾਣ ਲੱਗਾ ।

ਸਤੰਬਰ 1758 ਈ. ਵਿਚ ਅਦੀਨਾ ਬੇਗ ਦੀ ਮੌਤ ਤੋਂ ਬਾਅਦ ਜੱਸਾ ਸਿੰਘ ਨੇ ਜੈ ਸਿੰਘ ਨਾਲ ਮਿਲ ਕੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਵਿਚਾਲੇ ਖੇਤਰ ਉਤੇ ਅਧਿਕਾਰ ਕਰ ਲਿਆ। ਹੋਰਾਂ ਮਿਸਲਦਾਰਾਂ ਨਾਲ ਮਿਲ ਕੇ ਉਸ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਹੋਈਆਂ ਕਈ ਲੜਾਈਆਂ ਵਿਚ ਹਿੱਸਾ ਲਿਆ। ਸੰਨ 1770 ਈ. ਵਿਚ ਉਸ ਨੇ ਕਾਂਗੜੇ ਦੀਆਂ ਪਹਾੜੀ ਰਿਆਸਤਾਂ ਤੋਂ ਟੈਕਸ ਵਸੂਲ ਕੇ ਹੁਸ਼ਿਆਰਪੁਰ ਦੇ ਕਈ ਇਲਾਕਿਆਂ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ। ਹੌਲੀ-ਹੌਲੀ ਕਾਫ਼ੀ ਸੈਨਿਕ ਇਕੱਠੇ ਕਰ ਲਏ ਅਤੇ ਹੋਰ ਮਿਸਲਾਂ ਦੇ ਸਰਦਾਰਾਂ ਨਾਲ ਮਿਲ ਕੇ ਦਿੱਲੀ ਅਤੇ ਜਮਨਾ ਪਾਰ ਦੇ ਇਲਾਕਿਆਂ ਉਤੇ ਜਿੱਤਾਂ ਪ੍ਰਾਪਤ ਕੀਤੀਆਂ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਨੂਰਦੀਨ ਦੀ ਸਰਾਂ ਢੁਹਾ ਕੇ ਮੁੜ ਸਰੋਵਰ ਦੀ ਪਰਿਕਰਮਾ ਪੱਕੀ ਕਰਵਾ ਕੇ ਗੁਰਵਾਕ ਨੂੰ ਪੂਰਾ ਕੀਤਾ ਸੀ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਬਾਬਾ ਅਟੱਲ ਸਾਹਿਬ ਦੀ ਉਸਾਰੀ ਸ਼ੁਰੂ ਕੀਤੀ, ਜਿਸ ਨੂੰ ਬਾਅਦ ਵਿਚ ਆਪ ਜੀ ਦੇ ਸਪੁੱਤਰ ਬਾਬਾ ਜੋਧ ਸਿੰਘ ਜੀ ਨੇ ਪੂਰਾ ਕੀਤਾ। ਉਨ੍ਹਾਂ ਨੇ ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਸਮੇਂ ਬਾਕੀ ਸਿੱਖ ਸਰਦਾਰਾਂ ਨਾਲ ਮਿਲ ਕੇ ਮੁਗਲਾਂ ਦੇ ਦੰਦ ਖੱਟੇ ਕੀਤੇ।

ਅਕਤੂਬਰ 1783 ਈ. ਵਿਚ ਜੱਸਾ ਸਿੰਘ ਆਹਲੂਵਾਲੀਆ ਦੇ ਦਿਹਾਂਤ ਤੋਂ ਬਾਅਦ ਦਲ ਖ਼ਾਲਸਾ ਵਿਚ ਤ੍ਰੇੜਾਂ ਪੈ ਗਈਆਂ। ਜੈ ਸਿੰਘ ਕਨ੍ਹੀਆ ਅਤੇ ਮਹਾ ਸਿੰਘ ਸ਼ੁਕਰਚੱਕੀਆ ਆਪਸ ਵਿਚ ਲੜ ਪਏ। ਮਹਾਂ ਸਿੰਘ ਨੇ ਜੱਸਾ ਸਿੰਘ ਨੂੰ ਪੰਜਾਬ ਵਾਪਸ ਬੁਲਾ ਲਿਆ। ਦੋਹਾਂ ਨੇ ਮਿਲ ਕੇ ਸੰਨ 1787 ਈ. ਵਿਚ ਜੈ ਸਿੰਘ ਕਨ੍ਹਈਆ ਦੇ ਬਟਾਲਾ ਵਿਚਲੇ ਕਿਲ੍ਹੇ ਉਤੇ ਹਮਲਾ ਕੀਤਾ। ਜੈ ਸਿੰਘ ਹਾਰ ਗਿਆ ਅਤੇ ਉਸ ਦਾ ਪੁੱਤਰ ਗੁਰਬਖ਼ਸ਼ ਸਿੰਘ ਮਾਰਿਆ ਗਿਆ। ਇਸ ਤਰ੍ਹਾ ਜੱਸਾ ਸਿੰਘ ਨੇ ਖੋਹੇ ਹੋਏ ਆਪਣੇ ਸਾਰਿਆਂ ਇਲਾਕਿਆਂ ਉਤੇ ਫਿਰ ਤੋਂ ਅਧਿਕਾਰ ਕਰ ਲਿਆ। ਹੁਣ ਜੱਸਾ ਸਿੰਘ ਰਾਮਗੜ੍ਹੀਆ ਨੇ ਸ਼ੁਕਰਚੱਕੀਆ ਮਿਸਲ ਵੱਲ ਦੋਸਤੀ ਦਾ ਹੱਥ ਵਧਾਇਆ ਤੇ ਦੋਹਾਂ ਨੇ ਮਿਲ ਕੇ ਕਨ੍ਹਈਆ ਮਿਸਲ ਦੀ ਤਾਕਤ ਦਾ ਖ਼ਾਤਮਾ ਕਰ ਦਿੱਤਾ ਅਤੇ ਕਈ ਇਲਾਕੇ ਜਿੱਤੇ। ਇਸ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਨੇ 14 ਸਾਲ ਦੀ ਉਮਰ ਤੋਂ 80 ਸਾਲ ਦੀ ਉਮਰ ਤੱਕ ਪੰਜਾਬ ਵਿਚ ਪੰਜਾਬੀਆਂ ਅਤੇ ਸਿੱਖਾਂ ਦਾ ਰਾਜ ਕਾਇਮ ਕੀਤਾ। 

ਜੱਸਾ ਸਿੰਘ ਰਾਮਗੜ੍ਹੀਆ ਦਾ ਦਿਹਾਂਤ 80 ਸਾਲ ਦੀ ਉਮਰ ਵਿਚ 20 ਅਪ੍ਰੈਲ 1803 ਈ. ਨੂੰ ਸ੍ਰੀ ਹਰਿਗੋਬਿੰਦਪੁਰ ਵਿਚ ਹੋਇਆ। ਸੰਨ 1965 ਈ. ਵਿਚ ਉਨ੍ਹਾਂ ਦੇ ਸਿੰਘਪੁਰਾ (ਜ਼ਿਲ੍ਹਾ ਹੁਸ਼ਿਆਰਪੁਰ) ਸਥਿਤ ਕਿਲ੍ਹੇ ਦੀ ਨਿਸ਼ਾਨਦੇਹੀ ਕਰਕੇ ਸਮਾਰਕ (ਯਾਦਗਾਰ)  ਤਿਆਰ ਕੀਤੀ ਗਈ ਹੈ। ਸਿੱਖ ਪੰਥ ਇਸ ਪੂਰੇ ਸਾਲ ਆਪ ਜੀ ਦੀ ਜਨਮ ਸ਼ਤਾਬਦੀ ਮਨਾ ਰਿਹਾ ਹੈ। ਸਿੱਖ ਪੰਥ ਦੇ ਮਹਾਨ ਜਰਨੈਲ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ।

ਅਵਤਾਰ ਸਿੰਘ ਆਨੰਦ
ਹੁਸ਼ਿਆਰ ਨਗਰ, ਅੰਮ੍ਰਿਤਸਰ 


rajwinder kaur

Content Editor

Related News