ਬੜੀ ਚੇਤੇ ਆਉਂਦੀ ਏ, ਬੇਬੇ ਦੀ ਉਹ ਹੱਥ ਚੱਕੀ
Tuesday, Feb 12, 2019 - 04:14 PM (IST)

ਇਹ ਸੱਚ ਹੈ ਕਿ ਪ੍ਰਮਾਤਮਾ ਨੇ ਹੀ ਇਨਸਾਨ ਦੀ ਜ਼ਿੰਦਗੀ ਨੂੰ ਮੁੱਖ ਤੌਰ ਤੇ ਤਿੰਨ ਅਵਸਥਾਵਾਂ ਵਿਚ ਵੰਡਿਆ ਹੋਇਆ ਹੈ ਜਿਵੇਂ ਬਚਪਨ, ਜਵਾਨੀ ਅਤੇ ਬੁਢਾਪਾ। ਮਨੁੱਖ ਲਈ ਇਹਨਾਂ ਤਿੰਨਾ ਅਵਸਥਾਵਾਂ ਵਿਚ ਤਜ਼ਰਬਾ ਵੀ ਵੱਖ ਵੱਖ ਅਤੇ ਹਾਲਾਤਾਂ ਅਨੁਸਾਰ ਹੀ ਹੁੰਦਾ ਹੈ। ਕਦੇ ਉਸ ਨੂੰ ਦੁੱਖ-
ਸੁੱਖ, ਜਿੰਦਗੀ ਦੇ ਉਤਰਾਅ-ਚੜਾਅ, ਚੰਗੇ-ਮਾੜੇ ਸਮੇਂ ਅਤੇ ਖੁਸ਼ੀਆਂ ਗਮੀਆਂ ਨਾਲ ਨਿਜਿੱਠਣਾ ਪੈਂਦਾ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਉਸਦੇ ਜੀਵਨ ਵਿਚ ਕੋਈ ਅਹਿਮ ਘਟਨਾ ਵਾਪਰਦੀ ਹੈ ਤਾਂ ਉਹ ਪੂਰੀ ਜਿੰਦਗੀ ਲਈ ਅਹਿਮ ਬਣਾ ਕੇ ਰਹਿ ਜਾਂਦੀ ਹੈ।
ਬਚਪਨ ਦਾ ਸਮਾਂ ਤਾਂ ਅਜਿਹਾ ਹੁੰਦਾ ਹੈ ਕਿ ਉਸ ਸਮੇਂ ਬੱਚੇ ਨੂੰ ਅਨੰਦ ਤੋਂ ਬਿਨਾਂ ਕੁਝ ਨਜ਼ਰ ਹੀ ਨਹੀਂ ਆਉਂਦਾ, ਨਾ ਕੰਮ ਕਾਜ ਦਾ ਬੋਝ, ਨਾ ਕਮਾਉਣ ਦੀ ਚਿੰਤਾ, ਬਸ ਉਪਰੋਂ ਮਾਪਿਆਂ ਕੋਲੋਂ ਪਿਆਰ ਦੀਆਂ ਸੁਗਾਤਾਂ, ਉਸ ਨੂੰ ਇਸ ਤਰ੍ਹਾਂ ਦੀ ਸੋਚ ਦਾ ਮਾਲਕ ਬਣਾ ਦਿੰਦੀਆਂ ਹਨ ਕਿ ਉਹ ਹਰ ਸਮੇਂ ਇਹ ਸੋਚਦਾ ਹੈ ਕਿ ਜਿੰਦਗੀ ਦਾ ਮਤਲਬ ਸੁਨਹਿਰੀ ਸੁੱਖ ਭੋਗਣਾ ਹੈ। ਹਰ ਬੱਚੇ ਦੇ ਜੀਵਨ ਵਿੱਚ ਅਜਿਹਾ ਹੋਣਾ ਸੁਭਾਵਕ ਹੈ। ਸਭ ਤੋਂ ਵੱਧ ਉਸਦੇ ਜੀਵਨ ਵਿਚ ਮਿਠਾਸ ਘੋਲਦਾ ਹੈ- ਮਾਂ ਦਾ ਪਿਆਰ! ਸੰਸਾਰ ਵਿਚ ਇੰਝ ਲਗਦਾ ਹੈ ਕਿ ਮਾਵਾਂ ਹੁੰਦੀਆਂ ਹੀ ਹਨ ਬੱਚਿਆਂ ਨੂੰ ਪਿਆਰ ਬਖਸ਼ਿਸ਼ ਕਰਨ ਲਈ। ਇਕ ਮਾਂ ਲਈ ਉਸਦੇ ਬੱਚੇ ਇੰਨੇ ਪਿਆਰੇ ਹੁੰਦੇ ਹਨ ਕਿ ਉਹ ਉਹਨਾਂ ਦੀ ਦੇਖਭਾਲ, ਪਿਆਰ ਜਿਤਾਉਣ ਅਤੇ ਉਹਨਾਂ ਨੂੰ ਖੁਸ਼ੀ ਪ੍ਰਦਾਨ ਕਰਨ ਲਈ ਸਭ ਕੁਝ ਖੁਸ਼ੀ ਖੁਸ਼ੀ ਕਰਦੀ ਹੈ। ਆਪਣੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਝੱਲਦੀ ਹੋਈ ਮਾਂ ਜਦੋਂ ਆਪਣੇ ਬੱਚੇ ਨੂੰ ਗੋਦ ਵਿੱਚ ਲੈਂਦੀ ਹੈ ਤਾਂ ਉਸ ਨੂੰ ਕਈ ਸਵਰਗਾਂ ਦੇ ਰਹਿਣ ਜਿਹਾ ਅਨੰਦ ਮਿਲਦਾ ਹੈ। ਮਾਂ ਅਤੇ ਬੱਚੇ ਦਾ ਪਿਆਰ ਪ੍ਰਭੂ ਦਾ ਕੋਈ ਅਲੌਕਿਕ ਵਰਤਾਰਾ ਹੈ। ਇਹੀ ਕਾਰਣ ਹੈ ਕਿ ਬਚਪਨ ਵਿਚ ਮਾਂ ਦੀ ਗੋਦ ਵਿੱਚ ਬੈਠ ਕੀਤੀਆਂ ਅਠਖੇਲੀਆਂ ਅਤੇ ਮਾਂ ਵੱਲੋਂ ਮਿਲਿਆ ਪਿਆਰ ਮਨੁੱਖ ਕਿਸੇ ਵੀ ਕੀਮਤ ਤੇ ਸਾਰੀ ਉਮਰ ਨਹੀਂ ਭੁੱਲ ਸਕਦਾ।
ਮੇਰੇ ਜੀਵਨ ਵਿਚ ਵੀ ਕੁਝ ਅਜਿਹਾ ਹੀ ਹੋਇਆ ਜਿਸ ਤਰ੍ਹਾਂ ਆਮ ਬੱਚਿਆਂ ਦੇ ਬਚਪਨ ਵਿਚ ਹੁੰਦਾ ਹੈ। ਮਾਂ ਦੇ ਪਿਆਰ ਸਦਕਾ ਮੇਰਾ ਬਚਪਨ ਦਾ ਜੀਵਨ ਵੀ ਬਹੁਤ ਹੀ ਖੁਸ਼ੀਆਂ ਭਰਿਆ ਰਿਹਾ ਹੈ। ਮੇਰੀ ਮਾਂ ਬਿਲਕੁਲ ਅਨਪੜ੍ਹ ਸੀ ਪਰ ਉਸ ਨੇ ਆਪਣੇ ਸਾਰੇ ਬੱਚਿਆਂ ਨੂੰ ਪੜ੍ਹਾਉਣ ਲਈ ਪੂਰੀ ਵਾਹ ਲਗਾਈ। ਉਹ ਮਿਹਨਤ ਦੀ ਮੂਰਤ ਸੀ। ਹਰ ਸਮੇਂ ਕੰਮ ਵਿਚ ਹੀ ਲੱਗੀ ਰਹਿੰਦੀ ਸੀ। ਕਦੇ ਚੌਕਾ-ਚੁੱਲਾ, ਕਦੇ ਪਸ਼ੂਆਂ ਦੀ ਸੰਭਾਲ, ਕਦੇ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਨਾ ਅਤੇ ਘਰ ਦੇ ਹੋਰ ਕੰਮ ਉਸ ਲਈ ਕਦੇ ਮੁਕਦੇ ਹੀ ਨਹੀਂ ਸਨ। ਉਹਨਾਂ ਦਿਨਾਂ ਵਿੱਚ ਔਰਤਾਂ ਲਈ ਘਰ ਦੇ ਕੰਮ ਇੰਨੇ ਹੁੰਦੇ ਸਨ ਕਿ ਤੜਕੇ ਸਵੇਰੇ ਉੱਠ ਕੇ, ਰਾਤ ਨੂੰ ਦੇਰ ਤੱਕ ਔਰਤਾਂ ਘੱਟ ਹੀ ਅਰਾਮ ਕਰਦੀਆਂ ਸਨ।
ਗੱਲ ਉਹਨਾਂ ਸਮਿਆਂ ਦੀ ਹੈ ਜਦੋਂ ਅਜੇ ਪਿੰਡਾਂ ਵਿੱਚ ਕਣਕ ਪੀਸਣ ਲਈ ਮਸ਼ੀਨੀ ਚੱਕੀਆਂ ਨਹੀਂ ਸਨ ਆਈਆਂ। ਘਰਾਂ ਵਿਚ ਆਟਾ ਪੀਸਣ ਲਈ ਔਰਤਾਂ ਨੂੰ ਹੱਥ ਚੱਕੀਆਂ ਤੇ ਹੀ ਆਟਾ ਪੀਸਣਾ ਪੈਂਦਾ ਸੀ ਅਤੇ ਹਰ ਔਰਤ ਲਈ ਇਹ ਹੀ ਸਭ ਤੋਂ ਵੱਡਾ ਕੰਮ ਹੁੰਦਾ ਸੀ। ਸਾਡਾ ਪਰਿਵਾਰ ਵੀ ਇੱਕ ਵੱਡਾ ਪਰਿਵਾਰ ਸੀ, ਇਸ ਲਈ ਮਾਂ ਨੂੰ ਕਾਫੀ ਕਾਫੀ ਸਮਾਂ ਹੱਥ ਚੱਕੀ ਤੇ ਹੀ ਗੁਜਾਰਣਾ ਪੈਂਦਾ ਸੀ। ਪਰ ਉਹ ਕੰਮ ਕਰਦੀ ਕਦੇ ਨਾ ਥਕਦੀ, ਕਦੇ ਨਾ ਅਕਦੀ ਹਾਂ ਪਰ ਜਦੋਂ ਮੈਂ ਬਚਪਨ ਵਿੱਚ ਖੇਡਦਾ-ਖੇਡਦਾ ਥੱਕ ਜਾਂਦਾ ਤਾਂ ਆਰਾਮ ਕਰਨ ਲਈ ਬੇਬੇ ਦੀ ਗੋਦੀ ਭਾਲਦਾ ਪਰ ਉਹ ਸਦਾ ਕਿਸੇ ਨਾ ਕਿਸੇ ਕੰਮ ਵਿੱਚ ਲੱਗੀ ਹੁੰਦੀ। ਜਦੋਂ ਕਦੇ ਉਹ ਹੱਥ ਚੱਕੀ ਤੇ ਆਟਾ ਪੀਸ ਰਹੀ ਹੁੰਦੀ ਤਾਂ ਮੈਂ ਉਸ ਕੋਲ ਜਾ ਰੁਕਦਾ ਅਤੇ ਉਹ ਮੈਨੂੰ ਬੜੇ ਪਿਆਰ ਨਾਲ ਆਪਣੀ ਗੋਦ ਵਿੱਚ ਪਾ, ਚੱਕੀ ਚਲਾਉਂਦੀ ਰਹਿੰਦੀ। ਮੈਂ ਤਾਂ ਪਤਾ ਨਹੀਂ ਕਿਹੜੀ ਦੁਨੀਆਂ ਵਿਚ ਪਹੁੰਚ ਜਾਂਦਾ ਅਤੇ ਉਸ ਚੱਲ ਰਹੀ ਹੱਥ ਚੱਕੀ ਦਾ ਆਨੰਦ ਲੈਂਦਾ। ਇਕ ਪਾਸੇ ਮਾਂ ਦਾ ਪਿਆਰ ਅਤੇ ਦੂਜੇ ਪਾਸੇ ਚੱਕੀ ਦੇ ਚੱਲਣ ਦੀ ਅਵਾਜ਼ ਦੁਨੀਆਂ ਦੇ ਕਿਸੇ ਵੀ ਸੁੱਖ ਤੋਂ
ਉਪਰ ਹੁੰਦੀ।
ਤਾਂ ਹੀ ਤਾਂ ਹੁਣ ਵੱਡੇ ਹੋਣ ਤੇ ਵੀ ਜਦੋਂ ਕਦੇ ਮੈਂ ਇਹ ਗੀਤ ਸੁਣਦਾ ਹਾਂ ਕਿ-
ਮਾਂ ਹੁੰਦੀ ਏ ਮਾਂ-ਵੇ ਦੁਨੀਆਂ ਵਾਲਿਓ......
ਮੇਰੀਆਂ ਅੱਖਾਂ ਮਾਂ ਦੇ ਉਸ ਪਿਆਰ ਨੂੰ ਯਾਦ ਕਰਦੀਆਂ ਨਮ ਹੋ ਜਾਂਦੀਆਂ ਹਨ, ਅਤੇ ਜਦੋਂ ਮਾਂ ਨੂੰ ਯਾਦ ਕਰਦਿਆਂ, ਕੁਝ ਅੱਖਾਂ ਬੰਦ ਕਰਕੇ ਸੋਚਦਾ ਹਾਂ ਤਾਂ ਬੇਬੇ ਕੀ ਉਹ ਹੱਥ ਚੱਕੀ ਚਲਦੀ ਮਹਿਸੂਸ ਹੁੰਦੀ ਹੈ। ਫਿਰ ਸਮੇਂ ਨੇ ਚੱਕਰ ਖਾਂਦਾ ਅਤੇ ਪਿੰਡਾਂ ਵਿੱਚ ਮਸ਼ੀਨੀ ਚੱਕੀਆਂ ਆ ਲੱਗੀਆਂ। ਔਰਤਾਂ ਦਾ ਹੱਥ ਚੱਕੀਆਂ ਤੋਂ ਛੁਟਕਾਰਾ ਹੋ ਗਿਆ। ਬੇਬੇ ਨੇ ਵੀ ਉਹ ਹੱਥ ਚੱਕੀ ਪਾਸੇ ਕਰ ਕੇ ਰੱਖ ਦਿੱਤੀ ਪਿੰਡ ਵਿਚ ਸਭ ਲੋਕਾਂ ਲਈ ਚੱਕੀਆਂ ਲੱਗਣ ਦੀ ਅਥਾਹ ਖੁਸ਼ੀ ਸੀ ਤਾਂ ਹੀ ਸਾਡੇ ਪਿੰਡ ਦਾ ਅਨਪੜ੍ਹ ਚਾਨਣ ਕਵੀਸ਼ਰ ਗਾ ਕੇ ਲੋਕਾਂ ਨੂੰ ਦੱਸਿਆ ਕਰਦਾ ਸੀ-
ਪਿੰਡ ਦੀਆਂ ਗਲੀਆਂ ਹੋ ਗਈਆਂ ਪੱਕੀਆਂ,
ਫਿਰਨੀ ਤੇ ਲੱਗੀਆਂ ਨੇ ਦੋ ਚੱਕੀਆਂ।
ਬੋਰੀ ਰੱਖ, ਪਹਿਲਾਂ ਨੰਬਰ ਲੁਆਈਦਾ,
ਵਾਰੀ ਸਿਰ ਭਾਈ ਆਟਾ ਏ ਪਿਸਾਈ ਦਾ।
ਸੱਚ ਵਿੱਚ ਹੀ ਪਿੰਡ ਦੀਆਂ ਔਰਤਾਂ ਨੂੰ ਬੇਬੇ ਸਮੇਤ ਚੱਕੀਆਂ ਤੋਂ ਛੁੱਟਕਾਰਾ ਮਿਲ ਗਿਆ। ਮੈਂ ਵੀ ਵੱਡਾ ਹੋ ਕੇ ਦੱਸਵੀਂ ਪਾਸ ਕਰਕੇ ਏ.ਐੱਸ.ਕਾਲਜ ਖੰਨਾ ਵਿਖੇ ਬੀ.ਐਸ.ਸੀ. ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਫਿਰ ਉਸੇ ਕਾਲਜ ਵਿੱਚ ਪੜ੍ਹਦਿਆਂ 1966 ਈ: ਵਿੱਚ ਜਦੋਂ ਇਕ ਦਿਨ
ਮੁਰਾਰ ਜੀ ਡਿਸਾਈ ਨੂੰ ਵੋਟਾਂ ਵਿਚ ਹਰਾ ਕੇ ਸ੍ਰੀਮਤੀ ਇੰਦਰਾ ਗਾਂਧੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੀ ਖਬਰ ਕਾਲਜ ਵਿੱਚ ਪਹੁੰਚੀ ਤਾਂ ਕਾਲਜ ਦੇ ਮੁੰਡੇ ਗਾਉਂਦੇ ਫਿਰਨ-
ਚੱਕੀ ਛੁੱਟ ਗਈ, ਚੁੱਲ੍ਹੇ ਨੇ ਛੁੱਟ ਜਾਣਾ,
ਔਰਤਾਂ ਦਾ ਰਾਜ ਆ ਗਿਆ।
ਬਿਲਕੁਲ ਠੀਕ ਸਨ ਉਹ ਮੁੰਡੇ, ਜ਼ਮਾਨਾ ਬੜੀ ਤੇਜੀ ਨਾਲ ਬਦਲਿਆ ਅਤੇ ਬਹੁਤ ਛੇਤੀ ਹੀ ਘਰਾਂ ਵਿਚ ਗੈਸ ਚੁਲ੍ਹੇ ਆ ਗਏ ਅਤੇ ਔਰਤਾਂ ਦਾ ਕੰਮ ਹੋਰ ਵੀ ਸੌਖਾ ਹੋ ਗਿਆ। ਫਿਰ ਜਦੋਂ ਮੈਂ ਚੰਡੀਗੜ੍ਹ ਵਿਖੇ ਸਰਕਾਰੀ ਨੌਕਰੀ ਕਰਨ ਲੱਗਿਆ ਤਾਂ ਮੇਰੀ ਬੇਬੇ ਜੀ ਸਾਡੇ ਪਾਸ ਚੰਡੀਗੜ੍ਹ ਆ ਗਏ ਪਰ ਉਹਨਾਂ ਨੇ ਆਪਣੀ ਮਿਹਨਤ ਦੀ ਆਦਤ ਨਹੀਂ ਛੱਡੀ। ਸਗੋਂ ਆਪਣੀ ਉਮਰ ਦੇ ਅਖੀਰਲੇ ਸਾਲਾਂ ਤੱਕ ਪੜ੍ਹਨਾ ਸਿੱਖਦੀ ਰਹੀ ਅਤੇ ਘਰ ਆਏ ਚਿੱਠੀ ਦੇਣ ਲਈ ਡਾਕੀਏ ਨੂੰ ਕਹਿੰਦੀ, ''ਭਾਈ, ਮੈਂ ਹੁਣ ਦਸਤਖਤ ਕਰੂੰਗੀ'' ਅਤੇ ਉਹ ਬੜੀ ਚੰਗੀ ਤਰ੍ਹਾਂ ਕਾਗਜ ਤੇ ''ਧੰਨ ਕੌਰ'' ਲਿਖ ਦੇਂਦੀ। ਕਿਉਂਕਿ ਮੇਰਾ ਮਹਿਕਮਾ ਵੀ ਸ਼ਾਖਰਤਾ ਨਾਲ ਸਬੰਧ ਰੱਖਦਾ ਸੀ ਇਸ ਲਈ ਮੈਨੂੰ ਤਾਂ ਅਥਾਹ ਖੁਸ਼ੀ ਹੁੰਦੀ। ਅੱਜ ਮਾਂ ਨੂੰ ਗੁਜਰਿਆਂ ਕਈ ਵਰ੍ਹੇ ਹੋ ਗਏ ਹਨ ਪਰ ਉਹਨਾਂ ਦੁਆਰਾ ਦਿੱਤਾ, ਪਿਆਰ, ਮਿਹਨਤ ਭਰੀ ਜਿੰਦਗੀ ਅਤੇ ਲੋਕਾਂ ਪ੍ਰਤੀ ਮਿਲਣ ਵਰਤਨ ਦਾ ਸੁਨੇਹਾ ਅਮਰ ਹੋ ਗਿਆ ਹੈ ਪਰ ਅੱਜ ਵੀ ਜਦੋਂ ਮੈਨੂੰ ਪਿੰਡ ਜਾਣ ਤੇ ਘਰ ਵਿੱਚ ਪਈ ਉਹ ਪੁਰਾਣੀ ਹੱਥ ਚੱਕੀ ਨਜ਼ਰ ਆਉਂਦੀ ਹੈ ਤਾਂ ਮਾਂ ਦੇ ਪਿਆਰ ਲਈ ਮਨ ਕੁਰਲਾ ਉੱਠਦਾ ਹੈ।
ਬਹਾਦਰ ਸਿੰਘ ਗੋਸਲ
ਮੋ: 98764-52223